ਸਟੀਲ ਫਰਨੀਚਰ ਫੈਕਟਰੀ ’ਚ ਭਿਆਨਕ ਅੱਗ

Wednesday, Oct 24, 2018 - 02:15 AM (IST)

ਸਟੀਲ ਫਰਨੀਚਰ ਫੈਕਟਰੀ ’ਚ ਭਿਆਨਕ ਅੱਗ

ਹੁਸ਼ਿਆਰਪੁਰ,  (ਘੁੰਮਣ)-  ਸ਼ਹਿਰ ਦੇ ਪ੍ਰਮੁੱਖ ਉਦਯੋਗਿਕ ਗਰੁੱਪ ਚਾਵਲਾ ਫਰਨੀਚਰਜ਼ ਦੀ ਫਗਵਾਡ਼ਾ ਰੋਡ ਫੋਕਲ ਪੁਆਇੰਟ ਸਥਿਤ ਚੰਦਰ ਸਟੀਲ ਇੰਡਸਟਰੀਜ਼ ’ਚ ਅੱਜ ਦੁਪਹਿਰੇ ਅਚਾਨਕ ਅੱਗ ਭਡ਼ਕ ਉੱਠੀ। ਦੁਪਹਿਰ ਕਰੀਬ 11.45 ਵਜੇ ਫੈਕਟਰੀ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਅੱਗ ਨੂੰ ਪਹਿਲਾਂ ਤਾਂ ਕਰਮਚਾਰੀਆਂ ਨੇ ਬੁਝਾਉਣ ਦਾ ਯਤਨ ਕੀਤਾ ਪਰ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਫੈਕਟਰੀ ਮਾਲਕ ਹਰਸ਼ ਚਾਵਲਾ ਤੇ ਰਘੂ ਚਾਵਲਾ ਨੇ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਫਾਇਰ ਸਟੇਸ਼ਨ ਅਫ਼ਸਰ ਸਾਦਿਕ ਮਸੀਹ ਦੀ ਅਗਵਾਈ ’ਚ ਅੱਗ ਬੁਝਾਊ ਅਮਲੇ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਾਣੀ ਦੀਆਂ ਬੌਛਾਡ਼ਾਂ ਅਤੇ ਫੋਮ ਨਾਲ ਅੱਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ। 
ਇਸ ਦੌਰਾਨ ਵਰਧਮਾਨ ਯਾਰਨ ਐਂਡ ਥਰੈੱਡ ਅਤੇ ਸੋਨਾਲੀਕਾ ਉਦਯੋਗ ਸਮੂਹ ਦੇ ਫਾਇਰ ਟੈਂਡਰ ਵੀ ਮੌਕੇ ’ਤੇ ਪਹੁੰਚ ਗਏ। ਅੱਗ ਦੀਆਂ ਲਾਟਾਂ ਅਤੇ ਆਸਮਾਨ ਨੂੰ ਛੂੰਹਦੇ ਧੂੰਏਂ ਨੂੰ ਦੇਖ ਕੇ ਪੂਰੇ ਫੋਕਲ ਪੁਆਇੰਟ ’ਚ ਹਫਡ਼ਾ-ਦਫਡ਼ੀ ਵਾਲਾ ਮਾਹੌਲ ਬਣ ਗਿਆ। ਲਗਾਤਾਰ ਪਾਣੀ ਦੀਆਂ ਬੌਛਾਡ਼ਾਂ ਕਰਦਿਆਂ ਕਰੀਬ ਦੋ ਦਰਜਨ ਫਾਇਰ ਟੈਂਡਰਾਂ ਨੇ ਬਡ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਪਹਿਲੀ ਮੰਜ਼ਿਲ ’ਤੇ ਪਿਆ ਭਾਰੀ ਸਟਾਕ ਅਤੇ ਹੋਰ ਸਾਜ਼ੋ-ਸਾਮਾਨ ਸਡ਼ ਕੇ ਸੁਆਹ ਹੋ ਗਿਆ। ਹਾਲਾਂਕਿ ਇਸ ਵੱਡੇ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ  ਪਰ  ਫਿਰ ਵੀ ਕਰੋਡ਼ਾਂ ਰੁਪਏ ਦਾ ਮਾਲੀ ਨੁਕਸਾਨ ਹੋ ਜਾਣ ਦਾ ਖਦਸ਼ਾ ਹੈ। 
ਘਟਨਾ ਦੀ ਸੂਚਨਾ ਮਿਲਦਿਆਂ ਹੀ ਤਹਿਸੀਲਦਾਰ ਹਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਨਵਦੀਪ ਸਿੰਘ, ਕਾਨੂੰਗੋ ਕ੍ਰਿਸ਼ਨ ਮਨੋਚਾ, ਐੱਸ. ਐੱਚ. ਓ. ਮਾਡਲ ਟਾਊਨ ਇੰਸਪੈਕਟਰ ਭਰਤ ਮਸੀਹ ਤੋਂ ਇਲਾਵਾ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਜੇ. ਐੱਸ. ਸੋਢੀ, ਜਨਰਲ ਸਕੱਤਰ ਪ੍ਰਦੀਪ ਗੁਪਤਾ ਸਮੇਤ ਉਦਯੋਗਪਤੀ ਵਿਕਾਸ ਪੁਰੀ, ਹਰਪਿੰਦਰ ਲਾਡੀ, ਵਿਕਾਸ ਗੁਪਤਾ, ਅੰਕੁਸ਼ ਮਲਹੋਤਰਾ ਆਦਿ ਮੌਕੇ ’ਤੇ ਪਹੁੰਚ ਗਏ। 
 


Related News