ਸਰਕਾਰੀ ਗ੍ਰਾਂਟ ’ਚ ਗਬਨ ਦਾ ਮਾਮਲਾ, ਨਾਮਜ਼ਦ ਲੋਕਾਂ ਨੂੰ ਨੋਟਿਸ ਜਾਰੀ ਕਰਨ ਮਗਰੋਂ ਗ੍ਰਿਫ਼ਤਾਰੀ ਦਾ ਸਿਲਸਿਲਾ ਹੋਵੇਗਾ ਸ਼ੁਰੂ

08/07/2022 11:52:42 AM

ਜਲੰਧਰ (ਵਰੁਣ)–ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 6 ਸੋਸਾਇਟੀਆਂ ਨੂੰ ਮਿਲੀ 60 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਵਿਚ ਗਬਨ ਕਰਨ ਦੇ ਮਾਮਲੇ ਵਿਚ ਪੁਲਸ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਨੇ ਨਾਮਜ਼ਦ 27 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ, ਹਾਲਾਂਕਿ ਛਾਪੇਮਾਰੀ ਤੋਂ ਪਹਿਲਾਂ ਪੁਲਸ ਸਭ ਨੂੰ ਨੋਟਿਸ ਜਾਰੀ ਕਰੇਗੀ, ਜਦਕਿ ਬਾਅਦ ਵਿਚ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਜਾਵੇਗੀ।

ਪੁਲਸ ਅਧਿਕਾਰੀ ਸਰਕਾਰੀ ਗ੍ਰਾਂਟ ਵਿਚ ਗਬਨ ਦੇ ਇਸ ਕੇਸ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤ ਰਹੇ। ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕੇਸ ’ਤੇ ਨਜ਼ਰਾਂ ਗੱਡੀਆਂ ਹੋਈਆਂ ਹਨ। ਪੰਜਾਬ ਵਿਚ ਭਗਵੰਤ ਮਾਨ ਸਰਕਾਰ ਆਉਣ ਤੋਂ ਬਾਅਦ ਅਜਿਹੇ ਕੇਸਾਂ ਵਿਚ ਪੁਲਸ ਵੱਲੋਂ ਢਿੱਲ ਕਾਫੀ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ, ਜਦੋਂ ਕਿ ਜਲੰਧਰ ਵਿਚ ਉਕਤ ਗਬਨ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਆਗੂ ਵੀ ਪੁਲਸ ਤੋਂ ਅਪਡੇਟ ਮੰਗ ਰਹੇ ਹਨ।

ਇਹ ਵੀ ਪੜ੍ਹੋ:ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਲੈ ਕੇ ਬੋਲੇ ਪੰਜਾਬ ਦੇ DGP ਗੌਰਵ ਯਾਦਵ, ਦਿੱਤਾ ਇਹ ਬਿਆਨ

ਥਾਣਾ ਨੰਬਰ 8 ਵਿਚ ਦਰਜ ਹੋਈਆਂ 6 ਐੱਫ਼. ਆਈ. ਆਰ. ਵਿਚ ਨਾਮਜ਼ਦ ਲੋਕਾਂ ਨੂੰ ਨੋਟਿਸ ਜਾਰੀ ਕਰਨ ਦੀ ਕਾਰਵਾਈ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਵੱਖ-ਵੱਖ ਟੀਮਾਂ ਮੁਲਜ਼ਮਾਂ ਨੂੰ ਕਾਬੂ ਕਰਨਾ ਸ਼ੁਰੂ ਕਰਨਗੀਆਂ। ਕੌਂਸਲਰ ਸੁਸ਼ੀਲ ਕਾਲੀਆ ਉਰਫ਼ ਵਿੱਕੀ ਸਮੇਤ ਹੋਰ ਮੰਨੇ-ਪ੍ਰਮੰਨੇ ਚਿਹਰੇ ਅੰਡਰਗਰਾਊਂਡ ਹਨ। ਉਨ੍ਹਾਂ ਦੇ ਮੋਬਾਇਲ ਵੀ ਬੰਦ ਆ ਰਹੇ ਹਨ। ਜਾਂਚ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਕੌਂਸਲਰਪਤੀ ਵੀ ਪੁਲਸ ਦੇ ਰਾਡਾਰ ’ਤੇ ਚੱਲ ਰਿਹਾ ਹੈ, ਜਿਸ ਨੇ ਹਾਲ ਹੀ ਵਿਚ ਹੋਈਆਂ ਚੋਣਾਂ ’ਚ ਆਪਣੀ ਪਾਰਟੀ ਨਾਲ ਦਗਾਬਾਜ਼ੀ ਵੀ ਕੀਤੀ ਸੀ।

