ਹੈਲੋ ਕੰਟਰੋਲ ਰੂਮ, ਮੈਂ ਆਪਣੀ ਬੱਚੀ ਨੂੰ ਮਾਰ ਦਿੱਤਾ ਹੈ!

Wednesday, Oct 31, 2018 - 06:50 AM (IST)

ਹੈਲੋ ਕੰਟਰੋਲ ਰੂਮ, ਮੈਂ ਆਪਣੀ ਬੱਚੀ ਨੂੰ ਮਾਰ ਦਿੱਤਾ ਹੈ!

ਜਲੰਧਰ,   (ਰਾਜੇਸ਼)–  ‘ਹੈਲੋ ਕੰਟਰੋਲ ਰੂਮ, ਮੈਂ ਆਪਣੀ ਬੱਚੀ ਦਾ ਕਤਲ ਕਰ ਦਿੱਤਾ ਹੈ।’ ਇਹ ਗੱਲ ਗਦਈਪੁਰ ਇਲਾਕੇ ਵਿਚ  ਲਾਟਰੀ ਵਿਕ੍ਰੇਤਾ ਪ੍ਰਮੋਦ ਯਾਦਵ ਉਰਫ ਗੁੱਲੂ ਦੇ ਨਾਲ ਲਿਵ ਇਨ ਰਿਲੇਸ਼ਨ ਵਿਚ  ਰਹਿਣ ਵਾਲੀ ਔਰਤ ਨੇ ਕੰਟਰੋਲ ਰੂਮ ’ਚ ਫੋਨ ਕਰ ਕੇ ਕਹੀ  ਤੇ  ਪੁਲਸ  ਨੂੰ ਭਾਜੜਾਂ ਪਾ ਦਿੱਤੀਅਾਂ। ਦਰਅਸਲ ਉਸ ਦਾ ਗੁੱਲੂ ਨਾਲ ਮਕਾਨ ਦੇ ਹਿੱਸੇ ਨੂੰ ਲੈ ਕੇ ਝਗੜਾ  ਹੋ  ਗਿਆ  ਸੀ,  ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੂੰ  ਭਾਜੜ  ਪਾ ਦਿੱਤੀ। ਔਰਤ ਨੇ ਦੇਰ ਰਾਤ ਪੁਲਸ ਕੰਟਰੋਲ ਰੂਮ ਵਿਚ ਝੂਠਾ ਫੋਨ ਕਰ ਕੇ ਇਹ ਕਹਿ ਦਿੱਤਾ ਕਿ ਉਸ ਨੇ ਆਪਣੀ 3 ਸਾਲਾ ਬੱਚੀ ਦਾ ਕਤਲ ਕਰ ਦਿੱਤਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਵਿਭਾਗ ਵਿਚ ਭੱਜ-ਦੌੜ ਮਚ ਗਈ। 
ਦੇਰ ਰਾਤ 12.30 ਵਜੇ ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਫੋਕਲ ਪੁਆਇੰਟ ਚੌਕੀ ਇੰਚਾਰਜ ਸੰਜੀਵ ਕੁਮਾਰ ਨਾਲ ਮੌਕੇ ’ਤੇ ਗਦਈਪੁਰ ਪਹੁੰਚੇ ਤਾਂ ਉਥੇ ਅਜਿਹਾ ਕੁਝ ਨਹੀਂ ਸੀ। ਮੌਕੇ ’ਤੇ ਪਹੁੰਚੀ ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਉਸ ਨੇ ਦੱਸਿਆ  ਕਿ ਵਿਆਹੁਤਾ ਵਿਅਕਤੀ ਪ੍ਰਮੋਦ ਯਾਦਵ ਉਸ ਦੇ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿੰਦਾ ਹੈ, ਜਿਸ ਦੇ ਨਾਲ ਅੱਜ ਉਸ ਦਾ ਵਿਵਾਦ ਹੋਇਆ ਸੀ।  ਗੁੱਸੇ ਵਿਚ ਆ ਕੇ ਉਸ ਨੇ ਪੁਲਸ ਕੰਟਰੋਲ ਰੂਮ ਵਿਚ ਫੋਨ ਕਰ ਕੇ ਕਹਿ ਦਿੱਤਾ ਕਿ ਉਸ ਨੇ ਆਪਣੀ ਬੱਚੀ ਨੂੰ ਮਾਰ ਦਿੱਤਾ ਹੈ।  ਏ. ਐੱਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਅਦਾਲਤ ਨੇ ਗੁੱਲੂ ਨੂੰ ਔਰਤ ਨੂੰ ਮਹੀਨੇ ਦਾ ਖਰਚਾ ਵੀ ਲਾਇਆ ਸੀ। ਜਦ ਮਕਾਨ ਦੇ ਹਿੱਸੇ ਨੂੰ ਲੈ ਕੇ ਔਰਤ ਦਾ ਗੁੱਲੂ ਨਾਲ ਵਿਵਾਦ ਹੋਇਆ  ਤਾਂ ਔਰਤ ਨੇ ਗੁੱਸੇ ਵਿਚ ਆ ਕੇ ਗੁੱਲੂ ਨੂੰ ਸਬਕ ਸਿਖਾਉਣ ਲਈ ਪੁਲਸ ਕੰਟਰੋਲ ਰੂਮ ਵਿਚ ਝੂਠਾ ਫੋਨ ਕਰ ਦਿੱਤਾ। ਪੁਲਸ ਨੇ ਦੇਰ ਰਾਤ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
 


Related News