ਹਾਈਵੇ ਕੋਲ 100 ਮੀਟਰ ਵਾਲੀ ਜ਼ਮੀਨ ਦੀ ਨੀਲਾਮੀ ਬਣਨ ਲੱਗੀ ਟਰੱਸਟ ਲਈ ਸਿਰਦਰਦੀ

01/24/2019 4:37:39 AM

ਜਲੰਧਰ, (ਪੁਨੀਤ)- ਪਹਿਲਾਂ ਨਿਯਮ ਸੀ ਕਿ ਹਾਈਵੇ ਤੋਂ 100 ਮੀਟਰ ਏਰੀਏ ਤੱਕ ਨਾਨ-ਕੰਸਟ੍ਰਕਸ਼ਨ ਏਰੀਆ ਰਹੇਗਾ, ਜੋ ਕਿ ਸਰਕਾਰ ਵਲੋਂ ਘੱਟ ਕਰ ਕੇ 5 ਮੀਟਰ ਤੱਕ ਕਰ ਦਿੱਤਾ ਗਿਆ, ਜਿਸ ਕਾਰਨ ਇੰਪਰੂਵਮੈਂਟ ਟਰੱਸਟ ਸੂਰਿਆ ਐਨਕਲੇਵ ਵਿਚ ਹਾਈਵੇ ਨਾਲ ਵਾਲੀ ਜ਼ਮੀਨ ਨੂੰ  ਨੀਲਾਮ ਕਰਵਾਉਣ ਜਾ ਰਿਹਾ ਹੈ। ਇਲਾਕਾ ਵਾਸੀ ਇਸ ਨੂੰ ਪਾਰਕ ਦੱਸਦੇ ਹਨ ਅਤੇ ਨੀਲਾਮੀ ਦਾ  ਵਿਰੋਧ ਕਰ ਰਹੇ ਹਨ। 100 ਮੀਟਰ ਏਰੀਏ ਵਿਚ ਕਰਵਾਈ ਜਾਣ ਵਾਲੀ ਨੀਲਾਮੀ ਟਰੱਸਟ ਲਈ  ਸਿਰਦਰਦੀ ਬਣ ਗਈ ਹੈ, ਕਿਉਂਕਿ ਸਾਈਟ ਪਲਾਨ ਉਸ ਵੇਲੇ ਕੀ ਸੀ ਅਤੇ ਹੁਣ ਕਿਉਂ ਬਦਲਿਆ, ਇਸ  ਬਾਰੇ ਸਵਾਲ ਉੱਠਣ ਲੱਗੇ ਹਨ।
ਭਾਜਪਾ ਆਗੂ ਵਿਵੇਕ ਖੰਨਾ ਨੇ ਇਸ ਸਬੰੰਧ ਵਿਚ ਟਰੱਸਟ ਦੇ  ਚੇਅਰਮੈਨ ਦੀਪਰਵ ਲਾਕੜਾ  ਤੇ ਈ. ਓ. ਸੁਰਿੰਦਰ ਕੁਮਾਰੀ ਨਾਲ ਮੁਲਾਕਾਤ ਕਰ ਕੇ ਲੋਕਾਂ ਦਾ  ਪੱਖ ਰੱਖਿਆ ਹੈ। ਉਨ੍ਹਾਂ ਲਿਖਤੀ ਵਿਚ ਟਰੱਸਟ ਕੋਲੋਂ 3 ਜਵਾਬ ਮੰਗੇ ਹਨ। ਇਸ ਵਿਚ ਪੁੱਛਿਆ  ਗਿਆ ਹੈ ਕਿ ਟਰੱਸਟ ਨੇ ਜਦੋਂ ਇਹ ਕਾਲੋਨੀ ਕੱਟੀ ਸੀ ਤਾਂ ਉਸ ਸਮੇਂ ਨਿਯਮ 100 ਮੀਟਰ ਤਕ  ਨਾਨ-ਕੰਸਟ੍ਰਕਸ਼ਨ ਏਰੀਆ ਛੱਡਣ ਦਾ ਸੀ, ਉਸ ਸਮੇਂ ਟਰੱਸਟ ਨੇ ਇਸ ਏਰੀਏ ਨੂੰ ਕਿਸ ਹਿਸਾਬ ਨਾਲ  ਛੱਡਿਆ। ਕੀ ਨਸ਼ੇ ਵਿਚ ਸਾਈਟ ਪਲਾਨ  ਬਣਾਇਆ ਗਿਆ? ਇਹ ਵੀ ਪੁੱਛਿਆ ਗਿਆ ਹੈ ਕਿ ਉਕਤ ਜ਼ਮੀਨ  ਨੂੰ ਮਿਕਸ ਲੈਂਡ ਯੂਜ਼ (ਕਮਰਸ਼ੀਅਲ) ਤੇ ਪੈਟਰੋਲ ਪੰਪ ਦੀ ਸਾਈਟ ਲਈ ਸਰਕਾਰ ਨੇ ਕੀ ਮਨਜ਼ੂਰੀ  ਦਿੱਤੀ।
ਪਿਛਲੀ ਵਾਰ ਨੀਲਾਮੀ ’ਚੋਂ ਕੱਢਣਾ ਲੋਕਾਂ ਦਾ ਪਲੱਸ ਪੁਆਇੰਟ
ਲੋਕਾਂ  ਦਾ ਕਹਿਣਾ ਹੈ ਕਿ ਪਿਛਲੀ ਵਾਰ ਇਸ ਜ਼ਮੀਨ ਨੂੰ ਨੀਲਾਮੀ ਕਰਵਾਉਣ ਲਈ  ਜੋ ਪ੍ਰਪੋਜ਼ਲ ਤਿਆਰ  ਕੀਤੀ ਗਈ ਸੀ ਤਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ, ਇਸ ਉਪਰੰਤ ਨੀਲਾਮੀ ਵਿਚੋਂ ਇਹ  ਜ਼ਮੀਨ ਕੱਢ ਲਈ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਜ਼ਮੀਨ ਦੀ ਨੀਲਾਮੀ ਨੂੰ ਰੱਦ  ਨਾ ਕੀਤਾ ਗਿਆ ਤਾਂ ਉਹ ਕਾਨੂੰਨ ਦਾ ਸਹਾਰਾ ਲੈਣਗੇ। ਪਿਛਲੀ ਵਾਰ ਇਸ ਜ਼ਮੀਨ ਨੂੰ ਨੀਲਾਮੀ  ਵਿਚੋਂ ਕੱਢਣਾ ਲੋਕਾਂ ਦਾ ਪਲੱਸ ਪੁਆਇੰਟ ਹੈ। ਇਸ ਗੱਲ ਨੂੰ ਲੈ ਕੇ ਟਰੱਸਟ ਨੂੰ ਕੋਰਟ ਵਿਚ  ਘੇਰਿਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਟਰੱਸਟ ਵਲੋਂ ਜੋ ਪੰਫਲੈਟਸ ਵੰਡੇ ਗਏ ਸਨ ਉਸ  ਵਿਚ ਇਸ ਜ਼ਮੀਨ ਨੂੰ ਪਾਰਕ ਦੱਸਿਆ ਗਿਆ ਸੀ ਪਰ ਹੁਣ ਟਰੱਸਟ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ  ਹੈ। 

