ਖ਼ੁਦ ਨੂੰ ਵਿਧਾਇਕ ਦਾ PA ਦੱਸ ਕੇ ਮਾਰੀ ਠੱਗੀ, 2 ਗ੍ਰਿਫ਼ਤਾਰ

05/29/2023 7:08:11 PM

ਦਸੂਹਾ (ਝਾਵਰ, ਨਾਗਲਾ) : ਦਸੂਹਾ ਪੁਲਸ ਨੇ ਆਪਣੇ ਆਪ ਨੂੰ ਵਿਧਾਇਕ ਦਾ ਪੀ. ਏ. ਦੱਸ ਕੇ ਧੋਖਾਦੇਹੀ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਬਲਵਿੰਦਰ ਸਿੰਘ, ਜਾਂਚ ਅਧਿਕਾਰੀ ਏ. ਐੱਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਕਾਲ ਰਿਕਾਰਡਿੰਗ ਦੇ ਆਧਾਰ ’ਤੇ ਪਿਛਲੇ ਦੋ ਦਿਨਾਂ ਤੋਂ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਸਬੰਧ ਵਿਚ ਭਲਿੰਦਰ ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 588 ਫੇਜ਼-7 ਮੁਹਾਲੀ ਥਾਣਾ ਮਟੌਰ ਜ਼ਿਲ੍ਹਾ ਮੁਹਾਲੀ ਅਤੇ ਨਿਤਾਸ਼ਾ ਰਾਣੀ ਪੁੱਤਰੀ ਦੀਪਕ ਕੁਮਾਰ ਵਾਸੀ ਬਸਤੀ ਗੁਰੂ ਕਰਮ ਸਿੰਘ ਥਾਣਾ ਗੁਰੂ ਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਥਿਤ ਲੀਲਾ ਹੋਟਲ ਦੀ ਬਾਰ੍ਹਵੀਂ ਮੰਜ਼ਿਲ ਤੋਂ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਆਪਣੇ ਆਪ ਨੂੰ ਦਸੂਹਾ ਦੇ ਵਿਧਾਇਕ ਦਾ ਪੀ. ਏ. ਦੱਸਦੇ ਹੋਏ ਵੈਸਟਰਨ ਯੂਨੀਅਨ ਗਣਪਤੀ ਟਰੈਵਲ ਦਸੂਹਾ ਨਾਲ ਠੱਗੀ ਮਾਰੀ ਸੀ। ਥਾਣਾ ਇੰਚਾਰਜ ਦਸੂਹਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਅੰਮ੍ਰਿਤਸਰ ਦੇ ਵਿਧਾਇਕ ਅਤੇ ਸਾਬਕਾ ਆਈ. ਜੀ. ਕੁਵੰਰ ਵਿਜੇ ਪ੍ਰਤਾਪ ਸਿੰਘ ਦੇ ਨਾਂ ’ਤੇ ਵੀ ਠੱਗੀ ਮਾਰੀ ਹੈ। ਇਸ ਤੋਂ ਇਲਾਵਾ ਲੁਧਿਆਣਾ ’ਚ ਵੀ ਇਨ੍ਹਾਂ ਮੁਲਜ਼ਮਾਂ ਨੇ ਕਈ ਲੋਕਾਂ ਨਾਲ ਇਸੇ ਤਰ੍ਹਾਂ ਦੀ ਠੱਗੀ ਮਾਰੀ ਹੈ।

ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਅਤੇ ਡੀ. ਐੱਸ. ਪੀ. ਦਸੂਹਾ ਬਲਵੀਰ ਸਿੰਘ ਵੱਲੋਂ ਤਫ਼ਤੀਸ਼ ਕਰਨ ਉਪਰੰਤ ਦਸੂਹਾ ਥਾਣਾ ਦਿੱਲੀ ਵਿਖੇ ਇਕ ਟੀਮ ਭੇਜੀ ਗਈ, ਜਿਸ ਵਿਚ ਏ. ਐੱਸ. ਆਈ. ਸਿਕੰਦਰ ਸਿੰਘ, ਏ. ਐੱਸ. ਆਈ. ਸਤਨਾਮ ਸਿੰਘ, ਹੌਲਦਾਰ ