ਜਲੰਧਰ: ਕੌਣ ਹੋਵੇਗਾ ਜਿਮਖਾਨਾ ਕਲੱਬ ਦਾ ਨਵਾਂ ਸੈਕਟਰੀ, ਫ਼ੈਸਲਾ ਹੋਵੇਗਾ ਅੱਜ

Sunday, Dec 19, 2021 - 10:40 AM (IST)

ਜਲੰਧਰ: ਕੌਣ ਹੋਵੇਗਾ ਜਿਮਖਾਨਾ ਕਲੱਬ ਦਾ ਨਵਾਂ ਸੈਕਟਰੀ, ਫ਼ੈਸਲਾ ਹੋਵੇਗਾ ਅੱਜ

ਜਲੰਧਰ (ਖੁਰਾਣਾ)– 1958 ਵਿਚ ਗਠਿਤ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ 19 ਦਸੰਬਰ ਨੂੰ ਹੋਣੀਆਂ ਹਨ, ਜਿਸ ਦੌਰਾਨ ਫ਼ੈਸਲਾ ਹੋ ਜਾਵੇਗਾ ਕਿ ਜਿਮਖਾਨਾ ਕਲੱਬ ਦਾ ਨਵਾਂ ਸੈਕਟਰੀ ਕੌਣ ਹੋਵੇਗਾ? ਜ਼ਿਕਰਯੋਗ ਹੈ ਕਿ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਚੋਣਾਂ ਦੌਰਾਨ ਆਨਰੇਰੀ ਸੈਕਟਰੀ ਦੇ ਨਾਲ-ਨਾਲ ਜੂਨੀਅਰ ਵਾਈਸ ਪ੍ਰੈਜ਼ੀਡੈਂਟ, ਜੁਆਇੰਟ ਸੈਕਟਰੀ ਅਤੇ ਖ਼ਜ਼ਾਨਚੀ ਅਹੁਦੇ ਦੀਆਂ ਚੋਣਾਂ ਵੀ ਹੋਣਗੀਆਂ ਅਤੇ 10 ਐਗਜ਼ੀਕਿਊਟਿਵ ਮੈਂਬਰ ਵੀ ਚੁਣੇ ਜਾਣਗੇ। ਉਪਰਲੇ ਚਾਰਾਂ ਅਹੁਦਿਆਂ ਦੇ ਨਤੀਜੇ ਰਾਤ 8 ਵਜੇ ਤੱਕ ਆ ਜਾਣ ਦੀ ਉਮੀਦ ਹੈ, ਜਦਕਿ ਐਗਜ਼ੀਕਿਊਟਿਵ ਦੇ ਨਤੀਜੇ ਦੇਰ ਰਾਤ ਐਲਾਨੇ ਜਾ ਸਕਣਗੇ।

