ਘਰ ’ਚ ਵਡ਼ ਕੇ ਪਿਸਤੌਲ ਦੀ ਨੋਕ ’ਤੇ ਲੁੱਟੇ ਸੋਨੇ ਦੇ ਗਹਿਣੇ

Monday, Jan 27, 2020 - 11:24 PM (IST)

ਘਰ ’ਚ ਵਡ਼ ਕੇ ਪਿਸਤੌਲ ਦੀ ਨੋਕ ’ਤੇ ਲੁੱਟੇ ਸੋਨੇ ਦੇ ਗਹਿਣੇ

ਬੇਗੋਵਾਲ, (ਰਜਿੰਦਰ)- ਪੰਜਾਬ ਦੇ ਪ੍ਰਸਿੱਧ ਐੱਨ. ਆਰ. ਆਈ. ਇਲਾਕੇ ਬੇਗੋਵਾਲ ਵਿਚ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਬੇਗੋਵਾਲ ਨੇਡ਼ਲੇ ਪਿੰਡ ਪਿਰੋਜ ਸੰਗੋਵਾਲ ਵਿਖੇ ਅਣਪਛਾਤੇ ਚੋਰ ਨੇ ਘਰ ਵਿਚ ਦਾਖਲ ਹੋ ਕੇ ਪਿਸਤੌਲ ਦੀ ਨੋਕ ’ਤੇ ਗਹਿਣੇ ਲੁੱਟੇ। ਜਿਸ ਉਪਰੰਤ ਚੋਰ ਘਰੋਂ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖਡ਼੍ਹੇ ਆਪਣੇ ਸਾਥੀ ਪਿਛੇ ਬੈਠ ਕੇ ਫਰਾਰ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿੰਦੀਪੁਰ, ਥਾਣਾ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਨੇ ਦਸਿਆ ਕਿ ਉਹ ਅਮਰੀਕਾ ਤੋਂ ਛੁੱਟੀ ਆਇਆ ਹੋਇਆ ਹੈ। ਜਿਸ ਕਰਕੇ ਮੈਂ ਆਪਣੇ ਪਰਿਵਾਰ ਸਮੇਤ ਆਪਣੇ ਸਹੁਰਾ ਪਰਿਵਾਰ ਨੂੰ ਮਿਲਣ ਲਈ ਪਿੰਡ ਪਿਰੋਜ ਸੰਗੋਵਾਲ ਆਇਆ ਸੀ। ਸ਼ਾਮ ਕਰੀਬ ਸਾਢੇ 5 ਵਜੇ ਜਦੋਂ ਮੈਂ ਆਪਣੇ ਪਰਿਵਾਰ ਨੂੰ ਸਹੁਰਾ ਪਰਿਵਾਰ ਦੇ ਘਰ ਮੂਹਰੇ ਕਾਰ ਵਿਚੋਂ ਉਤਾਰਿਆ ਤੇ ਆਪ ਗੱਡੀ ਸਾਈਡ ’ਤੇ ਕਰਕੇ ਜਦੋਂ ਘਰ ਅੰਦਰ ਗਿਆ ਤਾਂ ਮੇਰੇ ਪਿਛੇ ਇਕ ਨੌਜਵਾਨ ਮੇਰੇ ਸਹੁਰਾ ਪਰਿਵਾਰ ਦੇ ਘਰ ਅੰਦਰ ਦਾਖਲ ਹੋਇਆ। ਜਿਸਨੇ ਘਰ ਦੀ ਲੌਬੀ ਵਿਚ ਆ ਕੇ ਮੇਰੇ ’ਤੇ ਪਿਸਤੌਲ ਤਾਣ ਲਿਆ ਤੇ ਕਹਿਣ ਲੱਗਾ ਕਿ ਜਿਹਡ਼ਾ ਕਡ਼ਾ ਪਾਇਆ ਹੈ, ਉਤਾਰ ਦੇ ਨਹੀਂ ਤਾਂ ਗੋਲੀ ਮਾਰ ਦੇਵਾਂਗਾ। ਫਿਰ ਉਸਨੇ ਮੇਰੀ ਸੱਸ ਤੇ ਸਹੁਰੇ ’ਤੇ ਪਿਸਤੌਲ ਤਾਣ ਲਿਆ ਤੇ ਮੇਰੀ ਸੱਸ ਨੂੰ ਕਹਿਣ ਲੱਗਾ ਕਿ ਜਿਹਡ਼ਾ ਸੋਨਾ ਪਾਇਆ ਹੈ, ਉਤਾਰ ਦੇ ਨਹੀਂ ਤਾਂ ਗੋਲੀ ਮਾਰ ਦੇਵਾਂਗਾ। ਇਸੇ ਦੌਰਾਨ ਉਕਤ ਅਣਪਛਾਤਾ ਨੌਜਵਾਨ ਮੇਰੀ ਸੱਸ ਹਰਜਿੰਦਰ ਕੌਰ ਦੇ ਸੋਨੇ ਦੇ ਦੋ ਗਜਰੇ ਕਰੀਬ 11 ਤੋਲੇ, ਇਕ 4 ਤੋਲੇ ਦੀ ਸੋਨੇ ਦੀ ਚੇਨ, ਵਾਲੀਆਂ ਦਾ ਜੋਡ਼ਾ ਤੋਂ ਇਲਾਵਾ ਇਕ ਚਾਰ ਤੋਲੇ ਦਾ ਸੋਨੇ ਦਾ ਕਡ਼ਾ ਲੈ ਕੇ ਘਰੋਂ ਬਾਹਰ ਆਇਆ ਤੇ ਘਰ ਬਾਹਰ ਪਲਸਰ ਸਟਾਰਟ ਕਰਕੇ ਖਡ਼੍ਹੇ ਆਪਣੇ ਸਾਥੀ ਪਿਛੇ ਬੈਠ ਕੇ ਫਰਾਰ ਹੋ ਗਿਆ। ਦੂਜੇ ਪਾਸੇ ਖੋਹ ਦੀ ਵਾਰਦਾਤ ਬਾਰੇ ਪਤਾ ਲੱਗਣ ’ਤੇ ਬੇਗੋਵਾਲ ਪੁਲਸ ਮੌਕੇ ’ਤੇ ਪੁੱਜੀ। ਜਿਸ ਉਪਰੰਤ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ।


author

Bharat Thapa

Content Editor

Related News