ਜਲੰਧਰ ਸ਼ਹਿਰ ’ਚ ਆਫ਼ਤ ਬਣੀ ਬਰਸਾਤ, ਸੀਵਰੇਜ ਜਾਮ ਤੇ ਸੜਕਾਂ ਕੰਢੇ ਬਣੇ ਚੈਂਬਰ ਸਾਫ਼ ਨਾ ਹੋਣ ਨਾਲ ਵਿਗੜੇ ਹਾਲਾਤ

Wednesday, Jul 02, 2025 - 01:37 PM (IST)

ਜਲੰਧਰ ਸ਼ਹਿਰ ’ਚ ਆਫ਼ਤ ਬਣੀ ਬਰਸਾਤ, ਸੀਵਰੇਜ ਜਾਮ ਤੇ ਸੜਕਾਂ ਕੰਢੇ ਬਣੇ ਚੈਂਬਰ ਸਾਫ਼ ਨਾ ਹੋਣ ਨਾਲ ਵਿਗੜੇ ਹਾਲਾਤ

ਜਲੰਧਰ (ਖੁਰਾਣਾ)–ਪੰਜਾਬ ਵਿਚ ਮਾਨਸੂਨ ਨੇ ਕੁਝ ਦਿਨ ਪਹਿਲਾਂ ਦਸਤਕ ਦਿੱਤੀ ਸੀ ਪਰ ਇਸ ਸੀਜ਼ਨ ਦੀ ਪਹਿਲੀ ਜ਼ੋਰਦਾਰ ਬਰਸਾਤ ਮੰਗਲਵਾਰ ਸਵੇਰੇ ਹੋਈ, ਜਿਸ ਨੇ ਪੂਰੇ ਜਲੰਧਰ ਸ਼ਹਿਰ ਨੂੰ ਜਲਮਗਨ ਕਰ ਦਿੱਤਾ। ਬਰਸਾਤ ਦੇ ਨਾਲ ਹੀ ਕਈ ਕਾਲੋਨੀਆਂ ਵਿਚ ਸੀਵਰੇਜ ਓਵਰਫਲੋਅ ਦੀ ਸਮੱਸਿਆ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ। ਮੰਗਲਵਾਰ ਸਵੇਰੇ ਜਦੋਂ ਲੋਕ ਨੀਂਦ ਤੋਂ ਜਾਗੇ ਤਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ ਵਿਚ ਬਰਸਾਤੀ ਪਾਣੀ ਭਰਿਆ ਹੋਇਆ ਸੀ। ਕਈ ਥਾਵਾਂ ’ਤੇ ਤਾਂ ਹਾਲਾਤ ਇੰਨੇ ਖਰਾਬ ਹੋ ਗਏ ਕਿ ਗੰਦਾ ਪਾਣੀ ਲੋਕਾਂ ਦੇ ਘਰਾਂ ਤਕ ਵਿਚ ਦਾਖ਼ਲ ਹੋ ਗਿਆ। ਇਸ ਤੋਂ ਪਹਿਲਾਂ ਹੀ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ ਅਤੇ ਉਨ੍ਹਾਂ ਨਗਰ ਨਿਗਮ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਫਿਰ ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸੈਰ ਕਰ ਰਹੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ

ਸਭ ਤੋਂ ਵੱਧ ਅਸਰ ਮੁੱਖ ਸੜਕਾਂ ਅਤੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਵੇਖਣ ਨੂੰ ਮਿਲਿਆ। 120 ਫੁੱਟੀ ਰੋਡ ਸਮੇਤ ਕਈ ਇਲਾਕਿਆਂ ਵਿਚ ਗੋਡਿਆਂ ਤਕ ਪਾਣੀ ਭਰ ਗਿਆ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੋਸ਼ ਲਾਇਆ ਕਿ ਨਗਰ ਨਿਗਮ ਪਿਛਲੇ ਕਈ ਸਾਲਾਂ ਤੋਂ ਸਿਰਫ਼ ਭਰੋਸੇ ਦੇ ਰਿਹਾ ਹੈ ਪਰ ਸੀਵਰੇਜ ਵਿਵਸਥਾ ਵਿਚ ਕੋਈ ਸੁਧਾਰ ਨਹੀਂ ਹੋਇਆ ਅਤੇ ਨਾ ਹੀ ਸੜਕਾਂ ਕੰਢੇ ਬਣੇ ਚੈਂਬਰਾਂ ਨੂੰ ਸਾਫ਼ ਕੀਤਾ ਗਿਆ। ਸੜਕਾਂ ’ਤੇ ਜਮ੍ਹਾ ਬਰਸਾਤੀ ਪਾਣੀ, ਪੁਟਾਈ ਨਾਲ ਨਿਕਲੀ ਮਿੱਟੀ ਅਤੇ ਕੂੜੇ ਤੋਂ ਫੈਲੀ ਗੰਦਗੀ ਨੇ ਕਈ ਜਗ੍ਹਾ ਦਲਦਲ ਵਰਗਾ ਦ੍ਰਿਸ਼ ਬਣਾ ਦਿੱਤਾ, ਇਸ ਨਾਲ ਨਾ ਸਿਰਫ਼ ਪੈਦਲ ਚੱਲਣ ਵਾਲਿਆਂ ਨੂੰ ਪ੍ਰੇਸ਼ਾਨੀ ਹੋਈ, ਸਗੋਂ ਦੋਪਹੀਆ ਵਾਹਨ ਚਾਲਕ ਤਿਲਕਦੇ ਅਤੇ ਡਿੱਗਦੇ ਨਜ਼ਰ ਆਏ। ਕਈ ਇਲਾਕਿਆਂ ਵਿਚ ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਚਿੱਕੜ ਭਰੀਆਂ ਸੜਕਾਂ ’ਤੇ ਚੱਲਣ ਵਿਚ ਦਿੱਕਤ ਹੋਈ। ਲੋਕਾਂ ਨੇ ਦੱਸਿਆ ਕਿ ਸੀਵਰੇਜ ਓਵਰਫਲੋਅ ਕਾਰਨ ਕਈ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਗਿਆ ਹੈ। ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਨਿਗਮ ਨੂੰ ਕਈ ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਕੱਢਿਆ ਗਿਆ।

PunjabKesari

ਬਰਸਾਤ ਤੋਂ ਬਾਅਦ ਫੈਲੀ ਅਵਿਵਸਥਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲੀ। ਲੋਕਾਂ ਨੇ ਕਿਹਾ ਕਿ ਹਰ ਸਾਲ ਬਰਸਾਤਾਂ ਵਿਚ ਅਜਿਹੇ ਹੀ ਹਾਲਾਤ ਬਣ ਜਾਂਦੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠੇ ਹਨ। ਕਈ ਥਾਵਾਂ ’ਤੇ ਲੋਕਾਂ ਨੇ ਨਿਗਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਪ੍ਰਗਟਾਇਆ। ਸ਼ਹਿਰ ਵਿਚ ਸਾਫ਼-ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦੀ ਦੁਰਦਸ਼ਾ ਨੂੰ ਵੇਖਦੇ ਹੋਏ ਆਮ ਚਰਚਾ ਹੈ ਕਿ ਜੇਕਰ ਸਥਿਤੀ ’ਤੇ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਗੰਭੀਰ ਹਾਲਾਤ ਪੈਦਾ ਹੋ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਇਕ ਦਿਨ ਪਹਿਲਾਂ ਛੁੱਟੀ ਆਏ ਫ਼ੌਜੀ ਸਮੇਤ ਦੋ ਦੀ ਦਰਦਨਾਕ ਮੌਤ