ਉੱਪਰਲੇ ਚਾਰਾਂ ਅਹੁਦਿਆਂ ’ਤੇ ਹਨ ਸਿੱਧੇ ਮੁਕਾਬਲੇ
ਐਗਜ਼ੀਕਿਊਟਿਵ ਲਈ 14 ਮੈਦਾਨ ’ਚ

ਆਨਰੇਰੀ ਸੈਕਟਰੀ ਅਹੁਦੇ ਲਈ ਇਸ ਵਾਰ ਸਾਬਕਾ ਸੈਕਟਰੀ ਕੁੱਕੀ ਬਹਿਲ ਅਤੇ ਅਹੁਦਾ ਛੱਡ ਰਹੇ ਸੈਕਟਰੀ ਤਰੁਣ ਸਿੱਕਾ ਵਿਚਕਾਰ ਸਿੱਧਾ ਮੁਕਾਬਲਾ ਹੈ। ਤਰੁਣ ਸਿੱਕਾ ਜਿਥੇ ਕਲੱਬ ਦੇ ਵਿਕਾਸ ਨੂੰ ਚੋਣ ਮੁੱਦਾ ਬਣਾ ਰਹੇ ਹਨ, ਉਥੇ ਹੀ ਕੁੱਕੀ ਬਹਿਲ ਕਲੱਬ ਮੈਂਬਰਾਂ ਵਿਚ ਆਪਣੇ ਨਿਮਰ ਸੁਭਾਅ ਅਤੇ ਮਿਲ-ਜੁਲ ਕੇ ਚੱਲਣ ਲਈ ਜਾਣੇ ਜਾਂਦੇ ਹਨ। ਜੂਨੀਅਰ ਵਾਈਸ ਪ੍ਰੈਜ਼ੀਡੈਂਟ ਲਈ ਗੁਲਸ਼ਨ ਸ਼ਰਮਾ ਅਤੇ ਅਮਿਤ ਕੁਕਰੇਜਾ ਵਿਚਕਾਰ ਸਿੱਧਾ ਮੁਕਾਬਲਾ ਹੈ ਅਤੇ ਦੋਵੇਂ ਹੀ ਹੈਵੀਵੇਟ ਕੈਂਡੀਡੇਟ ਹਨ। ਇਸ ਤਰ੍ਹਾਂ ਜੁਆਇੰਟ ਸੈਕਟਰੀ ਅਹੁਦੇ ਲਈ ਅਨੂ ਮਾਟਾ ਤੇ ਸੌਰਭ ਖੁੱਲਰ ਵਿਚਕਾਰ ਸਖ਼ਤ ਮੁਕਾਬਲਾ ਵਿਖਾਈ ਦੇ ਰਿਹਾ ਹੈ। ਖਜ਼ਾਨਚੀ ਅਹੁਦੇ ਦੀ ਗੱਲ ਕਰੀਏ ਤਾਂ ਇਸ ਵਾਰ ਰਾਜੂ ਵਿਰਕ ਮੈਦਾਨ ਵਿਚ ਹਨ, ਜਿਹੜੇ ਪਿਛਲੀ ਟਰਮ ਦੌਰਾਨ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਸਨ। ਉਨ੍ਹਾਂ ਦੇ ਮੁਕਾਬਲੇ ਵਿਚ ਦੂਜੇ ਗਰੁੱਪ ਨੇ ਮੇਜਰ ਕੋਛੜ ਨੂੰ ਉਤਾਰ ਕੇ ਮੁਕਾਬਲਾ ਬਹੁਤ ਦਿਲਚਸਪ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦੀ CM ਚੰਨੀ-ਸਿੱਧੂ ਜੋੜੀ ਨੂੰ ਨਸੀਹਤ, ਪੰਜਾਬ ਕਾਂਗਰਸ ਦੇ ਭਵਿੱਖ ਲਈ ਹੋਣ ਇਕਜੁੱਟ

PunjabKesari

‘ਜਗ ਬਾਣੀ’ ਦੀ ਖਬਰ ਦਾ ਅਸਰ, ਆਈ. ਏ. ਐੱਸ. ਹਿਮਾਂਸ਼ੂ ਜੈਨ ਨੂੰ ਲਾਇਆ ਆਬਜ਼ਰਵਰ, ਡੀ. ਸੀ. ਪੀ. ਨੂੰ ਬਣਾਇਆ ਪੁਲਸ ਨੋਡਲ ਆਫ਼ਿਸਰ
ਕਲੱਬ ਵਿਚ ਮੋਬਾਇਲ ਫੋਨ ਲਿਜਾਣ ’ਤੇ ਪਾਬੰਦੀ, ਪੂਰੀ ਪ੍ਰਕਿਰਿਆ ਦੀ ਹੋਵੇਗੀ ਵੀਡੀਓਗ੍ਰਾਫ਼ੀ

