ਸਰਕਾਰੀ ਬੱਸਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਸਰਕਾਰ, ਹਰ ਬੱਸ ’ਤੇ ਲੱਗੇਗਾ ਇਹ ਯੰਤਰ

Wednesday, Aug 23, 2023 - 05:45 PM (IST)

ਜਲੰਧਰ (ਨਰਿੰਦਰ ਮੋਹਨ)- ਸਟਾਫ਼ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਪੰਜਾਬ ਸਰਕਾਰ ਨੇ ਮਸ਼ੀਨਾਂ ਦਾ ਸਹਾਰਾ ਲੈਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਬੱਸਾਂ ਵਿੱਚ ਹੋ ਰਹੀ ਡੀਜ਼ਲ ਦੀ ਚੋਰੀ ਰੋਕਣ ਲਈ ਤੇਲ ਟੈਂਕੀਆਂ 'ਤੇ ਫਿਊਲ ਸੈਂਸਰ ਲਗਾਉਣ ਦੀ ਤਿਆਰੀ ਕਰ ਲਈ ਹੈ। ਸਰਕਾਰ ਨੇ ਫਿਊਲ ਸੈਂਸਰ ਲਗਾਉਣ ਲਈ ਟੈਂਡਰ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਤੇਲ ਚੋਰੀ ਰੋਕਣ ਲਈ ਟੀਮਾਂ ਬਣਾ ਕੇ ਕੋਸ਼ਿਸ਼ ਕੀਤੀ ਸੀ ਪਰ ਕੋਈ ਫਾਇਦਾ ਨਹੀਂ ਹੋਇਆ। ਤੇਲ ਚੋਰੀ ਰੋਕਣ ਲਈ ਪੰਜਾਬ ਸਰਕਾਰ ਨੇ ਬੱਸਾਂ ਵਿੱਚ ਟਰੈਕਿੰਗ ਸਿਸਟਮ ਲਗਾਉਣ ਦੀ ਵੀ ਤਿਆਰੀ ਕਰ ਲਈ ਹੈ।  ਤੇਲ ਟੈਂਕੀ 'ਤੇ ਲੱਗਣ ਵਾਲੀ ਮਸ਼ੀਨ ਫਿਊਲ ਸੈਂਸਰ ਦਾ ਵੀ ਟੈਸਟ ਕੀਤਾ ਗਿਆ, ਜਿਸ 'ਚ ਇਹ ਗੱਲ ਸਾਹਮਣੇ ਆਈ ਕਿ ਟੈਂਕੀ 'ਚੋਂ ਲੀਟਰਾਂ ਵਿਚ ਤੇਲ ਕੱਢਿਆ ਗਿਆ ਤਾਂ ਸੈਂਸਰ ਨੇ ਤੁਰੰਤ ਹੈੱਡਕੁਆਰਟਰ ਨੂੰ ਅਲਰਟ ਕਰ ਦਿੱਤਾ। ਇਸ ਵੇਲੇ ਪੰਜਾਬ ਰੋਡਵੇਜ਼ ਦੇ ਦੋ ਡਿਪੂਆਂ ਵਿੱਚ ਇਸ ਨੂੰ ਪਾਇਲਟ ਪ੍ਰਾਜੈਕਟ ਦੇ ਰੂਪ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਜਲੰਧਰ ਦਾ ਇਹ ਮਸ਼ਹੂਰ ਜੂਸ ਬਾਰ ਮੁੜ ਘਿਰਿਆ ਵਿਵਾਦਾਂ 'ਚ, ਬਿੱਛੂ ਤੋਂ ਬਾਅਦ ਹੁਣ ਨਿਕਲਿਆ ਕਾਕਰੋਚ

