ਟਾਂਡਾ ਗਊ ਹੱਤਿਆ ਕਾਂਡ ਨੂੰ ਲੈ ਕੇ ਫਗਵਾੜਾ ''ਚ ਹਿੰਦੂ ਸਮਾਜ ਨੇ ਕੱਢਿਆ ਰੋਸ ਮਾਰਚ

03/14/2022 6:51:49 PM

ਫਗਵਾੜਾ (ਜਲੋਟਾ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ 2 ਦਰਜਨ ਦੇ ਕਰੀਬ ਗਊਆਂ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਘਟਨਾ ਦੇ ਰੋਸ ਵਜੋਂ ਅੱਜ ਫਗਵਾੜਾ 'ਚ ਹਿੰਦੂ ਸਮਾਜ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਸਵੇਰੇ ਹਿੰਦੂ ਭਾਈਚਾਰੇ ਦੇ ਸੈਂਕੜੇ ਲੋਕ ਸ਼੍ਰੀ ਹਨੂੰਮਾਨਗੜ੍ਹੀ ਮੰਦਰ ਵਿਖੇ ਇਕੱਠੇ ਹੋਏ, ਜਿੱਥੋਂ ਰੋਸ ਮਾਰਚ ਕਰਦੇ ਹੋਏ ਸਿਨੇਮਾ ਰੋਡ, ਗਊਸ਼ਾਲਾ ਬਾਜ਼ਾਰ, ਬਾਂਸਾਂਵਾਲਾ ਬਾਜ਼ਾਰ, ਗਾਂਧੀ ਚੌਕ, ਮੰਡੀ ਰੋਡ, ਸੈਂਟਰਲ ਟਾਊਨ ਤੋਂ ਹੁੰਦਿਆਂ ਤਹਿਸੀਲ ਕੰਪਲੈਕਸ ਸਥਿਤ ਐੱਸ. ਡੀ. ਐੱਮ. ਦਫ਼ਤਰ ਦੇ ਸਾਹਮਣੇ ਪਹੁੰਚੇ, ਜਿੱਥੇ ਐੱਸ. ਡੀ. ਐੱਮ. ਦੀ ਹਾਜ਼ਰੀ 'ਚ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ਇਕ ਮੰਗ ਪੱਤਰ ਸੌਂਪ ਕੇ ਗਊ ਹੱਤਿਆ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ : ਫਗਵਾੜਾ ਵਿਖੇ ਏ. ਟੀ. ਐੱਮ. ’ਚੋਂ 23 ਲੱਖ ਨਹੀਂ, ਸਗੋਂ 21 ਲੱਖ 88000 ਕੈਸ਼ ਦੀ ਹੋਈ ਹੈ ਲੁੱਟ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿੰਦੂ ਸਮਾਜ ਦੇ ਪਤਵੰਤਿਆਂ ਨੇ ਕਿਹਾ ਕਿ ਜਿਸ ਬੇਰਹਿਮੀ ਨਾਲ ਟਾਂਡਾ ਵਿਖੇ ਗਊਆਂ ਦਾ ਕਤਲ ਕਰਕੇ ਉਨ੍ਹਾਂ ਦੀ ਵੱਢ-ਟੁੱਕ ਕੀਤੀ ਗਈ, ਉਸ ਨੂੰ ਦੇਖ ਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਕੁਕਰਮ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਉਕਤ ਘਟਨਾ ਨਾਲ ਸਮੂਹ ਹਿੰਦੂ ਸਮਾਜ ਅਤੇ ਪਸ਼ੂ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ 'ਚ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਸ ਨੇ ਮੁੱਢਲੀ ਰਿਪੋਰਟ ਦਰਜ ਕਰ ਲਈ ਹੈ ਪਰ ਗਾਵਾਂ ਨੂੰ ਬੇਰਹਿਮੀ ਨਾਲ ਮਾਰਨ ਵਾਲੇ ਅਪਰਾਧੀ ਅਜੇ ਪੁਲਸ ਦੀ ਪਕੜ ਤੋਂ ਬਾਹਰ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਟਾਂਡਾ ਉੜਮੁੜ ’ਚ ਹੋਏ ਗਊ ਕਤਲਕਾਂਡ ’ਚ 7 ਮੁਲਜ਼ਮ ਗ੍ਰਿਫ਼ਤਾਰ

ਇਸ ਲਈ ਮੰਗ ਪੱਤਰ ਰਾਹੀਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੋਂ ਮੰਗ ਕੀਤੀ ਗਈ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਟਾਂਡਾ ਕਾਂਡ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ ਜਾਣ ਅਤੇ ਜਿਨ੍ਹਾਂ ਨੇ ਵੀ ਸਮੁੱਚੇ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਇਹ ਕੁਕਰਮ ਕੀਤਾ ਹੈ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਦੀ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਗਊਆਂ ਦੀ ਹੱਤਿਆ ਨੂੰ ਗੰਭੀਰ ਅਪਰਾਧ ਮੰਨਦੇ ਹੋਏ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਕੇ ਗਊਆਂ ਦੇ ਕਾਤਲਾਂ ਲਈ ਫਾਂਸੀ ਦੀ ਸਜ਼ਾ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ। ਉਨ੍ਹਾਂ ਸਖ਼ਤ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਮਾਮਲੇ ਦੇ ਦੋਸ਼ੀਆਂ ਦੀ ਤੁਰੰਤ ਪਛਾਣ ਕਰਕੇ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਜਾਬ ਭਰ ਦਾ ਹਿੰਦੂ ਸਮਾਜ ਸਖਤ ਅੰਦੋਲਨ ਵਿੱਢਣ ਬਾਰੇ ਸੋਚੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News