‘ਜਗ ਬਾਣੀ’ ਨੇ ਪਿਛਲੇ ਦਿਨੀਂ ਵਿਸਥਾਰ ਨਾਲ ਖਬਰ ਛਾਪੀ ਸੀ ਕਿ ਚੋਣਾਂ ਵਿਚ ਖੜ੍ਹਾ ਇਕ ਗਰੁੱਪ ਕਲੱਬ ਚੋਣਾਂ ਵਿਚ ਗੜਬੜੀ ਦਾ ਖਦਸ਼ਾ ਪ੍ਰਗਟ ਕਰ ਰਿਹਾ ਹੈ। ਇਸ ਸਬੰਧ ਵਿਚ ਗਰੁੱਪ ਦੇ ਉਮੀਦਵਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖੀ ਗਈ ਚਿੱਠੀ ਅਤੇ ਵਕੀਲਾਂ ਦੇ ਇਕ ਵਫ਼ਦ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜੇ ਗਏ ਮੰਗ-ਪੱਤਰ ਬਾਰੇ ਵੀ ਖਬਰ ਛਪਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਅੱਜ ਜਿਮਖਾਨਾ ਕਲੱਬ ਦੀਆਂ ਚੋਣਾਂ ਬਹੁਤ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਵਾਧੂ ਇੰਤਜ਼ਾਮ ਕੀਤੇ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਜਾਰੀ ਹੁਕਮਾਂ ਮੁਤਾਬਕ ਆਈ. ਏ. ਐੱਸ. ਹਿਮਾਂਸ਼ੂ ਜੈਨ ਨੂੰ ਕਲੱਬ ਚੋਣਾਂ ਲਈ ਆਬਜ਼ਰਵਰ ਲਾਇਆ ਗਿਆ ਹੈ, ਜਦੋਂ ਕਿ ਰਿਟਰਨਿੰਗ ਆਫ਼ਿਸਰ ਏ. ਡੀ. ਸੀ. ਅਮਰਜੀਤ ਬੈਂਸ ਹੀ ਹੋਣਗੇ ਅਤੇ ਏ. ਆਰ. ਓ. ਦੀ ਡਿਊਟੀ ਵੀ ਐੱਸ. ਡੀ. ਐੱਮ. ਕਪੂਰਥਲਾ ਜੈਇੰਦਰ ਸਿੰਘ ਨਿਭਾਉਣਗੇ। ਡੀ. ਸੀ. ਵੱਲੋਂ ਜਾਰੀ ਹੁਕਮਾਂ ਮੁਤਾਬਕ ਜਲੰਧਰ ਦੇ ਡੀ. ਸੀ. ਪੀ. ਜਗਮੋਹਨ ਸਿੰਘ ਨੂੰ ਕਲੱਬ ਚੋਣਾਂ ਲਈ ਪੁਲਸ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ, ਜਿਹੜੇ ਕਲੱਬ ਅਤੇ ਬਾਹਰ ਦੀ ਪੂਰੀ ਸੁਰੱਖਿਆ ਵਿਵਸਥਾ ਦੀ ਦੇਖ-ਰੇਖ ਕਰਨਗੇ। ਇਸ ਤੋਂ ਇਲਾਵਾ ਐੱਸ. ਡੀ. ਐੱਮ. ਹਰਪ੍ਰੀਤ ਸਿੰਘ ਅਟਵਾਲ ਅਤੇ ਬਲਦੇਵ ਰਾਜ ਸਿੰਘ ਨੂੰ ਵੋਟਾਂ ਦੀ ਗਿਣਤੀ ਪ੍ਰਕਿਰਿਆ ਲਈ ਨੋਡਲ ਆਫਿਸਰ ਨਿਯੁਕਤ ਕੀਤਾ ਗਿਆ ਹੈ। ਇਸ ਪ੍ਰਕਿਰਿਆ ਵਿਚ ਤਹਿਸੀਲਦਾਰ ਰੁਪਿੰਦਰ ਸਿੰਘ ਬੱਲ ਅਸਿਸਟੈਂਟ ਨੋਡਲ ਅਫ਼ਸਰ ਦੀ ਭੂਮਿਕਾ ਨਿਭਾਉਣਗੇ। ਪੋਲਿੰਗ ਕੇਂਦਰ ਵਿਚ ਮੋਬਾਇਲ ਫੋਨ ਅਤੇ ਹਥਿਆਰ ਲਿਜਾਣ ’ਤੇ ਪਾਬੰਦੀ ਰਹੇਗੀ ਅਤੇ ਪੋਲਿੰਗ ਅਤੇ ਕਾਊਂਟਿੰਗ ਨਾਲ ਸਬੰਧਤ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਹੋਵੇਗੀ। ਇਸੇ ਵਿਚਕਾਰ ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਨੇ ਅੱਜ ਸਾਰੇ ਉਮੀਦਵਾਰਾਂ ਨਾਲ ਇਕ ਮੀਟਿੰਗ ਕਰ ਕੇ ਸਾਰੇ ਇੰਤਜ਼ਾਮਾਂ ਦੀ ਜਾਣਕਾਰੀ ਦਿੱਤੀ। ਤਰਕ ਦਿੱਤਾ ਗਿਆ ਕਿ ਕੋਵਿਡ-19 ਦੇ ਨਿਯਮਾਂ ਕਾਰਨ ਕਲੱਬ ਦੀਆਂ ਚੋਣਾਂ ਇਸ ਵਾਰ ਲਾਅਨ ਏਰੀਆ ਵਿਚ ਕਰਵਾਈਆਂ ਜਾ ਰਹੀਆਂ ਹਨ।