ਇਕ ਅੰਦਾਜ਼ੇ ਅਨੁਸਾਰ ਸਿਰਫ਼ ਰੋਡਵੇਜ਼/ਪਨਬੱਸ ਬੱਸਾਂ ਵਿੱਚੋਂ ਕਰੀਬ ਤਿੰਨ ਕਰੋੜ ਰੁਪਏ ਪ੍ਰਤੀ ਮਹੀਨਾ ਡੀਜ਼ਲ ਗਾਇਬ ਹੋ ਰਿਹਾ ਹੈ। ਸਿਰਫ਼ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਵਿੱਚ ਹੀ ਰੋਜ਼ਾਨਾ ਇਕ-ਇਕ ਟੈਂਕਰ ਡੀਜ਼ਲ ਗਾਇਬ ਹੋ ਜਾਂਦਾ ਹੈ, ਜਿਸ ਵਿੱਚ 10,000 ਲੀਟਰ ਡੀਜ਼ਲ ਹੁੰਦਾ ਹੈ। ਜਦਕਿ ਪੀ. ਆਰ. ਟੀ. ਸੀ. ਦੇ ਡੀਜ਼ਲ ਦੇ ਨੁਕਸਾਨ ਦਾ ਅੰਦਾਜ਼ਾ ਵੱਖਰੇ ਤੌਰ ’ਤੇ ਲਾਇਆ ਜਾਂਦਾ ਹੈ। ਫਿਲਹਾਲ 100 ਬੱਸਾਂ 'ਚ ਫਿਊਲ ਸੈਂਸਰ ਲਗਾਇਆ ਜਾਣਾ ਹੈ।

ਕਿਵੇਂ ਹੁੰਦੀ ਹੈ ਚੋਰੀ
ਰਾਤ ਨੂੰ ਬੱਸਾਂ ਦੀਆਂ ਤੇਲ ਟੈਂਕੀਆਂ ਤੋਂ ਇਲਾਵਾ ਬੱਸ ਮੁਲਾਜ਼ਮਾਂ ’ਤੇ ਵੀ ਰਾਤ ਸਮੇਂ ਤੇਲ ਵੇਚਣ ਦੇ ਵੀ ਤੇਲ ਵੇਚਣ ਦੇ ਦੋਸ਼ ਲੱਗਦੇ ਰਹੇ ਹਨ। ਟਰਾਂਸਪੋਰਟ ਵਿਭਾਗ ਦੀ ਰਿਪੋਰਟ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਬਹੁਤ ਸਾਰੇ ਬੱਸ ਕਰਮਚਾਰੀ ਬੱਸਾਂ ਨੂੰ ਘੱਟ ਰਫ਼ਤਾਰ ਨਾਲ ਚਲਾਉਂਦੇ ਹਨ, ਬੱਸ ਅੱਡਿਆਂ 'ਤੇ ਵੀ ਘੱਟ ਰੋਕਦੇ ਹਨ, ਬੱਸਾਂ ਨੂੰ ਸਥਾਪਤ ਬੱਸ ਅੱਡਿਆਂ 'ਤੇ ਰੁਕਣ ਦੀ ਬਜਾਏ ਫਲਾਈਓਵਰ ਤੋਂ ਛੱਡ ਕੇ ਸ਼ਹਿਰ ਜਾਂ ਭੀੜ ਵਾਲੇ ਇਲਾਕਿਆਂ ਵਿਚ ਲੈ ਜਾਂਦੇ ਹਨ। ਇਹ ਸਭ ਤੇਲ ਦੀ ਖ਼ਪਤ ਨੂੰ ਘਟਾਉਂਦੇ ਹਨ। ਇਸ ਤੋਂ ਇਲਾਵਾ ਬੱਸਾਂ ਦੀ ਔਸਤ ਵੀ ਘੱਟ ਵਿਖਾਈ ਗਈ ਹੈ। ਜਦੋਂ ਕਿ ਕਈ ਵਾਰ ਤੇਲ ਚੋਰੀ ਢਾਬਿਆਂ 'ਤੇ ਤੇਲ ਚੋਰੀ ਵਿਖਾਈ ਜਾਂਦੀ ਹੈ, ਜਿੱਥੇ ਕਥਿਤ ਮਿਲੀਭੁਗਤ ਤਹਿਤ ਕੋਈ ਹੋਰ ਵਿਅਕਤੀ ਉਦੋਂ ਤੇਲ ਕੱਢਦਾ ਹੈ ਜਦੋਂ ਮੁਲਾਜ਼ਮ ਬੱਸ ਖੜ੍ਹੀ ਕਰਕੇ ਇਧਰ-ਉਧਰ ਜਾਂਦੇ ਹਨ। ਕੁਝ ਮਾਮਲਿਆਂ ਵਿੱਚ ਅਸਲ ਵਿੱਚ ਤੇਲ ਚੋਰੀ ਹੋ ਜਾਂਦਾ ਹੈ, ਜਦਕਿ ਕੁਝ ਮਾਮਲਿਆਂ ਵਿੱਚ ਬੱਸ ਦੀ ਖ਼ਰਾਬੀ ਦੇ ਚਲਦਿਆਂ ਔਸਤ ਵੀ ਘੱਟ ਜਾਂਦੀ ਹੈ।

ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿਛਲੇ ਸਾਲ ਤੇਲ ਚੋਰੀ ਦੇ ਮਾਮਲੇ ਵਧਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੇ ਜਨਰਲ ਮੈਨੇਜਰਾਂ ਸਮੇਤ ਹੋਰ ਅਧਿਕਾਰੀਆਂ ਦੀ ਮੀਟਿੰਗ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਬੱਸਾਂ ਤੋਂ ਵੱਧ ਤੋਂ ਵੱਧ ਮਾਈਲੇਜ ਯਕੀਨੀ ਬਣਾਉਣ ਦੀਆਂ ਹਦਾਇਤਾਂ 'ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਮੰਗਿਆ ਸੀ ਅਤੇ ਮਾਈਲੇਜ ਨੂੰ ਪੂਰਾ ਨਾ ਕਰਨ ਵਾਲੇ ਬੱਸ ਡਰਾਈਵਰਾਂ ਤੋਂ ਕੀਤੀ ਗਈ ਵਸੂਲੀ ਬਾਰੇ ਨਿਰਧਾਰਤ ਕਾਰਵਾਈ ਦੀ ਰਿਪੋਰਟ ਵੀ ਮੰਗੀ ਗਈ ਸੀ। ਇਸ ਤੋਂ ਬਾਅਦ ਵਿਭਾਗ ਨੇ ਲਗਾਤਾਰ ਛਾਪੇਮਾਰੀ ਕਰਨ ਲਈ ਰਾਜ ਅਤੇ ਡਿਪੂ ਪੱਧਰ ਦੀਆਂ ਟੀਮਾਂ ਦਾ ਗਠਨ ਕੀਤਾ। ਉਦੋਂ ਮੰਤਰੀ ਭੁੱਲਰ ਨੇ ਇਕ ਮੀਟਿੰਗ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ‘ਇੰਧਨ ਚੋਰੀ ਰੋਕਣ ਲਈ ਵੱਖ-ਵੱਖ ਮੀਟਿੰਗਾਂ ਵਿੱਚ ਅਧਿਕਾਰੀਆਂ, ਡਰਾਈਵਰਾਂ ਅਤੇ ਕੰਡਕਟਰਾਂ ਤੋਂ ਸਹਿਯੋਗ ਮੰਗਿਆ ਸੀ ਪਰ ਇਸ ਸਭ ਦੇ ਬਾਵਜੂਦ ਈਂਧਨ ਚੋਰੀ ਦੀਆਂ ਰਿਪੋਰਟਾਂ ਜਾਰੀ ਹਨ। ਟੀਮਾਂ ਨੂੰ ਕਿਹਾ ਗਿਆ ਸੀ ਟੀਮਾਂ ਇਕ ਦਿਨ ਵਿਚ 8 ਘੰਟੇ ਦੀ ਰੋਟੇਸ਼ਨ ਡਿਊਟੀ ਦੌਰਾਨ ਸਬੰਧਤ ਬੱਸ ਅੱਡਿਆਂ ਅਤੇ ਵਰਕਸ਼ਾਪ 'ਤੇ ਆਉਣ-ਜਾਣ ਵਾਲੀਆਂ ਬੱਸਾਂ ਤੋਂ ਈਂਧਨ ਚੋਰੀ ਦੀ ਫੜਨ ਲਈ ਸਖ਼ਤ ਨਿਗਰਾਨੀ ਰੱਖਣਗੀਆਂ ਅਤੇ ਰਿਪੋਰਟ ਕਰਨਗੀਆਂ।

