ਗੁਰਦੁਆਰੇ ਦੇ ਗ੍ਰੰਥੀ ਨਾਲ ਕੁੱਟਮਾਰ ਕਰਨ ਤੇ ਪਗੜੀ ਉਤਾਰਣ ਦੇ ਮਾਮਲੇ ਵਿਚ ਬਸਪਾ ਨੇ ਦਿੱਤਾ ਧਰਨਾ
Thursday, Jan 28, 2021 - 12:39 PM (IST)

ਜਲੰਧਰ (ਮਹੇਸ਼) -ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਹਰਦੋ-ਫਰਾਲਾ ਵਿਚ ਪਿਛਲੇ ਦਿਨੀਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਲਦੇਵ ਸਿੰਘ ਪੁੱਤਰ ਧੰਨਾ ਸਿੰਘ ਨਾਲ ਕੁੱਟਮਾਰ ਕਰਨ ਤੋਂ ਬਾਅਦ ਪਗੜੀ ਉਤਾਰ ਦਿੱਤੀ ਗਈ ਸੀ। ਅਜਿਹੀ ਹਰਕਤ ਕਰਨ ਵਾਲੇ ਮੁਲਜ਼ਮਾਂ ’ਤੇ ਕਾਰਵਾਈ ਕਰਨ ਦੀ ਮੰਗ ਸਬੰਧੀ ਬੁੱਧਵਾਰ ਬਹੁਜਨ ਸਮਾਜ ਪਾਰਟੀ ਹਲਕਾ ਜਲੰਧਰ ਕੈਂਟ ਦੇ ਵਰਕਰਾਂ ਵੱਲੋਂ ਹਰਦੋ-ਫਰਾਲਾ ਦੇ ਹੋਰ ਨਿਵਾਸੀਆਂ ਸਮੇਤ ਥਾਣਾ ਸਦਰ ਦੇ ਬਾਹਰ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਬਸਪਾ ਜਲੰਧਰ ਕੈਂਟ ਦੇ ਪ੍ਰਧਾਨ ਸੋਮ ਲਾਲ ਸੋਮਿਆ (ਕੋਟ ਕਲਾਂ) ਨੇ ਕੀਤੀ। ਇਸ ਮੌਕੇ ਬਸਪਾ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਦੋਸ਼ ਲਾਇਆ ਕਿ ਪੁਲਸ ਸਿਆਸੀ ਦਬਾਅ ਕਾਰਣ ਦੋਸ਼ੀਆਂ ’ਤੇ ਕਾਰਵਾਈ ਨਹੀਂ ਕਰ ਰਹੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਇਸ ਪੰਜਾਬੀ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ ਵਿਚ ਹਾਸਲ ਕੀਤਾ ਵੱਡਾ ਅਹੁਦਾ
ਉਨ੍ਹਾਂ ਨੇ ਹਲਕੇ ਦੇ ਮੌਜੂਦਾ ਵਿਧਾਇਕ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਗੁੱਸਾ ਕੱਢਿਆ। ਥਾਣਾ ਸਦਰ ਦੇ ਕਾਰਜਕਾਰੀ ਐੱਸ. ਐੱਚ. ਓ. ਰਛਮਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਆਪਣੇ ਧਰਨੇ ਨੂੰ ਜਾਰੀ ਰੱਖਿਆ। ਮਾਮਲਾ ਵਧਦਾ ਦੇਖ ਐੱਸ. ਐੱਚ. ਓ. ਸਦਰ ਵੱਲੋਂ ਦੂਜੀ ਪਾਰਟੀ ਨੂੰ ਵੀ ਥਾਣੇ ’ਚ ਸੱਦ ਲਿਆ ਗਿਆ। ਦੇਰ ਸ਼ਾਮ ਨੂੰ ਪਤਾ ਲੱਗਾ ਕਿ ਧਰਨਾਕਾਰੀ ਦੂਜੀ ਪਾਰਟੀ ਦੇ ਗ੍ਰੰਥੀ ਬਲਦੇਵ ਸਿੰਘ ਤੋਂ ਆਪਣੀ ਹੋਈ ਗਲਤੀ ਲਈ ਪੁਲਸ ਦੀ ਹਾਜ਼ਰੀ ’ਚ ਮੁਆਫ਼ੀ ਮੰਗ ਲੈਣ ਦੇ ਕਾਰਨ ਸ਼ਾਂਤ ਹੋ ਗਏ ਸਨ।