ਮੋਹਲਤ ਖਤਮ : ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰੇਗਾ ਪੀ. ਐੱਨ. ਬੀ.

Friday, Aug 17, 2018 - 09:50 AM (IST)

ਮੋਹਲਤ ਖਤਮ : ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰੇਗਾ ਪੀ. ਐੱਨ. ਬੀ.

ਜਲੰਧਰ,(ਪੁਨੀਤ)— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰਨ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਹੈ ਕਿਉੁਂਕਿ ਟਰੱਸਟ ਨੂੰ 15 ਅਗਸਤ ਤਕ ਲਈ ਦਿੱਤੀ ਗਈ ਮੋਹਲਤ ਖਤਮ ਹੋ ਗਈ ਹੈ।

ਬੈਂਕ ਦਾ 111 ਕਰੋੜ ਰੁਪਏ ਦਾ ਲੋਨ ਮੋੜਨ ਤੋਂ ਅਸਮਰਥ ਇੰਵਰੂਵਮੈਂਟ ਟਰੱਸਟ ਨੂੰ ਬੈਂਕ ਨੇ ਪਿਛਲੇ ਮਹੀਨੇ ਨੋਟਿਸ ਭੇਜ ਕੇ ਸੂਚਿਤ ਕੀਤਾ ਸੀ ਕਿ ਜੇਕਰ 12 ਜੁਲਾਈ ਤਕ ਟਰੱਸਟ ਨੇ ਪੈਸੇ ਮੋੜਨ ਦੀ ਕਾਰਵਾਈ ਸ਼ੁਰੂ ਨਾ ਕੀਤੀ ਤਾਂ ਬੈਂਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰ ਕੇ ਆਪਣੇ ਕਬਜ਼ੇ ਵਿਚ ਲੈ ਲਵੇਗਾ। ਇਸ ਉਪਰੰਤ ਟਰੱਸਟ ਨੇ ਬੈਂਕ ਨੂੰ ਲਿਖਤੀ ਬੇਨਤੀ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ 15 ਅਗਸਤ ਦਾ ਜ਼ਿਲਾ ਪੱਧਰੀ ਪ੍ਰੋਗਰਾਮ ਹੁੰਦਾ ਹੈ ਇਸ ਲਈ ਸੀਲ ਨਾ ਲਾਈ ਜਾਵੇ।

ਬੈਂਕ ਨੇ ਇਸ ਬੇਨਤੀ 'ਤੇ 15 ਅਗਸਤ ਤਕ ਦੀ ਮੋਹਲਤ ਦੇ ਦਿੱਤੀ ਜੋ ਕਿ ਕਲ (15 ਅਗਸਤ) ਖਤਮ ਹੋਣ ਤੋਂ ਬਾਅਦ ਬੈਂਕ ਨੇ ਦੁਬਾਰਾ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ. ਟੀ. ਰੋਡ ਬ੍ਰਾਂਚ ਦੇ ਚੀਫ ਮੈਨੇਜਰ ਕੈਲਾਸ਼ ਚੰਦਰ ਨੇ ਕਿਹਾ ਕਿ ਸੀਲ ਕਰਨ ਲਈ ਪ੍ਰਸ਼ਾਸਨ ਕੋਲੋਂ ਸਕਿਓਰਿਟੀ ਮੰਗੀ ਜਾ ਰਹੀ ਹੈ ਤਾਂ ਜੋ ਸਟੇਡੀਅਮ ਨੂੰ ਕਬਜ਼ੇ ਵਿਚ ਲਿਆ ਜਾ ਸਕੇ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਕਟ 2002 ਦੀ ਧਾਰਾ 13(2) ਦੇ ਤਹਿਤ ਉਹ ਕਾਨੂੰਨਨ ਟਰੱਸਟ ਦੀ ਪ੍ਰਾਪਰਟੀ ਕਬਜ਼ੇ ਵਿਚ ਲੈਣ ਦਾ ਹੱਕ ਰੱਖਦੇ ਹਨ।

