ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆ ਕੇ ਰਾਜ ਮਿਸਤਰੀ ਅਤੇ ਮਜ਼ਦੂਰ ਝੁਲਸੇ

06/16/2019 6:20:05 PM

ਟਾਂਡਾ ਉੜਮੁੜ (ਪੰਡਿਤ)— ਅੱਜ ਦੁਪਹਿਰੇ ਗ੍ਰੀਨ ਕਾਲੋਨੀ ਨਜ਼ਦੀਕ ਦਾਣਾ ਮੰਡੀ ਟਾਂਡਾ ਵਿਖੇ ਇਕ ਨਿਰਮਾਣ ਅਧੀਨ ਕੋਠੀ 'ਚ ਉਸ ਸਮੇਂ ਚੀਕ-ਚਿਹਾੜਾ ਪੈ ਗਿਆ, ਜਦੋਂ ਕੋਠੀ 'ਚ ਪਲੱਸਤਰ ਦਾ ਕੰਮ ਕਰ ਰਹੇ ਰਾਜ ਮਿਸਤਰੀ ਅਤੇ ਮਜ਼ਦੂਰ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਬੁਰੀ ਤਰਾਂ ਝੁਲਸੇ ਰਾਜ ਮਿਸਤਰੀ ਨਿਰਮਲ ਸਿੰਘ ਪੁੱਤਰ ਸਵਰਨ ਚੰਦ ਨਿਵਾਸੀ ਗੱਗ ਸੁਲਤਾਨ ਅਤੇ ਮਜ਼ਦੂਰ ਤਰਸੇਮ ਸਿੰਘ ਰਵੀ ਪੁੱਤਰ ਬੁੱਧ ਰਾਮ ਨਿਵਾਸੀ ਧਾਮੀਆਂ ਖੁਰਦ ਨੂੰ ਸਰਕਾਰੀ ਹਸਪਤਾਲ ਟਾਂਡਾ ਭਰਤੀ ਕਰਵਾਇਆ ਗਿਆ ਹੈ।
ਹਾਦਸਾ ਦੁਪਹਿਰ 12.30 ਵਜੇ ਉਦੋਂ ਵਾਪਰਿਆ ਦੱਸਿਆ ਜਾ ਰਿਹਾ ਹੈ, ਜਦੋਂ ਉਹ ਦੋਵੇਂ ਕੋਠੀ ਦੀ ਛੱਤ ਉੱਤੇ ਹਾਈ ਵੋਲਟੇਜ ਤਾਰਾਂ ਨਜ਼ਦੀਕ ਪਲੱਸਤਰ ਕਰ ਰਹੇ ਸਨ। ਤਾਰਾਂ ਦੀ ਲਪੇਟ 'ਚ ਆਉਣ ਕਾਰਨ ਲੱਗੀ ਅੱਗ ਨਾਲ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ।

PunjabKesari

ਦੋਵਾਂ ਦੀਆਂ ਚੀਕਾਂ ਸੁਣ ਕੇ ਕਾਲੋਨੀ 'ਚ ਮੌਜੂਦ ਨੌਜਵਾਨ ਜਸਪਾਲ ਸਿੰਘ ਟੋਨੀ, ਕਰਨਜੀਤ ਸਿੰਘ ਅਤੇ ਜਸਪ੍ਰੀਤ ਕੌਰ ਨੇ ਅੱਗ 'ਤੇ ਕਾਬੂ ਪਾ ਕੇ 108 ਐਂਬੂਲੈਂਸ ਦੀ ਟੀਮ ਦਲਜੀਤ ਸਿੰਘ ਅਤੇ ਅਬਦੁੱਲ ਦੀ ਮਦਦ ਨਾਲ ਦੋਵਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੋਂ ਦੋਵਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਡਾ. ਅੰਮ੍ਰਿਤ ਨੇ ਦੱਸਿਆ ਕਿ ਨਿਰਮਲ ਦਾ ਸਰੀਰ ਲਗਭਗ 15 ਫ਼ੀਸਦੀ ਅਤੇ ਤਰਸੇਮ ਦਾ 50 ਫ਼ੀਸਦੀ ਝੁਲਸ ਗਿਆ ਹੈ।

PunjabKesari
ਕੋਠੀ ਦੀ ਛੱਤ ਨਾਲ ਛੂੰਹਦੀਆਂ ਨੇ ਹਾਈ ਵੋਲਟੇਜ ਤਾਰਾਂ 
ਵੱਡੀ ਲਾਪ੍ਰਵਾਹੀ ਨਾਲ ਬਣ ਰਹੀ ਕੋਠੀ ਮੂਨਕਾਂ ਨਿਵਾਸੀ ਦੀ ਦੱਸੀ ਜਾ ਰਹੀ ਹੈ। ਪਾਵਰਕਾਮ ਅਧਿਕਾਰੀਆਂ ਮੁਤਾਬਕ ਕੋਠੀ ਉੱਤੋਂ ਲੰਘਦੀ 132 ਕੇ .ਵੀ. ਲਾਈਨ ਤੋਂ ਸੁਰੱਖਿਅਤ ਦੂਰੀ ਲਗਭਗ 16 ਫੁੱਟ ਹੋਣੀ ਚਾਹੀਦੀ ਹੈ ਪਰ ਇਸ ਦੇ ਉਲਟ ਨਿਰਮਾਣ ਅਧੀਨ ਕੋਠੀ ਦੀ ਛੱਤ ਤੋਂ ਇਨ੍ਹਾਂ ਤਾਰਾਂ ਦੀ ਦੂਰੀ ਪੰਜ ਫੁੱਟ ਤੋਂ ਵੀ ਘੱਟ ਹੈ, ਜੋ ਕਿਸੇ ਵੱਡੇ ਹਾਦਸੇ ਨੂੰ ਖੁੱਲ੍ਹਾ ਸੱਦਾ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਟੀਮ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ।


shivani attri

Content Editor

Related News