ਹੋਲੇ-ਮਹੱਲੇ ਦੇ ਪ੍ਰਬੰਧਾਂ ਸਬੰਧੀ ਡੀ. ਸੀ. ਨੇ ਗਿਆਨੀ ਰਘਬੀਰ ਸਿੰਘ ਨਾਲ ਕੀਤੀ ਮੀਟਿੰਗ

Thursday, Feb 20, 2020 - 07:07 PM (IST)

ਹੋਲੇ-ਮਹੱਲੇ ਦੇ ਪ੍ਰਬੰਧਾਂ ਸਬੰਧੀ ਡੀ. ਸੀ. ਨੇ ਗਿਆਨੀ ਰਘਬੀਰ ਸਿੰਘ ਨਾਲ ਕੀਤੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— 5 ਤੋਂ 7 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 8 ਤੋਂ 10 ਮਾਰਚ ਤੱਕ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਸਾਲਾਨਾ ਕੌਮੀ ਤਿਉਹਾਰ ਹੋਲੇ-ਮਹੱਲੇ ਦੇ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਵਲੋਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਮੈਨੇਜਰ ਜਸਬੀਰ ਸਿੰਘ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਗਿਆਨੀ ਰਘਬੀਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੂੰ ਦੱਸਿਆ ਗਿਆ ਕਿ ਹੋਲਾ ਮਹੱਲਾ ਮਨਾਉਣ ਲਈ ਦੇਸ਼-ਵਿਦੇਸ਼ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਸੰਗਤਾਂ ਇਥੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਆਉਂਦੀਆਂ ਹਨ, ਜਿਨ੍ਹਾਂ ਦੇ ਰਹਿਣ-ਸਹਿਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾਣਗੇ, ਜਿਸ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ। 

ਉਨ੍ਹਾਂ ਪ੍ਰਸ਼ਾਸਨ ਵੱਲੋਂ ਸੰਗਤਾਂ ਨੂੰ ਆਉਂਦੀਆਂ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਜਿਵੇਂ ਸਹੀ ਮੈਨੇਜਮੈਂਟ ਨਾ ਹੋਣ ਕਾਰਨ ਸੜਕਾਂ 'ਤੇ ਲੱਗਦੇ ਜਾਮ, ਮੇਲੇ ਦੌਰਾਨ ਸੈਂਕੜਿਆਂ ਦੀ ਗਿਣਤੀ ਸ਼ਹਿਰ 'ਚ ਆਉਂਦੇ ਮੰਗਤੇ, ਖੁੱਲ੍ਹੇ ਸਾਇਲੈਂਸਰ ਮੋਟਰਸਾਈਕਲ, ਸਕੂਟਰ ਘੁੰਮਣ ਆਦਿ ਤੋਂ ਇਲਾਵਾ ਮੇਲੇ ਦੇ ਆਖਰੀ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਨਗਰ ਕੀਰਤਨ ਨਿਕਲਣ ਵੇਲੇ ਤਖਤ ਸਾਹਿਬ ਤੋਂ ਲੈ ਕੇ ਗੁ. ਕਿਲਾ ਅਨੰਦਗੜ੍ਹ ਸਾਹਿਬ ਤੱਕ ਰਸਤੇ 'ਚ ਆਉਣ ਵਾਲੀਆਂ ਰੁਕਾਵਟਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਇਸ ਦਾ ਯੋਗ ਹੱਲ ਕੱਢਣ ਲਈ ਕਿਹਾ। 

ਡਿਪਟੀ ਕਮਿਸ਼ਨਰ ਬਬਲਾਨੀ ਨੇ ਸਿੰਘ ਸਾਹਿਬ ਨੂੰ ਯਕੀਨ ਦਿਵਾਇਆ ਕਿ ਮੇਲੇ ਦੌਰਾਨ ਪ੍ਰਸ਼ਾਸਨ ਵਲੋਂ ਵਧੀਆ ਪ੍ਰਬੰਧ ਕੀਤੇ ਜਾਣਗੇ ਅਤੇ ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਵੀ ਟੇਕਿਆ ਉਪਰੰਤ ਸਿੰਘ ਸਾਹਿਬ ਅਤੇ ਮੈਨੇਜਰ ਜਸਬੀਰ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਐੱਸ. ਡੀ. ਐੱਮ. ਮੈਡਮ ਕੰਨੂ ਗਰਗ, ਤਹਿਸੀਲਦਾਰ ਰਾਮ ਕ੍ਰਿਸ਼ਨ, ਤਖਤ ਸਾਹਿਬ ਦੇ ਸੂਚਨਾ ਅਫਸਰ ਐਡਵੋਕੇਟ ਹਰਦੇਵ ਸਿੰਘ, ਪੀ. ਏ. ਹਰਦੇਵ ਸਿੰਘ ਆਦਿ ਵੀ ਹਾਜ਼ਰ ਸਨ।


author

shivani attri

Content Editor

Related News