ਜਿਮਖਾਨਾ ਦੇ ਪ੍ਰੈਜ਼ੀਡੈਂਟ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸੈਕਟਰੀ ਨੂੰ ਲੀਗਲ ਨੋਟਿਸ ਜਾਰੀ

02/27/2020 11:29:36 AM

ਜਲੰਧਰ (ਖੁਰਾਣਾ)— ਜਿਮਖਾਨਾ ਕਲੱਬ ਨੇ ਪਿਛਲੇ ਦਿਨੀਂ ਆਪਣੇ ਪੁਰਾਣੇ ਡਿਫਾਲਟਰ ਮੈਂਬਰਾਂ ਕੋਲੋਂ ਬਕਾਏ ਵਸੂਲਣ ਲਈ ਨਵੀਂ ਸ਼ੁਰੂਆਤ ਕਰਦੇ ਕਲੱਬ ਦੇ ਕਈ ਉਨ੍ਹਾਂ ਮੈਂਬਰਾਂ ਨੂੰ ਨੋਟਿਸ ਭੇਜੇ ਸਨ, ਜਿਨ੍ਹਾਂ ਨੇ ਸਾਲਾਂ ਪਹਿਲਾਂ ਇਨ੍ਹਾਂ ਮੈਂਬਰਾਂ ਦੇ ਮੈਂਬਰਸ਼ਿਪ ਫਾਰਮ 'ਤੇ ਬਤੌਰ ਪ੍ਰਪੋਜ਼ਰ ਅਤੇ ਸੈਕੰਡਰ ਆਪਣੇ ਹਸਤਾਖਰ ਕੀਤੇ ਸਨ। ਨੋਟਿਸ ਭੇਜਣ ਪਿੱਛੇ ਕਲੱਬ ਦਾ ਮਕਸਦ ਇਹ ਸੀ ਕਿ ਜਿੱਥੇ ਪ੍ਰਪੋਜ਼ਰ ਸੈਕੰਡਰ ਦਾ ਦਬਾਅ ਪੈਣ ਤੋਂ ਬਾਅਦ ਡਿਫਾਲਟਰ ਮੈਂਬਰ ਆਪਣੇ ਬਕਾਏ ਜਮ੍ਹਾ ਕਰਵਾ ਦੇਣਗੇ, ਉਥੇ ਹੀ ਇਹ ਯੋਜਨਾ ਵੀ ਬਣਾਈ ਗਈ ਸੀ ਕਿ ਪ੍ਰਪੋਜ਼ਰ ਅਤੇ ਸੈਕੰਡਰ 'ਤੇ ਦਬਾਅ ਬਣਾਉਣ ਲਈ ਡਿਫਾਲਟਰ ਮੈਂਬਰ ਵੱਲੋਂ ਬਕਾਇਆ ਅੱਧੀ-ਅੱਧੀ ਰਕਮ ਦੋਵਾਂ ਦੇ ਖਾਤੇ 'ਚ ਪਾ ਦਿੱਤੀ ਜਾਵੇਗੀ।

ਕਲੱਬ ਵੱਲੋਂ ਇਸ ਮਾਮਲੇ 'ਚ ਕਈ ਨੋਟਿਸ ਜਾਰੀ ਕੀਤੇ ਗਏ, ਜਿਨ੍ਹਾਂ 'ਚ ਸੀਨੀਅਰ ਨੇਤਾਵਾਂ ਤੋਂ ਇਲਾਵਾ ਸ਼ਹਿਰ ਦੇ ਮੰਨੇ ਹੋਏ ਵਕੀਲ, ਸੀਨੀਅਰ ਪੁਲਸ ਅਧਿਕਾਰੀਆਂ, ਆਈ. ਪੀ. ਐੱਸ., ਆਈ. ਏ. ਐੱਸ. ਅਤੇ ਪੀ. ਸੀ. ਐੱਸ. ਪੱਧਰ ਦੇ ਅਧਿਕਾਰੀਆਂ ਦੇ ਨਾਂ ਸ਼ਾਮਲ ਸਨ। ਇਸ ਸੂਚੀ ਅਨੁਸਾਰ ਕਲੱਬ ਵੱਲੋਂ ਇਕ ਨੋਟਿਸ ਸ਼ਹਿਰ ਦੇ ਨਾਮੀ ਸੀ. ਏ. ਵਾਈ. ਕੇ. ਸੂਦ ਨੂੰ ਵੀ ਭੇਜਿਆ ਗਿਆ ਸੀ। ਉਨ੍ਹਾਂ ਨੂੰ ਭੇਜੇ ਗਏ ਨੋਟਿਸ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਬਤੌਰ ਸੈਕੰਡਰ ਧਰਮਿੰਦਰ ਅਤਰੀ ਦੇ ਫਾਰਮ 'ਤੇ ਸਾਈਨ ਕੀਤੇ ਸਨ, ਇਸ ਲਈ ਉਨ੍ਹਾਂ ਵੱਲ ਬਕਾਇਆ 14786 ਰੁਪਏ ਦੀ ਰਕਮ ਦਾ ਭੁਗਤਾਨ ਯਕੀਨੀ ਬਣਾਇਆ ਜਾਵੇ।
ਨੋਟਿਸ ਮਿਲਣ ਤੋਂ ਬਾਅਦ ਸੀ. ਏ. ਯੋਗਿੰਦਰ ਕੁਮਾਰ ਸੂਦ ਵਾਸੀ ਅੰਬਿਕਾ ਟਾਵਰ ਪੁਲਸ ਲਾਈਨ ਰੋਡ ਜਲੰਧਰ ਨੇ ਆਪਣੇ ਵਕੀਲ ਐਡਵੋਕੇਟ ਰੋਹਿਤ ਸੂਦ (ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਮੌਜੂਦਾ ਸੈਕਟਰੀ ਵੀ ਹਨ) ਰਾਹੀਂ ਜਿਮਖਾਨਾ ਕਲੱਬ ਦੇ ਪ੍ਰਧਾਨ ਬਲਦਿਓ ਪੁਰੂਸ਼ਾਰਥਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਰਿੰਦਰ ਕੁਮਾਰ ਸ਼ਰਮਾ ਅਤੇ ਜਿਮਖਾਨਾ ਦੇ ਆਨਰੇਰੀ ਸੈਕਟਰੀ ਤਰੁਣ ਸਿੱਕਾ ਨੂੰ ਲੀਗਲ ਨੋਟਿਸ ਭੇਜਿਆ ਹੈ।

