ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੋਕੇ ਤੇ ਨਸ਼ਿਆਂ ’ਤੇ ਕਾਬੂ ਪਾਵੇ ਸਰਕਾਰ : ਬੀਬੀ ਰਾਜਵਿੰਦਰ ਰਾਜੂ

05/15/2022 3:44:10 PM

ਜਲੰਧਰ (ਬਿਊਰੋ) : ਔਰਤਾਂ ਦੀ ਭਲਾਈ ਅਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਮਹਿਲਾ ਕਿਸਾਨ ਯੂਨੀਅਨ ਦੀ ਅੱਜ ਜਲੰਧਰ ਨੇੜਲੇ ਪਿੰਡ ਹਰੀਪੁਰ ਵਿਖੇ ਇਕ ਉਚੇਚੀ ਮੀਟਿੰਗ ਹੋਈ, ਜਿਸ ’ਚ ਹਲਕੇ ਦੇ ਵੱਖ-ਵੱਖ ਪਿੰਡਾਂ ’ਚੋਂ ਬੀਬੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ। ਇਸ ਮੌਕੇ ਜਥੇਬੰਦੀ ਦਾ ਹੋਰ ਵਿਸਥਾਰ ਕਰਦਿਆਂ ਹਲਕਾ ਆਦਮਪੁਰ ਲਈ ਮਹਿਲਾ ਕਿਸਾਨ ਯੂਨੀਅਨ ਦੀ ਇਕਾਈ ਦਾ ਗਠਨ ਵੀ ਕੀਤਾ ਗਿਆ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੇਂਦਰ ਦੀ ਕਿਸਾਨ ਵਿਰੋਧੀ ਨਰਿੰਦਰ ਮੋਦੀ ਸਰਕਾਰ ਵਾਂਗ ਹੀ ਕਿਸਾਨੀ ਦੀਆਂ ਹੱਕੀ ਮੰਗਾਂ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ, ਜਿਸ ਕਰਕੇ ਸੂਬੇ ’ਚ ਕਿਸਾਨਾਂ ਦੀਆਂ ਨਿੱਤ ਦਿਹਾੜੇ ਖ਼ੁਦਕੁਸ਼ੀਆਂ ਹੋ ਰਹੀਆਂ ਹਨ ਪਰ ‘ਆਪ’ ਸਰਕਾਰ ਦੇ ਕੰਨਾਂ ’ਤੇ ਜੂੰ ਵੀ ਨਹੀਂ ਸਰਕ ਰਹੀ। ਇਸੇ ਰੋਸ ਵਜੋਂ ਹੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੰਮ ਕਰ ਰਹੀਆਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ 17 ਮਈ ਨੂੰ ਚੰਡੀਗੜ੍ਹ ਵਿਖੇ ਅਣਮਿੱਥੇ ਸਮੇਂ ਦਾ ਕਿਸਾਨ ਮੋਰਚਾ ਲਾਉਣ ਦਾ ਦਿੱਤਾ ਹੈ।

ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਅਤੇ ਫੋਕੇ ਵਾਅਦੇ ਕਰਕੇ ਸੱਤਾ ’ਚ ਆਈ ਮਾਨ ਸਰਕਾਰ ਦੇ ਰਾਜ ਦੌਰਾਨ ਵੀ ਨਸ਼ਿਆਂ ਦਾ ਛੇਵਾਂ ਦਰਿਆ ਬਾਦਸਤੂਰ ਵਗ ਰਿਹਾ ਹੈ, ਜੋ ਨੌਜਵਾਨੀ ਨੂੰ ਨਿੱਤ ਨਿਗਲ ਰਿਹਾ ਹੈ ਪਰ ‘ਐਲਾਨਵੰਤ’ ਅਤੇ ਉਨ੍ਹਾਂ ਦੇ ਮੰਤਰੀਆਂ ਦਾ ਲਾਣਾ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਹੱਲ ਕਰਨ ਦੀ ਥਾਂ ਫੋਕੇ ਐਲਾਨਾਂ ਤੇ ਇਸ਼ਤਿਹਾਬਾਜ਼ੀ ਰਾਹੀਂ ਜਨਤਾ ਦਾ ਧਿਆਨ ਭਟਕਾ ਰਿਹਾ ਹੈ। ਇਸ ਮੌਕੇ ਆਪਣੇ ਸੰਬੋਧਨ ’ਚ ਯੂਨੀਅਨ ਦੇ ਜਨਰਲ ਸਕੱਤਰ ਬੀਬੀ ਦਵਿੰਦਰ ਕੌਰ ਨੇ ਪੰਜਾਬ ਦੀਆਂ ਸਮੂਹ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਪੰਜਾਬ ਦੀ ਇਕੋ-ਇਕ ਆਜ਼ਾਦ ਮਹਿਲਾ ਕਿਸਾਨ ਯੂਨੀਅਨ ਦੀਆਂ ਮੈਂਬਰ ਬਣ ਕੇ ਜਥੇਬੰਦਕ ਏਕੇ ਵਜੋਂ ਆਪਣੀ ਇਕਜੁੱਟਤਾ ਦਿਖਾਉਣ। ਇਸ ਮੌਕੇ ਹੋਰਨਾਂ ਬੀਬੀਆਂ ਤੋ ਇਲਾਵਾ ਕੁਲਦੀਪ ਕੌਰ, ਇੰਦਰਜੀਤ ਕੌਰ, ਜਸਵਿੰਦਰ ਕੌਰ, ਗੁਰਜੀਤ ਕੌਰ, ਸੁਰਿੰਦਰ ਕੌਰ, ਨਿੰਦੀ, ਬਲਵੀਰ ਕੌਰ, ਸੁਰਿੰਦਰ ਕੌਰ, ਬਲਬੀਰ ਕੌਰ, ਦਵਿੰਦਰ ਕੌਰ, ਜਸਵਿੰਦਰ ਕੌਰ ਵੀ ਹਾਜ਼ਰ ਸਨ।

 


Manoj

Content Editor

Related News