ਇਸ ਗਬਨ ਦਾ ਖ਼ੁਲਾਸਾ ਭਾਜਪਾ ਆਗੂ ਕੇ. ਡੀ. ਭੰਡਾਰੀ ਨੇ ਕੀਤਾ ਸੀ, ਜਿਸ ਦੀ ਜਾਂਚ ਏ. ਡੀ. ਸੀ. ਵਰਿੰਦਰਪਾਲ ਸਿੰਘ ਬਾਜਵਾ ਨੇ ਕੀਤੀ ਅਤੇ ਇਨ੍ਹਾਂ ਸਾਰੀਆਂ 6 ਸੋਸਾਇਟੀਆਂ ਦੇ ਮੈਂਬਰਾਂ ਖ਼ਿਲਾਫ਼ ਥਾਣਾ ਨੰਬਰ 8 ਵਿਚ ਕੇਸ ਦਰਜ ਕੀਤੇ ਗਏ। ਮੁਲਜ਼ਮਾਂ ਨੇ ਜਾਂਚ ਲਈ ਗਈਆਂ ਟੀਮਾਂ ਨੂੰ ਪੁਰਾਣੀਆਂ ਬਿਲਡਿੰਗਾਂ ਵਿਖਾ ਕੇ ਗੁੰਮਰਾਹ ਕੀਤਾ ਸੀ, ਜਦੋਂ ਕਿ ਕੌਂਸਲਰ ਸੁਸ਼ੀਲ ਕਾਲੀਆ ਨੇ ਲੋਕਾਂ ਵੱਲੋਂ ਇਕੱਠੇ ਕੀਤੇ ਪੈਸਿਆਂ ਨਾਲ ਬਣ ਰਹੇ ਕਮਿਊਨਿਟੀ ਹਾਲ ’ਤੇ ਗ੍ਰਾਂਟ ਦਾ ਪੈਸਾ ਲੱਗਾ ਸ਼ੋਅ ਕੀਤਾ, ਜਿਸ ਦਾ ਸਥਾਨਕ ਲੋਕਾਂ ਨੇ ਖੁਲਾਸਾ ਕਰ ਦਿੱਤਾ ਸੀ।

ਪੁਲਸ ਨੇ ਇਨ੍ਹਾਂ 6 ਐੱਫ਼. ਆਈ. ਆਰਜ਼ ’ਚ ਕੌਂਸਲਰ ਸੁਸ਼ੀਲ ਕਾਲੀਆ ਉਰਫ਼ ਵਿੱਕੀ, ਉਨ੍ਹਾਂ ਦੇ ਪਿਤਾ ਰਾਮਪਾਲ, ਬੇਟੇ ਅੰਸ਼ੂਮਨ ਕਾਲੀਆ, ਕੌਂਸਲਰ ਦੀਪਕ ਸ਼ਾਰਦਾ ਦੇ ਪਿਤਾ ਰਮੇਸ਼ ਸ਼ਾਰਦਾ, ਲਕਸ਼ਯ ਸ਼ਰਮਾ ਪੁੱਤਰ ਨਵੀਨ ਸ਼ਰਮਾ ਨਿਵਾਸੀ ਇੰਡਸਟਰੀਅਲ ਏਰੀਆ, ਅਨਮੋਲ ਕਾਲੀਆ ਪੁੱਤਰ ਰਾਜੇਸ਼ ਕਾਲੀਆ ਨਿਵਾਸੀ ਸ਼ਿਵਨਗਰ, ਪ੍ਰਿੰਸ ਸ਼ਾਰਦਾ ਪੁੱਤਰ ਅਨਿਲ ਸ਼ਾਰਦਾ ਨਿਵਾਸੀ ਸ਼ਿਵ ਨਗਰ, ਸੂਰਜ ਕਾਲੀਆ ਪੁੱਤਰ ਰਾਜ ਕੁਮਾਰ ਨਿਵਾਸੀ ਸ਼ਿਵ ਨਗਰ, ਜੀਵਨ ਕੁਮਾਰ ਪੁੱਤਰ ਤਿਲਕ ਰਾਜ ਨਿਵਾਸੀ ਸ਼ਿਵ ਨਗਰ, ਦੀਪਾਂਸ਼ੂ ਕਪੂਰ ਪੁੱਤਰ ਰਾਕੇਸ਼ ਕਪੂਰ ਨਿਵਾਸੀ ਸ਼ਿਵ ਨਗਰ, ਵਿਨੋਦ ਸ਼ਰਮਾ, ਰਾਜੇਸ਼ ਅਰੋੜਾ, ਕੇਸਰ ਸਿੰਘ ਜਨਰਲ ਸੈਕਟਰੀ, ਰਾਜਿੰਦਰ ਸਿੰਘ ਕੈਸ਼ੀਅਰ, ਨਿਸ਼ਾਨ ਸਿੰਘ, ਸ਼ੁਭਮ ਸ਼ਰਮਾ, ਮੋਹਿਤ ਸੇਠੀ, ਸਾਹਿਲ, ਪਵਨ ਕੁਮਾਰ, ਵਿਨੋਦ ਕੁਮਾਰ, ਗੌਰਵ ਕੁਮਾਰ, ਅਮਨਦੀਪ ਸਿੰਘ, ਰਾਕੇਸ਼ ਕੁਮਾਰ, ਸੰਨੀ ਮਰਵਾਹਾ, ਦੀਪ ਕੁਮਾਰ, ਅਤੁਲ, ਤੀਰਥ ਸਿੰਘ ਅਤੇ ਕੁਲਦੀਪ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਅੰਸ਼ੂਮਨ ਦਾ ਨਾਂ 3 ਐੱਫ਼. ਆਈ. ਆਰਜ਼ ’ਚ ਨਾਮਜ਼ਦ ਹੈ।

ਇਹ ਵੀ ਪੜ੍ਹੋ: ਰਿਪੋਰਟ 'ਚ ਖ਼ੁਲਾਸਾ, ਬਾਲ ਮਜਦੂਰੀ 'ਚ 18 ਸੂਬਿਆਂ ਵਿਚੋਂ ਪੰਜਾਬ ਸਭ ਤੋਂ ਉੱਪਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News