ਨੋਟਿਸ 'ਚ ਲਿਖਿਆ ਗਿਆ ਹੈ ਕਿ ਵਾਈ. ਕੇ. ਸੂਦ ਸ਼ਹਿਰ ਦੇ ਮੰਨੇ-ਪ੍ਰਮੰਨੇ ਚਾਰਟਰਡ ਅਕਾਊਂਟੈਂਟ ਅਤੇ 45 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਨ ਅਤੇ ਉਹ 1975 ਤੋਂ ਜਿਮਖਾਨਾ ਕਲੱਬ ਦੇ ਮੈਂਬਰ ਚੱਲੇ ਆ ਰਹੇ ਹਨ। ਉਹ 2 ਟਰਮ ਜਿਮਖਾਨਾ ਕਲੱਬ ਦੇ ਕੈਸ਼ੀਅਰ ਵੀ ਰਹੇ। ਉਨ੍ਹਾਂ ਨੂੰ 26 ਦਸੰਬਰ 2019 ਨੂੰ ਸ਼੍ਰੀ ਅਤਰੀ ਦੇ ਮੈਂਬਰਸ਼ਿਪ ਫਾਰਮ 'ਤੇ ਹਸਤਾਖਰ ਕਰਨ ਬਦਲੇ 14786 ਰੁਪਏ ਦੀ ਵਸੂਲੀ ਦਾ ਨੋਟਿਸ ਭੇਜਿਆ ਗਿਆ। ਭਾਵੇਂ ਹਸਤਾਖਰ ਕਰਨ ਸਮੇਂ ਅਜਿਹੀ ਕੋਈ ਸ਼ਰਤ ਨਹੀਂ ਸੀ ਕਿ ਮੈਂਬਰ ਦੇ ਡਿਫਾਲਟਰ ਹੋ ਜਾਣ 'ਤੇ ਉਸ ਦੀ ਬਕਾਇਆ ਰਕਮ ਸੈਕੰਡਰ ਨੂੰ ਜਮ੍ਹਾ ਕਰਵਾਉਣੀ ਪਵੇਗੀ। ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਕਾਮਨਸੈਂਸ ਦੀ ਗੱਲ ਹੈ ਕਿ ਡਿਫਾਲਟਰ ਮੈਂਬਰ ਦੇ ਖਿਲਾਫ ਰਿਕਵਰੀ ਪ੍ਰੋਸੀਡਿੰਗ ਚਲਾਏ ਬਿਨਾਂ ਪ੍ਰਪੋਜ਼ਰ ਜਾਂ ਸੈਕੰਡਰ ਕੋਲੋਂ ਰਿਕਵਰੀ ਨਹੀਂ ਕੀਤੀ ਜਾ ਸਕਦੀ। ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਲਿਮੀਟੇਸ਼ਨ ਪ੍ਰਕਿਰਿਆ ਦੇ ਤਹਿਤ ਰਿਕਵਰੀ ਸੂਟ ਨੂੰ 3 ਸਾਲ ਬਾਅਦ ਫਾਈਲ ਹੀ ਨਹੀਂ ਕੀਤਾ ਜਾ ਸਕਦਾ। ਕਲੱਬ ਵੱਲੋਂ ਉਨ੍ਹਾਂ ਦੇ ਕਲਾਈਂਟ ਨੂੰ ਨੋਟਿਸ ਜਾਰੀ ਕਰਨ ਅਤੇ ਉਨ੍ਹਾਂ ਦਾ ਨਾਂ ਅਖਬਾਰ 'ਚ ਛਪਣ ਤੋਂ ਇਹ ਪ੍ਰਭਾਵ ਗਿਆ ਹੈ ਕਿ ਸ਼ਾਇਦ ਉਨ੍ਹਾਂ ਨੇ ਕੋਈ ਡਿਫਾਲਟ ਕੀਤਾ ਹੈ, ਜੋ ਮਾਣਹਾਨੀ ਯੋਗ ਹੈ। ਨੋਟਿਸ 'ਚ ਮੰਗ ਕੀਤੀ ਗਈ ਹੈ ਕਿ ਕਲੱਬ ਵੱਲੋਂ ਕੱਢੇ ਗਏ ਨੋਟਿਸ ਤੁਰੰਤ ਵਾਪਸ ਲਿਆ ਜਾਵੇ ਅਤੇ ਕਲਾਈਂਟ (ਵਾਈ. ਕੇ. ਸੂਦ) ਕੋਲੋਂ 15 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਮੰਗੀ ਜਾਵੇ, ਨਹੀਂ ਤਾਂ ਲੀਗਲ ਐਕਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ।

