ਹੈਰੋਇਨ ਸਣੇ ਫੜੇ ਗਏ ਮੱਖਣ ਸਿੰਘ ਤੋਂ ਲੱਖਾਂ ਦੀ ਡਰੱਗ ਮਨੀ ਬਰਾਮਦ ਹੋਣ ਦਾ ਸ਼ੱਕ

09/16/2019 11:18:45 AM

ਜਲੰਧਰ (ਜ. ਬ.)— ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਵੇਚਣ ਵਾਲੇ ਸਮੱਗਲਰ ਮੱਖਣ ਸਿੰਘ ਦੇ ਫਿਰੋਜ਼ਪੁਰ ਸਥਿਤ ਪਿੰਡ 'ਚ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਛਾਪੇਮਾਰੀ ਕੀਤੀ। ਪੁਲਸ ਨੂੰ ਇਨਪੁਟ ਮਿਲੇ ਸਨ ਕਿ ਮੱਖਣ ਸਿੰਘ ਦੇ ਘਰ 'ਚ ਲੱਖਾਂ ਰੁਪਏ ਦੀ ਡਰਗ ਮਨੀ ਪਈ ਹੈ। ਪੁਲਸ ਨੇ ਸ਼ਨੀਵਾਰ ਦੇਰ ਰਾਤ ਨੂੰ ਛਾਪੇਮਾਰੀ ਕੀਤੀ ਸੀ। ਡਰੱਗ ਮਨੀ ਨੂੰ ਲੈ ਕੇ ਪੁਲਸ ਹੁਣ ਜਲਦੀ ਹੀ ਖੁਲਾਸਾ ਕਰ ਸਕਦੀ ਹੈ। 5 ਦਿਨ ਦੇ ਰਿਮਾਂਡ 'ਤੇ ਲਏ ਗਏ ਸਮੱਗਲਰ ਮੱਖਣ ਸਿੰਘ ਦਾ ਸੋਮਵਾਰ ਨੂੰ ਰਿਮਾਂਡ ਖਤਮ ਹੋ ਜਾਵੇਗਾ।

ਮੱਖਣ ਸਿੰਘ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਦੇ ਕੋਲ ਡਰਗ ਮਨੀ ਪਈ ਹੋਈ ਹੈ। ਹਾਲਾਂਕਿ ਮੱਖਣ ਸਿੰਘ ਦਾ ਪੁੱਤਰ ਚਰਨਜੀਤ ਸਿੰਘ ਵੀ ਇਸ ਕੇਸ 'ਚ ਵਾਂਟੇਡ ਹੈ, ਜਿਸ ਕੋਲ ਪੈਸਿਆਂ ਦੇ ਲੈਣ-ਦੇਣ ਬਾਰੇ ਪਾਕਿਸਤਾਨੀ ਸਮੱਗਲਰਾਂ ਦੀ ਸਾਰੀ ਜਾਣਕਾਰੀ ਹੈ। ਹਾਲਾਂਕਿ ਪੁਲਸ ਨੂੰ ਇਹ ਸ਼ੱਕ ਹੈ ਕਿ ਜ਼ਿਆਦਾ ਡਰੱਗ ਮਨੀ ਚਰਨਜੀਤ ਸਿੰਘ ਕੋਲ ਹੋ ਸਕਦੀ ਹੈ। ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਰੋਜ਼ਪੁਰ ਤੋਂ ਇਲਾਵਾ ਵੀ ਕੁਝ ਜਗ੍ਹਾ 'ਤੇ ਛਾਪੇਮਾਰੀ ਕੀਤੀ ਸੀ, ਹਾਲਾਂਕਿ ਪੁਲਸ ਡਰੱਗ ਮਨੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕਰ ਰਹੀ ਪਰ ਆਉਣ ਵਾਲੇ ਦਿਨਾਂ 'ਚ ਪੁਲਸ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕਰ ਸਕਦੀ ਹੈ।

ਦੱਸ ਦੇਈਏ ਕਿ ਸੀ. ਆਈ. ਏ. ਸਟਾਫ-1 ਅਤੇ ਬਸਤੀ ਬਾਵਾ ਖੇਲ ਦੀ ਪੁਲਸ ਨੇ ਇਕ ਸਰਪੰਚ ਸਮੇਤ ਦੋ ਲੋਕਾਂ ਨੂੰ 1 ਕਿਲੋ ਹੈਰੋਇਨ ਨਾਲ ਫੜਿਆ ਸੀ। ਉਨ੍ਹਾਂ ਤੋਂ ਪੁੱਛਗਿੱਛ ਦੇ ਬਾਅਦ ਕਿਸਾਨ ਮੱਖਣ ਸਿੰਘ ਵਾਸੀ ਫਿਰੋਜ਼ਪੁਰ ਅਤੇ ਉਸ ਦੇ ਬੇਟੇ ਚਰਨਜੀਤ ਸਿੰਘ ਬਾਰੇ ਪੁਲਸ ਨੂੰ ਇਨਪੁਟ ਮਿਲੇ ਸਨ। ਮੱਖਣ ਸਿੰਘ ਦੀ ਇੰਡੀਆ-ਪਾਕਿਸਤਾਨ ਦੇ ਬਾਰਡਰ ਕੋਲ ਹੀ ਜ਼ਮੀਨ ਸੀ, ਜਿਸ 'ਤੇ ਉਹ ਖੇਤੀ ਕਰਦਾ ਸੀ ਅਤੇ ਉਸ ਦੀ ਆੜ 'ਚ ਪਿਓ-ਪੁੱਤ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਮੰਗਵਾਉਂਦੇ ਸਨ। ਮੱਖਣ ਸਿੰਘ ਦੀ ਨਿਸ਼ਾਨਦੇਹੀ 'ਤੇ ਉਸ ਦੇ ਖੇਤਾਂ 'ਚ ਦੱਬੀ 1 ਕਿਲੋ ਹੈਰੋਇਨ ਅਤੇ ਖੇਪ ਦੇ ਨਾਲ ਭੇਜੇ ਗਏ 30 ਬੋਰ ਦੇ ਚਾਈਨੀਜ਼ ਹਥਿਆਰ ਸਮੇਤ 30 ਗੋਲੀਆਂ ਵੀ ਮਿਲੀਆਂ ਸਨ। ਪੁਲਸ ਚਰਨਜੀਤ ਸਿੰਘ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਕਿਉਂਕਿ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪਾਕਿਸਤਾਨੀ ਸਮੱਗਲਰਾਂ ਨਾਲ ਪੈਸਿਆਂ ਦਾ ਲੈਣ-ਦੇਣ ਹਵਾਲੇ ਜ਼ਰੀਏ ਹੁੰਦਾ ਸੀ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ।


shivani attri

Content Editor

Related News