ਜਲੰਧਰ ਦੇ DC ਦਫ਼ਤਰ ’ਚ ਖੁੱਲ੍ਹੇ ਆਸਮਾਨ ਹੇਠ ਖਿੱਲਰੇ ‘ਸਨਮਾਨ ਤੇ ਪ੍ਰਸ਼ੰਸਾ-ਪੱਤਰ’

Monday, Apr 21, 2025 - 03:47 PM (IST)

ਜਲੰਧਰ ਦੇ DC ਦਫ਼ਤਰ ’ਚ ਖੁੱਲ੍ਹੇ ਆਸਮਾਨ ਹੇਠ ਖਿੱਲਰੇ ‘ਸਨਮਾਨ ਤੇ ਪ੍ਰਸ਼ੰਸਾ-ਪੱਤਰ’

ਜਲੰਧਰ (ਚੋਪੜਾ)-ਪੰਜਾਬ ਸਰਕਾਰ ਵੱਲੋਂ ਹਰ ਸਾਲ ਸੂਬਾਈ ਅਤੇ ਜ਼ਿਲ੍ਹਾ ਪੱਧਰੀ ਗਣਤੰਤਰ ਜਾਂ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਦਿੱਤੇ ਜਾਣ ਵਾਲੇ ਸਨਮਾਨ ਅਤੇ ਪ੍ਰਸ਼ੰਸਾ-ਪੱਤਰ ਪ੍ਰਾਪਤ ਕਰਨ ਲਈ ਆਜ਼ਾਦੀ ਘੁਲਾਟੀਏ, ਸਮਾਜ-ਸੇਵੀ ਸੰਸਥਾਵਾਂ, ਸਰਕਾਰੀ ਕਰਮਚਾਰੀ ਅਤੇ ਆਮ ਨਾਗਰਿਕ ਸਾਲਾਂਬੱਧੀ ਸਖ਼ਤ ਮਿਹਨਤ ਕਰਦੇ ਹਨ, ਉਹੀ ਪ੍ਰਸ਼ੰਸਾ ਅਤੇ ਸਨਮਾਨ ਪੱਤਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਸ਼ਿਕਾਰ ਬਣ ਕੇ ਕਬਾੜ ਵਿਚ ਤਬਦੀਲ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ

PunjabKesari

‘ਜਗ ਬਾਣੀ’ ਵੱਲੋਂ ਖ਼ਬਰ ਨਾਲ ਜਾਰੀ ਕੀਤੀਆਂ ਜਾ ਰਹੀਆਂ ਐਕਸਕਲੂਸਿਵ ਤਸਵੀਰਾਂ ਕਿਸੇ ਕਬਾੜੀਏ ਦੇ ਗੋਦਾਮ ਦੀਆਂ ਨਹੀਂ ਹਨ, ਸਗੋਂ ਜਲੰਧਰ ਜ਼ਿਲ੍ਹੇ ਦੇ ਵੱਕਾਰੀ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਹਨ, ਜਿੱਥੇ ਸੈਂਕੜੇ ਪ੍ਰਸ਼ੰਸਾ-ਪੱਤਰ ਬਾਥਰੂਮ ਦੇ ਬਾਹਰ ਖੁੱਲ੍ਹੇ ਆਸਮਾਨ ਹੇਠ ਧੂੜ-ਮਿੱਟੀ ਫੱਕ ਰਹੇ ਹਨ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਇਹ ਸਾਰੇ ਸਰਟੀਫਿਕੇਟ ਪੂਰੀ ਤਰ੍ਹਾਂ ਖਾਲੀ ਹਨ ਅਤੇ ਇਨ੍ਹਾਂ ’ਤੇ ਕਿਸੇ ਵੀ ਵਿਅਕਤੀ ਦਾ ਨਾਂ ਜਾਂ ਪਛਾਣ ਨਹੀਂ ਭਰੀ ਗਈ ਪਰ ਇਨ੍ਹਾਂ ’ਤੇ ਪਹਿਲਾਂ ਤੋਂ ਹੀ ਡਿਪਟੀ ਕਮਿਸ਼ਨਰ ਦੇ ਦਸਤਖ਼ਤ ਮੌਜੂਦ ਹਨ। ਜਿਸ ਜਗ੍ਹਾ ’ਤੇ ਇਨ੍ਹਾਂ ਸੈਂਕੜੇ ਪ੍ਰਸ਼ੰਸਾ-ਪੱਤਰਾਂ ਦੀ ਦੁਰਦਸ਼ਾ ਹੋ ਰਹੀ ਹੈ, ਕੰਪਲੈਕਸ ਵਿਚ ਸਥਿਤ ਐੱਮ. ਏ. ਬ੍ਰਾਂਚ ਦੇ ਬਾਹਰ ਉਕਤ ਸਥਾਨ ਤੋਂ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਦਾ ਦਫਤਰ ਸਿਰਫ਼ 20 ਕਦਮਾਂ ਦੀ ਦੂਰੀ ’ਤੇ ਹੈ।

PunjabKesari

ਇਹ ਵੀ ਪੜ੍ਹੋ: Punjab: ਸੁੱਖਾਂ ਸੁੱਖ 7 ਸਾਲ ਬਾਅਦ ਮਿਲਿਆ ਪੁੱਤ, ਮੁੰਡਨ ਕਰਨ ਜਾਣਾ ਸੀ, ਅਗਲੇ ਹੀ ਪਲ ਉੱਜੜੀਆਂ ਖ਼ੁਸ਼ੀਆਂ

