ਗੰਨ ਪੁਆਇੰਟ 'ਤੇ ਲੁੱਟਣ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫਤਾਰ
Friday, Sep 13, 2019 - 03:41 PM (IST)

ਜਲੰਧਰ (ਸ਼ੋਰੀ, ਸੋਨੂੰ)—ਦਿਹਾਤ ਪੁਲਸ ਨੇ ਨਾਕਾਬੰਦੀ ਦੌਰਾਨ ਹਾਈਵੇ 'ਤੇ ਪਿਸਤੌਲ ਦੀ ਨੋਕ 'ਤੇ ਰਾਹਗੀਰਾਂ ਕੋਲੋਂ ਕਾਰਾਂ, ਟਰੱਕ ਆਦਿ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਉਨ੍ਹਾਂ ਕੋਲੋਂ 2 ਟਰੱਕ, 3 ਕਾਰਾਂ, 2 ਪਿਸਤੌਲ ਦੇਸੀ 32 ਬੋਰ ਅਤੇ 50 ਜ਼ਿੰਦਾ ਰੌਂਦ, ਨਕਲੀ ਡਰਾਈਵਿੰਗ ਲਾਇਸੈਂਸ ਅਤੇ ਆਧਾਰ ਕਾਰਡ ਵੀ ਬਰਾਮਦ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ . ਸਟਾਫ ਵਿਚ ਤਾਇਨਾਤ ਸਬ-ਇੰਸਪੈਕਟਰ ਨਿਰਮਲ ਸਿੰਘ ਨੇ ਫਿਲੌਰ ਪੁਲਸ ਦੇ ਨਾਲ ਸਤਲੁਜ ਪੁਲ ਕੋਲ ਨਾਕਾਬੰਦੀ ਕੀਤੀ ਹੋਈ ਸੀ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਰਵਣ ਸਿੰਘ ਵਾਸੀ ਜ਼ਿੰਦਾ ਵਾਲਾ ਥਾਣਾ ਹਰੀਕੇ (ਤਰਨਤਾਰਨ), ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰੀਕੇ, ਸਾਜਨਪ੍ਰੀਤ ਸਿੰਘ ਉਰਫ ਸਾਜਨ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸੁਲਤਾਨਵਿੰਡ (ਅੰਮ੍ਰਿਤਸਰ), ਜਗਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪੱਤੀ ਮਲਕੋ ਕੀ ਸੁਲਤਾਨਵਿੰਡ (ਅੰਮ੍ਰਿਤਸਰ), ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਅਵਤਾਰ ਸਿੰਘ, ਅਵਕਾਸ਼ ਸਿੰਘ ਉਰਫ ਲੱਡੂ ਪੁੱਤਰ ਬਲਦੇਵ ਸਿੰਘ ਵਾਸੀ ਮਜੀਠਾ (ਅੰਮ੍ਰਿਤਸਰ) ਨੇ ਆਪਸ ਵਿਚ ਮਿਲ ਕੇ ਇਕ ਗੈਂਗ ਬਣਾਇਆ ਹੋਇਆ ਸੀ ਜੋ ਕਿ ਹਾਈਵੇ 'ਤੇ ਪਿਸਤੌਲ ਦੀ ਨੋਕ 'ਤੇ ਕਾਰਾਂ, ਟਿੱਪਰ, ਟਰੱਕ ਆਦਿ ਲੁੱਟਦੇ ਸਨ।
ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੈਂਗ ਦੇ ਮੈਂਬਰਾਂ ਕੋਲ 2 ਘੋੜਾ ਟਰੱਕ ਬਿਨਾਂ ਨੰਬਰੀ, ਆਈ-20 ਅਤੇ 2 ਸਵਿਫਟ ਕਾਰਾਂ ਹਨ ਅਤੇ ਲੁੱਟੇ ਵਾਹਨਾਂ ਨੂੰ ਦਿੱਲੀ ਵਿਚ ਵੇਚਣ ਜਾ ਰਹੇ ਹਨ। ਪੁਲਸ ਨੇ ਪੁਖਤਾ ਸੂਚਨਾ ਦੇ ਆਧਾਰ 'ਤੇ ਰਾਤ ਕਰੀਬ 8 ਵਜੇ ਇਕ ਘੋੜਾ ਟਰੱਕ ਬਿਨਾਂ ਨੰਬਰੀ ਜੋ ਜਲੰਧਰ ਵੱਲ ਆ ਰਿਹਾ ਸੀ, ਨੂੰ ਰੋਕ ਕੇ ਡਰਾਈਵਰ ਦਾ ਨਾਂ ਪੁੱਛਿਆ, ਜਿਸ ਨੇ ਆਪਣਾ ਨਾਂ ਹਰਪ੍ਰੀਤ ਉਰਫ ਹੈਪੀ ਦੱਸਿਆ। ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਪਿਸਤੌਲ 32 ਬੋਰ ਅਤੇ 30 ਜ਼ਿੰਦਾ ਰੌਂਦ ਮਿਲੇ। ਇਸ ਦੌਰਾਨ ਇਕ ਹੋਰ ਟਰੱਕ ਬਿਨਾਂ ਨੰਬਰੀ ਗੋਰਾਇਆ ਸਾਈਡ ਤੋਂ ਆ ਰਿਹਾ ਸੀ, ਨੂੰ ਰੋਕਿਆ ਗਿਆ, ਜਿਸ ਦੇ ਡਰਾਈਵਰ ਗੁਰਪ੍ਰੀਤ ਸਿੰਘ ਦੀ ਤਲਾਸ਼ੀ ਲੈਣ 'ਤੇ ਪੁਲਸ ਨੂੰ ਉਸ ਕੋਲੋਂ ਇਕ ਦੇਸੀ ਪਿਸਤੌਲ 32 ਬੋਰ ਸਣੇ 20 ਜ਼ਿੰਦਾ ਰੌਂਦ ਬਰਾਮਦ ਹੋਏ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦੋਵਾਂ ਕਾਬੂ ਮੁਲਜ਼ਮਾਂ ਦੇ ਪਿੱਛੇ 3 ਕਾਰਾਂ ਵੀ ਆ ਰਹੀਆਂ ਸਨ। ਪੁਲਸ ਦਾ ਨਾਕਾ ਵੇਖ ਤਿੰਨਾਂ ਨੇ ਚਲਾਕੀ ਨਾਲ ਕਾਰਾਂ ਪਿੱਛੇ ਮੋੜਨੀਆਂ ਸ਼ੁਰੂ ਕੀਤੀਆਂ ਪਰ ਪੁਲਸ ਨੇ ਤਿੰਨਾਂ ਕਾਰਾਂ ਨੂੰ ਰੋਕ ਕੇ ਡਰਾਈਵਰਾਂ ਨੂੰ ਕਾਬੂ ਕਰ ਲਿਆ। ਕਾਰ ਆਈ-20 ਬਿਨਾਂ ਨੰਬਰੀ ਦੇ ਡਰਾਈਵਰ ਦਾ ਨਾਂ ਪੁੱਛਣ 'ਤੇ ਉਸ ਨੇ ਆਪਣਾ ਨਾਂ ਜਗਪ੍ਰੀਤ ਸਿੰਘ ਲੱਲਾ ਅਤੇ ਸਵਿਫਟ ਕਾਰ ਦੇ ਡਰਾਈਵਰ ਨੇ ਆਪਣਾ ਨਾਂ ਵਿਕਰਮਜੀਤ ਸਿੰਘ ਉਰਫ ਵਿੱਕੀ ਦੱਸਿਆ। ਤੀਜੀ ਕਾਰ (ਸਵਿਫਟ) ਦੇ ਡਰਾਈਵਰ ਦੀ ਪਛਾਣ ਸਾਜਨਪ੍ਰੀਤ ਉਰਫ ਸਾਜਨ ਦੇ ਤੌਰ 'ਤੇ ਹੋਈ ਤੇ ਨਾਲ ਬੈਠੇ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਂ ਅਵਕਾਸ਼ ਸਿੰਘ ਉਰਫ ਲੱਡੂ ਦੱਸਿਆ। ਸਾਰੇ ਵਾਹਨਾਂ ਦਾ ਕੋਈ ਵੀ ਕਾਗਜ਼ਾਤ ਡਰਾਈਵਰ ਨਹੀਂ ਪੇਸ਼ ਕਰ ਸਕੇ। ਪੁਲਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਕੇ ਵਾਹਨ ਜ਼ਬਤ ਕਰ ਲਏ ਅਤੇ ਅਦਾਲਤ ਵਿਚ ਪੇਸ਼ ਕਰ ਕੇ ਇਨ੍ਹਾਂ ਦਾ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਪੁਲਸ ਹਿਰਾਸਤ 'ਚੋਂ ਭੱਜ ਚੁੱਕੇ ਹਨ 2 ਮੁਲਜ਼ਮ
ਪੁਲਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਤਰਨਤਾਰਨ ਅਦਾਲਤ ਵਿਚ ਪੇਸ਼ੀ ਦੌਰਾਨ 12 ਜੂਨ 2019 ਨੂੰ ਪੁਲਸ ਹਿਰਾਸਤ 'ਚੋਂ ਭੱਜ ਗਏ ਸਨ। ਪੁਲਸ ਮੁਲਾਜ਼ਮ ਨੂੰ ਹਰਪ੍ਰੀਤ ਆਪਣੀ ਮਾਂ ਦੇ ਹੱਥਾਂ ਦਾ ਬਣਿਆ ਖਾਣਾ ਖੁਆਉਣ ਦਾ ਬਹਾਨਾ ਲਾ ਕੇ ਘਰ ਲੈ ਆਇਆ ਅਤੇ ਉਥੋਂ ਮੌਕਾ ਵੇਖ ਕੇ ਖੁਦ ਤੇ ਆਪਣੇ ਸਾਥੀ ਗੁਰਪ੍ਰੀਤ ਨੂੰ ਲੈ ਕੇ ਫਰਾਰ ਹੋ ਗਿਆ। ਕ੍ਰਾਈਮ ਦੀ ਦੁਨੀਆ ਵਿਚ ਆਪਣਾ ਨਾਂ ਪੁਲਸ ਦੀ ਐੱਫ. ਆਈ. ਆਰ. ਵਿਚ ਦਰਜ ਕਰਵਾਉਣ ਵਾਲੇ ਹਰਪ੍ਰੀਤ ਸਿੰਘ ਖਿਲਾਫ 23 ਅਤੇ ਗੁਰਪ੍ਰੀਤ ਦੇ ਖਿਲਾਫ ਵੀ 23 ਕੇਸ ਹੀ ਦਰਜ ਹਨ। ਜਦੋਂਕਿ ਵਿਕਰਮਜੀਤ ਦੇ ਖਿਲਾਫ 11 ਕੇਸ ਦਰਜ ਹਨ। ਜਗਪ੍ਰੀਤ ਸਿੰਘ ਦੇ ਖਿਲਾਫ 8 ਕੇਸ, ਅਵਕਾਸ਼ ਦੇ ਖਿਲਾਫ ਇਕ ਕੇਸ ਅਤੇ ਸਾਜਨਪ੍ਰੀਤ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ।
ਵਾਹਨ ਲੁੱਟ ਕੇ ਦਿੱਲੀ ਵੇਚਣ ਤੋਂ ਬਾਅਦ ਕਰਦੇ ਸਨ ਅੱਯਾਸ਼ੀ
ਸਾਰੇ ਕਾਬੂ ਮੁਲਜ਼ਮ ਵਾਹਨਾਂ ਨੂੰ ਲੁੱਟਣ ਤੋਂ ਬਾਅਦ ਅੱਯਾਸ਼ੀ ਕਰਦੇ ਹਨ ਅਤੇ ਵਾਹਨਾਂ ਨੂੰ ਵੇਚਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ, ਭਿਖਸ਼ੂਨਾਥ ਆਦਿ ਠੰਡੇ ਇਲਾਕਿਆਂ ਵਿਚ ਜਾ ਕੇ ਮੌਜ਼-ਮਸਤੀ ਕਰਦੇ ਸਨ ਅਤੇ ਮਹਿੰਗੇ ਕੱਪੜੇ ਪਾਉਣ ਦੇ ਸ਼ੌਕੀਨ ਸਨ। ਸਾਰੇ ਘਰਾਂ ਤੋਂ ਭੱਜੇ ਹੋਏ ਸਨ ਅਤੇ ਪੁਲਸ ਨੂੰ ਉਨ੍ਹਾਂ ਦੀ ਭਾਲ ਸੀ।