ਕਲੱਬ ਨੇੜਲਾ ਇਲਾਕਾ ਹੋਰਡਿੰਗਜ਼ ਅਤੇ ਬੈਨਰਾਂ ਨਾਲ ਭਰ ਦਿੱਤਾ
ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਖੜ੍ਹੇ ਸਾਰੇ ਉਮੀਦਵਾਰ ਤਰ੍ਹਾਂ-ਤਰ੍ਹਾਂ ਦੇ ਪ੍ਰਚਾਰ ਸਾਧਨਾਂ ਦਾ ਸਹਾਰਾ ਲੈ ਰਹੇ ਹਨ। ਨਿਗਮ ਅਤੇ ਵਿਧਾਨ ਸਭਾ ਚੋਣਾਂ ਵਾਂਗ ਉਮੀਦਵਾਰਾਂ ਵੱਲੋਂ ਹੋਰਡਿੰਗਜ਼ ਅਤੇ ਬੈਨਰ ਵੀ ਲਾਏ ਜਾ ਰਹੇ ਹਨ ਅਤੇ ਕਲੱਬ ਚੋਣਾਂ ਦੇ ਮੱਦੇਨਜ਼ਰ ਜਿਮਖਾਨਾ ਨੇੜਲਾ ਪੂਰਾ ਇਲਾਕਾ ਉਮੀਦਵਾਰਾਂ ਦੇ ਪੋਸਟਰਾਂ ਨਾਲ ਭਰ ਗਿਆ ਹੈ। ਨਾਮਦੇਵ ਚੌਂਕ ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਚੌਕ ਤੱਕ ਸੈਂਕੜਿਆਂ ਦੀ ਗਿਣਤੀ ਵਿਚ ਹੋਰਡਿੰਗਜ਼ ਅਤੇ ਬੈਨਰ ਲਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ:  ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਜਲੰਧਰ 'ਚ ਬਣੇਗਾ ਸਪੋਰਟਸ ਹੱਬ

PunjabKesari

ਅਨੋਖੇ ਢੰਗ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਮੇਜਰ ਕੋਛੜ
ਇਸ ਵਾਰ ਖਜ਼ਾਨਚੀ ਅਹੁਦੇ ’ਤੇ ਚੋਣ ਲੜ ਰਹੇ ਮੇਜਰ ਕੋਛਡ਼ ਆਪਣੇ ਅਨੋਖੇ ਚੋਣ ਪ੍ਰਚਾਰ ਲਈ ਪ੍ਰਸਿੱਧ ਹੋ ਰਹੇ ਹਨ। ਅੱਜ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੇ ਇਕ ਮੈਸੇਜ ਨੂੰ ਜਾਰੀ ਕੀਤਾ, ਜਿਨ੍ਹਾਂ ਹੱਥ ਵਿਚ ਫੜੀ ਤਖਤੀ ’ਤੇ ਲਿਖਿਆ ਹੈ, ‘‘ਜੇਕਰ ਮੈਂ ਜਿਮਖਾਨਾ ਕਲੱਬ ਦਾ ਮੈਂਬਰ ਹੁੰਦਾ ਤਾਂ ਖਜ਼ਾਨਚੀ ਅਹੁਦੇ ਲਈ ਉਮੀਦਵਾਰ ਮੇਜਰ ਕੋਛੜ ਨੂੰ ਵੋਟ ਪਾਉਂਦਾ।’’ ਇਸ ਤੋਂ ਇਲਾਵਾ ਮੇਜਰ ਕੋਛੜ ਨੇ ਵੋਟਿੰਗ ਵਾਲੇ ਦਿਨ 70 ਸਾਲ ਤੋਂ ਉਪਰ ਸੀਨੀਅਰ ਮੈਂਬਰਾਂ ਨੂੰ ਮੁਫ਼ਤ ਪਿਕਅਪ ਅਤੇ ਡਰਾਪ ਦੀ ਸਹੂਲਤ ਮੁਹੱਈਆ ਕਰਵਾਈ ਹੈ ਤਾਂ ਕਿ ਬਜ਼ੁਰਗ ਮੈਂਬਰਾਂ ਨੂੰ ਵੋਟ ਪਾਉਣ ਆਉਣ ਲਈ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਦੇ ਨਾਲ ਹੀ ਅੱਜ ਉਨ੍ਹਾਂ ਫਿਰ ਇਕ ਵੀਡੀਓ ਜਾਰੀ ਕੀਤੀ, ਜਿਸ ਵਿਚ ਕਲੱਬ ਦੇ ਪ੍ਰਮੁੱਖ ਮੈਂਬਰਾਂ ਨੂੰ ਆਪਣੇ ਸਮਰਥਨ ਵੋਟ ਦੇਣ ਦੀ ਅਪੀਲ ਕਰਦਿਆਂ ਦਿਖਾਇਆ ਗਿਆ।

PunjabKesari

ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ 'ਆਪ' 'ਤੇ ਚੁੱਕੇ ਸਵਾਲ, ਕਿਹਾ-ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ਼ ਨਾ ਸਮਝਣ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News