ਮੇਅਰ ਦੇ ਵਾਰਡ ’ਚ ਘਰਾਂ ਅੰਦਰ ਦਾਖਲ ਹੋਇਆ ਬਰਸਾਤੀ ਪਾਣੀ
ਮੰਗਲਵਾਰ ਸਵੇਰੇ-ਸਵੇਰੇ ਪਈ ਮੋਹਲੇਧਾਰ ਬਰਸਾਤ ਨੇ ਵਾਰਡ ਨੰਬਰ 62 ਦੇ ਬਸਤੀ ਬਾਵਾ ਖੇਲ ਸਥਿਤ ਰਾਜ ਨਗਰ ਵਿਚ ਸਰਕਾਰੀ ਸਕੂਲ, ਜਿਸ ਨੂੰ ਆਮ ਤੌਰ ’ਤੇ ‘ਬੇਰੀ ਵਾਲਾ ਸਕੂਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਨੇੜਲੇ ਇਲਾਕਿਆਂ ਵਿਚ ਭਾਰੀ ਤਬਾਹੀ ਮਚਾ ਦਿੱਤੀ। ਲਗਾਤਾਰ ਹੋਈ ਤੇਜ਼ ਬਰਸਾਤ ਕਾਰਨ ਇਲਾਕੇ ਦੇ ਕਈ ਘਰਾਂ ਵਿਚ ਪਾਣੀ ਦਾਖਲ ਹੋ ਗਿਆ, ਜਿਸ ਨਾਲ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਮਾਨਸੂਨ ਦੀ ਇਸ ਬਰਸਾਤ ਨੇ ਇਲਾਕੇ ਦੀਆਂ ਸੜਕਾਂ ਅਤੇ ਗਲੀਆਂ ਨੂੰ ਭਰ ਦਿੱਤਾ। ਜਗ੍ਹਾ-ਜਗ੍ਹਾ ਸੀਵਰੇਜ ਓਵਰਫਲੋਅ ਹੋ ਗਏ, ਜਿਸ ਨਾਲ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਗਿਆ। ਲੋਕਾਂ ਦਾ ਸਾਮਾਨ ਭਿੱਜ ਗਿਆ ਅਤੇ ਕਈ ਮਕਾਨਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਵੀ ਨੁਕਸਾਨ ਪਹੁੰਚਿਆ।
ਇਹ ਇਲਾਕਾ ਵਾਰਡ ਨੰਬਰ 62 ਅਧੀਨ ਆਉਂਦਾ ਹੈ, ਜੋ ਮੇਅਰ ਵਨੀਤ ਧੀਰ ਦਾ ਆਪਣਾ ਵਾਰਡ ਹੈ। ਇਸ ਸਮੱਸਿਆ ਨੂੰ ਲੈ ਕੇ ਪ੍ਰਧਾਨ ਪਲਵਿੰਦਰ ਕੌਰ ਨੇ ਇਕ ਵੀਡੀਓ ਜ਼ਰੀਏ ਮੇਅਰ ਵਿਨੀਤ ਧੀਰ ਨੂੰ ਪੂਰੇ ਵਾਰਡ ਦੀ ਸਥਿਤੀ ਤੋਂ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਕਈ ਘਰਾਂ ਵਿਚ ਪਾਣੀ ਦਾਖ਼ਲ ਹੋਇਆ ਅਤੇ ਕੁਝ ਕੱਚੀਆਂ ਛੱਤਾਂ ਵਾਲੇ ਮਕਾਨਾਂ ਦੀਆਂ ਛੱਤਾਂ ਡਿੱਗਣ ਦੇ ਕੰਢੇ ’ਤੇ ਹਨ, ਜਿਸ ਨਾਲ ਲੋਕਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸਕਾਰਪੀਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਕੁੜੀ ਦੀ ਦਰਦਨਾਕ ਮੌਤ

ਹਾਈਵੇਅ ਅਥਾਰਿਟੀ ਨੇ ਨਹੀਂ ਕੀਤਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ, ਜਲਦ ਭੇਜਿਆ ਜਾਵੇਗਾ ਨੋਟਿਸ : ਮੇਅਰ ਵਿਨੀਤ ਧੀਰ
ਮੇਅਰ ਵਿਨੀਤ ਧੀਰ ਨੇ ਪੱਤਰਕਾਰਾਂ ਨਾਲ ਰਸਮੀ ਗੱਲਬਾਤ ਵਿਚ ਹਾਈਵੇਅ ਅਥਾਰਿਟੀ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ। ਮੇਅਰ ਨੇ ਕਿਹਾ ਕਿ ਹਾਈਵੇ ਅਥਾਰਿਟੀ ਨੇ ਸਰਵਿਸ ਲੇਨ ਅਤੇ ਮੁੱਖ ਹਾਈਵੇ ਕੰਢੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਵੀ ਠੋਸ ਪ੍ਰਬੰਧ ਨਹੀਂ ਕੀਤਾ। ਇਸੇ ਕਾਰਨ ਹਾਈਵੇਅ ਦੇ ਨੇੜਲੇ ਇਲਾਕੇ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਅਤੇ ਸਥਾਨਕ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਕਰਨਾ ਪੂਰੀ ਤਰ੍ਹਾਂ ਨਾਲ ਹਾਈਵੇ ਅਥਾਰਿਟੀ ਦੀ ਜ਼ਿੰਮੇਵਾਰੀ ਹੈ ਪਰ ਉਨ੍ਹਾਂ ਹੁਣ ਤਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਮੇਅਰ ਨੇ ਕਿਹਾ ਕਿ ਇਸ ਸਬੰਧ ਵਿਚ ਅਥਾਰਿਟੀ ਨੂੰ ਇਕ ਅਧਿਕਾਰਕ ਚਿੱਠੀ ਜਾਰੀ ਕੀਤੀ ਜਾਵੇਗੀ ਅਤੇ ਜੇਕਰ ਫਿਰ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਨੋਟਿਸ ਵੀ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ ਲਈ Alert ਹੋਇਆ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News