ਕਈ ਹੋਰ ਵਕੀਲਾਂ ਨੇ ਵੀ ਨੋਟਿਸ ਭੇਜਣ ਦੀ ਤਿਆਰੀ ਕੀਤੀ
ਜਿਮਖਾਨਾ ਕਲੱਬ ਨੇ ਡਿਫਾਲਟਰ ਮੈਂਬਰਾਂ ਕੋਲੋਂ ਵਸੂਲੀ ਕਰਨ ਲਈ ਉਨ੍ਹਾਂ ਦੇ ਫਾਰਮਾਂ 'ਤੇ ਸਾਈਨ ਕਰਨ ਵਾਲੇ ਪ੍ਰਪੋਜ਼ਰ ਅਤੇ ਸੈਕੰਡਰ ਮੈਂਬਰਾਂ ਨੂੰ ਜੋ ਨੋਟਿਸ ਭੇਜੇ ਹਨ, ਉਸ ਨਾਲ ਸ਼ਹਿਰ ਅਤੇ ਕਲੱਬ ਦਾ ਮਾਹੌਲ ਭਖਿਆ ਹੋਇਆ ਹੈ ਕਿਉਂਕਿ ਅਜਿਹੇ ਨੋਟਿਸ ਸ਼ਹਿਰ ਦੇ ਕਈ ਮੰਨੇ ਹੋਏ ਵਕੀਲਾਂ ਨੂੰ ਵੀ ਮਿਲੇ ਹਨ। ਬੀਤੇ ਦਿਨ ਜਿਮਖਾਨਾ ਕਲੱਬ ਨੂੰ ਪਹਿਲਾਂ ਲੀਗਲ ਨੋਟਿਸ ਸੀ. ਏ. ਵਾਈ. ਕੇ. ਸੂਦ ਵੱਲੋਂ ਭੇਜਿਆ ਗਿਆ, ਜਦੋਂਕਿ ਕਈ ਹੋਰ ਵਕੀਲਾਂ ਨੇ ਕਲੱਬ ਪ੍ਰਬੰਧਨ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਹੋਈ ਹੈ। ਹੁਣ ਵੇਖਣਾ ਹੈ ਕਿ ਇਸ ਮਾਮਲੇ 'ਚ ਜਿਮਖਾਨਾ ਕਲੱਬ ਦੀ ਮੈਨੇਜਮੈਂਟ ਕੀ ਸਟੈਂਡ ਲੈਂਦੀ ਹੈ। ਵੈਸੇ ਇਨ੍ਹਾਂ ਨੋਟਿਸਾਂ ਦੇ ਵਿਰੋਧ 'ਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਕਲੱਬ ਦਾ ਮਾਹੌਲ ਹੋਰ ਭਖ ਸਕਦਾ ਹੈ। 8 ਮਾਰਚ ਨੂੰ ਹੋਣ ਜਾ ਰਹੀ ਕਲੱਬ ਦੀ ਸਾਲਾਨਾ ਏ. ਜੀ. ਐੱਮ. 'ਚ ਵੀ ਇਹ ਮਾਮਲਾ ਉਠਣ ਦੀ ਸੰਭਾਵਨਾ ਹੈ।


shivani attri

Content Editor

Related News