ਕੀ ਹੈ ਫਿਊਲ ਸੈਂਸਰ
ਸਟਾਫ਼ ਦੀ ਘਾਟ ਅਤੇ ਲੋੜੀਂਦੇ ਨਤੀਜੇ ਨਾ ਮਿਲਣ ਕਾਰਨ ਸਰਕਾਰ ਨੇ ਹੁਣ ਬੱਸਾਂ ਦੀਆਂ ਤੇਲ ਟੈਂਕੀਆਂ ਨੂੰ ਸੈਂਸਰ ਕਰਨ ਦਾ ਫ਼ੈਸਲਾ ਕੀਤਾ ਹੈ। ਪਾਇਲਟ ਪ੍ਰਾਜੈਕਟ ਵਜੋਂ ਪੰਜਾਬ ਰੋਡਵੇਜ਼/ਪਨਬਸ ਦੇ ਕਿਸੇ ਵੀ ਦੋ ਡਿਪੂਆਂ ਦੀਆਂ 100 ਬੱਸਾਂ ਲਈਆਂ ਜਾਣੀਆਂ ਹਨ। 
ਸਰਕਾਰ ਦੇ ਪ੍ਰਸਤਾਵ ਮੁਤਾਬਕ ਹਰ ਬੱਸ ਦੀ ਟੈਂਕੀ 'ਤੇ ਫਿਊਲ ਸੈਂਸਰ ਲਗਾਇਆ ਜਾਵੇਗਾ ਅਤੇ ਜੇਕਰ ਕੋਈ ਇਸ ਨੂੰ ਖੋਲ੍ਹਦਾ ਹੈ ਜਾਂ ਤੇਲ ਦੀ ਇਕ ਬੂੰਦ ਵੀ ਨਿਕਲਦੀ ਹੈ ਤਾਂ ਸੈਂਸਰ ਇਸ ਦੀ ਸੂਚਨਾ ਦਫ਼ਤਰਾਂ ਨੂੰ ਦੇਵੇਗਾ।
ਇਸ ਦੇ ਨਾਲ ਹੀ ਬੱਸਾਂ ਵਿੱਚ ਵ੍ਹੀਕਲ ਟ੍ਰੈਕਿੰਗ ਸਿਸਟਮ ਲਗਾਇਆ ਜਾਵੇਗਾ ਤਾਂ ਜੋ ਬੱਸ ਦੇ ਸਫ਼ਰ, ਰੂਟ, ਸਟਾਪ ਆਦਿ ਬਾਰੇ ਰੀਅਲ ਟਾਈਮ ਵਿੱਚ ਜਾਣਕਾਰੀ ਹਾਸਲ ਕੀਤੀ ਜਾ ਸਕੇ। ਬਾਜ਼ਾਰ ਵਿੱਚ ਫਿਊਲ ਸੈਂਸਰ ਦੀ ਕੀਮਤ 15,000 ਰੁਪਏ ਹੈ। ਸਰਕਾਰ ਨੂੰ ਆਪਣੀਆਂ ਸਾਰੀਆਂ ਬੱਸਾਂ ਲਈ ਅਜਿਹੇ ਯੰਤਰ ਖ਼ਰੀਦਣੇ ਪੈਣਗੇ। ਪਨਬੱਸ ਦੇ ਬੇੜੇ ਵਿੱਚ 1637 ਬੱਸਾਂ, ਪੰਜਾਬ ਰੋਡਵੇਜ਼ ਦੇ ਬੇੜੇ ਵਿਚ 115 ਬੱਸਾਂ ਅਤੇ ਪੀ. ਆਰ. ਟੀ. ਸੀ. ਦੇ ਬੇੜੇ ਵਿੱਚ ਲਗਭਗ 1100 ਬੱਸਾਂ ਹਨ।

ਇਹ ਵੀ ਪੜ੍ਹੋ- ਟਾਂਡਾ 'ਚ ਅੱਗ ਲੱਗਣ ਨਾਲ ਵਾਪਰਿਆ ਵੱਡਾ ਹਾਦਸਾ, ਝੁਲਸਣ ਕਾਰਨ ਤੜਫ਼-ਤੜਫ਼ ਕੇ ਔਰਤ ਦੀ ਨਿਕਲੀ ਜਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News