ਈ. ਓ. ਨੇ ਇੰਜੀਨੀਅਰਿੰਗ ਬ੍ਰਾਂਚ ਕੋਲੋਂ ਮੰਗੀ ਰਿਪੋਰਟ
ਉਥੇ ਈ.  ਓ. ਸੁਰਿੰਦਰ ਕੁਮਾਰੀ ਵੱਲੋਂ ਇੰਜੀਨੀਅਰਿੰਗ ਬ੍ਰਾਂਚ ਕੋਲੋਂ ਰਿਪੋਰਟ ਮੰਗੀ ਗਈ ਹੈ।  ਉਨ੍ਹਾਂ ਨੂੰ ਇਸ ਜ਼ਮੀਨ ਦੀ ਸਾਈਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਲਈ ਪਤਾ ਕੀਤਾ  ਜਾਵੇਗਾ ਕਿ ਟਰੱਸਟ ਨੇ ਇਸ ਜ਼ਮੀਨ ਨੂੰ ਨੀਲਾਮੀ ਵਿਚ ਕਿਸ ਢੰਗ ਨਾਲ ਰੱਖਿਆ। ਈ. ਓ. ਨੇ  ਕਿਹਾ ਕਿ ਲੋਕਾਂ ਨੇ ਇਸ ਸਬੰਧ ਵਿਚ ਉਨ੍ਹਾਂ ਨਾਲ ਸੰਪਰਕ ਕੀਤਾ ਹੈ, ਜਲਦੀ ਹੀ ਰਿਪੋਰਟ ਆ  ਜਾਵੇਗੀ। ਪਿਛਲੀ ਵਾਰ ਨੀਲਾਮੀ ਦਾ ਵਿਰੋਧ ਹੋਣ ਬਾਰੇ ਪੁੱਛੇ ਜਾਣ ’ਤੇ  ਉਨ੍ਹਾਂ ਕਿਹਾ ਕਿ  ਉਸ ਸਮੇਂ ਕਿਹੜੇ ਕਾਰਨਾਂ  ਕਾਰਨ ਇਸ ਜ਼ਮੀਨ ਨੂੰ ਨੀਲਾਮੀ ਵਿਚੋਂ ਕੱਢਿਆ ਗਿਆ, ਇਸ ਬਾਰੇ  ਪਤਾ ਕਰਾਂਗੇ।


Related News