ਜ਼ਿਕਰਯੋਗ ਹੈ ਕਿ ਹਰ ਸਾਲ ਆਜ਼ਾਦੀ ਅਤੇ ਗਣਤੰਤਰ ਦਿਵਸ ਵਰਗੇ ਰਾਸ਼ਟਰੀ ਤਿਉਹਾਰਾਂ ਦੇ ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨਾਗਰਿਕਾਂ ਨੂੰ ਸਨਮਾਨਿਤ ਕਰਦਾ ਹੈ, ਜਿਨ੍ਹਾਂ ਨੇ ਸਮਾਜ-ਸੇਵਾ, ਪ੍ਰਸ਼ਾਸਨਿਕ ਕਾਰਜ, ਸਿੱਖਿਆ, ਸਿਹਤ, ਆਫ਼ਤ ਪ੍ਰਬੰਧਨ ਅਤੇ ਹੋਰ ਖੇਤਰਾਂ ਵਿਚ ਸ਼ਾਨਦਾਰ ਕੰਮ ਕੀਤੇ ਹੋਣ। ਇਹ ਸਨਮਾਨ ਸਰਟੀਫਿਕੇਟ ਪ੍ਰਾਪਤ ਕਰਨਾ ਕਿਸੇ ਵੀ ਵਿਅਕਤੀ ਲਈ ਮਾਣ ਦਾ ਵਿਸ਼ਾ ਹੁੰਦਾ ਹੈ ਪਰ ਜੇਕਰ ਅਜਿਹੇ ਸ ਨਮਾਨ ਪੱਤਰ, ਜੋ ਪ੍ਰਸ਼ਾਸਨਿਕ ਮੋਹਰ ਅਤੇ ਅਧਿਕਾਰੀ ਦੇ ਦਸਤਖਤ ਦੇ ਨਾਲ ਹੁੰਦੇ, ਖੁੱਲ੍ਹੇ ਵਿਚ ਪਏ ਮਿਲਣ ਤਾਂ ਇਹ ਨਾ ਸਿਰਫ਼ ਪ੍ਰਸ਼ਾਸਨ ਦੀ ਨਾਕਾਮੀ ਨੂੰ ਉਜਾਗਰ ਕਰਦਾ ਹੈ, ਸਗੋਂ ਇਸ ਘਟਨਾ ਨੇ ਪੂਰੀ ‘ਸਨਮਾਨ ਪ੍ਰਕਿਰਿਆ’ ਨੂੰ ਹੀ ਮਜ਼ਾਕ ਬਣਾ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ 'ਤੇ ਵੱਡਾ ਐਕਸ਼ਨ, ਸੀਲ ਹੋ ਸਕਦੀ ਹੈ ਤੁਹਾਡੀ ਵੀ ਪ੍ਰਾਪਰਟੀ

ਦੂਜੇ ਪਾਸੇ ਜੇਕਰ ਇਹ ਸਨਮਾਨ ਪੱਤਰ ਗਲਤ ਵਿਅਕਤੀ ਦੇ ਹੱਥ ਲੱਗ ਜਾਣ ਤਾਂ ਉਹ ਕਿਤੇ ਵੀ ਝੂਠਾ ਦਾਅਵਾ ਕਰ ਕੇ ਸਨਮਾਨਿਤ ਹੋਣ ਦੀ ਝੂਠੀ ਸਾਖ ਬਣਾ ਸਕਦਾ ਹੈ। ਫਰਜ਼ੀ ਸਰਟੀਫਿਕੇਟਾਂ ਜ਼ਰੀਏ ਕੋਈ ਵੀ ਵਿਅਕਤੀ ਸਮਾਜਿਕ, ਸਿਆਸੀ ਜਾਂ ਕਾਨੂੰਨੀ ਲਾਭ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ ਪੂਰੇ ਮਾਮਲੇ ਵਿਚ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਵਿਚ ਹੋ ਰਿਹਾ ਹੈ, ਯਾਨੀਕਿ ਉਸ ਦਫ਼ਤਰ ਵਿਚ, ਜੋ ਜਲੰਧਰ ਜ਼ਿਲ੍ਹਾ ਦੀ ਪ੍ਰਸ਼ਾਸਨਿਕ ਸ਼ਕਤੀ ਦਾ ਕੇਂਦਰ ਬਿੰਦੂ ਹੈ। ਜਦੋਂ ਇੰਨੇ ਸਾਰੇ ਸੰਵੇਦਨਸ਼ੀਲ ਦਸਤਾਵੇਜ਼ ਖੁੱਲ੍ਹੇ ਵਿਚ ਪਏ ਹਨ ਅਤੇ ਕਿਸੇ ਵੀ ਅਧਿਕਾਰੀ ਨੂੰ ਉਨ੍ਹਾਂ ਬਾਰੇ ਪਤਾ ਨਹੀਂ ਹੈ, ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਪ੍ਰਸ਼ਾਸਨ ਕਿੰਨੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ?

ਇਹ ਵੀ ਪੜ੍ਹੋ:  ਪੰਜਾਬ ਦੀ ਇਸ ਮੰਡੀ 'ਚ ਵੱਡੀ ਵਾਰਦਾਤ! 40 ਰੁਪਏ ਲਈ ਕਰ 'ਤਾ ਨੌਜਵਾਨ ਦਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News