ਮਿਸ਼ਨ ''ਤੰਦਰੁਸਤ ਪੰਜਾਬ'' ਦੀ ਸਫਲਤਾ ਲਈ ਨਿੱਤਰੇ ਵਾਤਾਵਰਣ ਪ੍ਰੇਮੀ
Monday, Jun 11, 2018 - 04:30 PM (IST)

ਕਪੂਰਥਲਾ (ਮਲਹੋਤਰਾ)— ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ 'ਤੰਦਰੁਸਤ ਪੰਜਾਬ' ਨੂੰ ਜ਼ਿਲੇ 'ਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਜਿੱਥੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੀ ਅਗਵਾਈ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਵੱਖ-ਵੱਖ ਗਤੀਵਿਧੀਆਂ ਆਰੰਭੀਆਂ ਗਈਆਂ ਹਨ, ਉਥੇ ਹੀ ਜ਼ਿਲੇ ਦੇ ਜਾਗਰੂਕ ਲੋਕ ਆਪ ਮੁਹਾਰੇ ਇਸ ਮਿਸ਼ਨ ਨਾਲ ਜੁੜ ਕੇ ਇਕ ਤੰਦਰੁਸਤ ਅਤੇ ਨਰੋਏ ਸਮਾਜ ਸਿਰਜਣ ਦੇ ਉਪਰਾਲੇ ਕਰ ਰਹੇ ਹਨ। ਇਸ ਮਿਸ਼ਨ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਚੌਗਿਰਦਾ ਮੁਹੱਈਆ ਕਰਵਾਉਣਾ ਹੈ, ਜਿਸ ਤਹਿਤ ਉਨ੍ਹਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਸ਼ੁੱਧ ਹਵਾ ਤੇ ਪਾਣੀ, ਮਿਲਾਵਟ ਰਹਿਤ ਭੋਜਨ ਅਤੇ ਖੁਰਾਕੀ ਉਤਪਾਦ ਮੁਹੱਈਆ ਕਰਵਾਉਣੇ ਹਨ ਤਾਂ ਜੋ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਹਮੇਸ਼ਾ ਤੰਦਰੁਸਤ ਰਹੇ। ਇਸੇ ਤਹਿਤ ਅੱਜ ਵਾਤਾਵਰਣ ਪ੍ਰੇਮੀਆਂ ਵੱਲੋਂ ਕਾਂਜਲੀ ਰੋਡ 'ਤੇ ਸਥਿਤ ਜੰਗਲ ਵਿਚ ਨਵੇਂ ਲਾਏ ਗਏ ਪੌਦਿਆਂ ਨੂੰ ਪਾਣੀ ਦਿੱਤਾ ਗਿਆ। ਪੰਜਾਬ ਪੁਲਸ ਦੇ ਏ. ਐੱਸ. ਆਈ. ਗੁਰਬਚਨ ਸਿੰਘ, ਜਿਨ੍ਹਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਅਤੇ ਸਮਾਜ ਸੇਵਾ ਦੇ ਅਣਥੱਕ ਯਤਨਾਂ ਲਈ ਹਾਲ ਹੀ ਵਿਚ ਡੀ. ਜੀ. ਪੀ. ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਦੇ ਸੱਦੇ 'ਤੇ ਜੰਗਲ ਵਿਚ ਇਕੱਤਰ ਹੋਏ ਪੰਜਾਬ ਪੁਲਸ ਦੇ ਜਵਾਨਾਂ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ, ਕਪੂਰਥਲਾ ਸਾਈਕਲਿੰਗ ਕਲੱਬ ਅਤੇ ਹੋਰਨਾਂ ਵਾਤਾਵਰਣ ਪ੍ਰੇਮੀਆਂ ਨੇ ਪੌਦਿਆਂ ਨੂੰ ਪਾਣੀ ਦੇ ਕੇ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ 'ਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਰਾਹਗੀਰਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਪ੍ਰਤੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਢੋਡ, ਬਲਵੰਤ ਸਿੰਘ ਬੱਲ, ਮਹਿੰਦਰ ਸਿੰਘ ਨੂਰਪੁਰੀ, ਪ੍ਰੋ. ਸਰਬਜੀਤ ਸਿੰਘ ਧੀਰ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਮਾਸਟਰ ਜੋਤੀ ਮਹਿੰਦਰੂ, ਪ੍ਰੋ. ਤਜਿੰਦਰ ਹਨੀ, ਕੁਲਜੀਤ ਸਿੰਘ, ਕਰਨ ਦੇਵ ਜਗੋਤਾ, ਡਾ. ਅਵਤਾਰ ਸਿੰਘ ਭੰਡਾਲ, ਸਮਾਜ ਸੇਵਕ ਅਸ਼ਵਨੀ ਮਹਾਜਨ, ਪਰਮਜੀਤ ਸਿੰਘ ਪੰਮਾ, ਬਿੱਟੂ ਕਾਂਜਲੀ, ਮੋਨੂ ਟੇਲਰ, ਅਮਰਜੀਤ ਸਿੰਘ ਮਾਣਾ, ਕਰਨ ਕੁਮਾਰ, ਸ਼ਕਤੀ ਸਿੰਘ, ਰਾਜੂ ਨੀਲ ਕਮਲ, ਪੰਕਜ ਧੀਰ, ਮਾਸਟਰ ਦਕਸ਼ ਤੇ ਹੋਰ ਹਾਜ਼ਰ ਸਨ।