ਸਟੇਡੀਅਮ ਦੀ ਕੀਮਤ 288 ਕਰੋੜ ਰੁਪਏ
ਇੰਪਰੂਵਮੈਂਟ ਟਰੱਸਟ ਦੀ 400 ਕਰੋੜ ਤੋਂ ਜ਼ਿਆਦਾ ਦੀ ਪ੍ਰਾਪਰਟੀ ਬੈਂਕ ਕੋਲ ਗਹਿਣੇ ਹੈ ਜਿਸ ਵਿਚ ਸਭ ਤੋਂ ਅਹਿਮ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਹੈ ਜਿਸ ਦੀ ਬੈਂਕ ਦੇ ਹਿਸਾਬ ਨਾਲ ਵੈਲਿਊ 288 ਕਰੋੜ ਰੁਪਏ ਲਗਾਈ ਗਈ ਹੈ। ਬੈਂਕ ਸਟੇਡੀਅਮ ਨੂੰ ਸੀਲ ਕਰਨ ਤੋਂ ਬਾਅਦ ਉਸ ਨੂੰ ਵੇਚਣ ਦਾ ਹੱਕ ਰੱਖਦਾ ਹੈ। ਬੈਂਕ ਕੋਲ ਇਸ ਤੋਂ ਇਲਾਵਾ ਹੋਰ ਵੀ ਕਈ ਜਾਇਦਾਦਾਂ ਗਹਿਣੇ ਹਨ ਜਿਨ੍ਹਾਂ ਵਿਚ ਸੂਰਯਾ ਐਨਕਲੇਵ, ਗੁਰੂ ਗੋਬਿੰਦ ਸਿੰਘ ਸਟੇਡੀਅਮ ਸਣੇ ਹੋਰ ਜਾਇਦਾਦਾਂ ਸ਼ਾਮਲ ਹਨ। ਦਸਿਆ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਲਾਉਣ ਦੇ ਨਾਲ-ਨਾਲ ਟਰੱਸਟ ਦੀਆਂ ਹੋਰ ਜਾਇਦਾਦਾਂ 'ਤੇ ਵੀ ਨੋਟਿਸ ਲਾਏ ਜਾਣਗੇ

ਨੋਟਿਸ ਭੇਜਣ ਤੋਂ ਬਾਅਦ ਜਮ੍ਹਾ ਹੋਏ 1.40 ਕਰੋੜ
ਜੁਲਾਈ ਵਿਚ ਸੀਲ ਕਰਨ ਦਾ ਨੋਟਿਸ ਮਿਲਣ ਤੋਂ ਬਾਅਦ ਟਰੱਸਟ ਅਧਿਕਾਰੀ ਕੁੰੰਭਕਰਨੀ ਨੀਂਦ ਤੋਂ ਜਾਗੇ ਤੇ ਪੈਸੇ ਜਮ੍ਹਾ ਕਰਵਾਉਣੇ ਸ਼ੁਰੂ ਕੀਤੇ। 12 ਜੁਲਾਈ ਤੋਂ 15 ਅਗਸਤ ਤਕ 1.40 ਕਰੋੜ ਰੁਪਏ ਜਮ੍ਹਾ ਹੋਏ। ਮੋਹਲਤ ਖਤਮ ਹੋਣ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ 10 ਲੱਖ ਰੁਪਏ ਜਮ੍ਹਾ ਹੋਏ। 31 ਮਾਰਚ ਨੂੰ ਟਰੱਸਟ ਦਾ ਅਕਾਊਂਟ ਐੱਨ. ਪੀ. ਏ. (ਨਾਨ ਪ੍ਰਫਾਰਮਿੰਗ ਅਸੈੱਟ) ਹੋਣ ਤੋਂ ਬਾਅਦ ਹੁਣ ਤਕ 1.65 ਲੱਖ ਰੁਪਏ ਜਮ੍ਹਾ ਹੋਏ ਕਿਉੁਂਕਿ 10 ਲੱਖ ਰੁਪਏ ਮਾਰਚ ਤੋਂ ਬਾਅਦ ਜਮ੍ਹਾ ਕਰਵਾਏ ਗਏ ਸਨ।

2011 'ਚ ਲਿਆ ਸੀ 175 ਕਰੋੜ ਦਾ ਲੋਨ
ਇੰਪਰੂਵਮੈਂਟ ਟਰੱਸਟ ਨੇ 2011 ਵਿਚ 95.97 ਏਕੜ ਸੂਰਯਾ ਐਨਕਲੇਵ ਐਕਸਟੈਂਸ਼ਨ ਸਕੀਮ ਲਈ ਪੰਜਾਬ ਨੈਸ਼ਨਲ ਬੈਂਕ ਦੀ ਜੀ. ਟੀ. ਰੋਡ ਸ਼ਾਖਾ ਕੋਲੋਂ 175 ਕਰੋੜ ਦਾ ਲੋਨ ਲਿਆ ਸੀ। ਇਹ ਸਕੀਮ ਬੁਰੀ ਤਰ੍ਹਾਂ ਫਲਾਪ ਹੋਈ ਜਿਸ ਤੋਂ ਬਾਅਦ ਟਰੱਸਟ ਦੀ ਕੋਈ ਹੋਰ ਸਕੀਮ ਨਹੀਂ ਆ ਸਕੀ ਤੇ ਟਰੱਸਟ ਆਰਥਿਕ ਤੌਰ 'ਤੇ ਕਮਜ਼ੋਰ ਹੁੰਦਾ ਚਲਾ ਗਿਆ। ਮੌਜੂਦਾ ਸਮੇਂ ਵਿਚ ਟਰੱਸਟ ਦੇ ਆਰਥਿਕ ਹਾਲਾਤ ਬੇਹਦ ਖਸਤਾ ਹਨ।


Related News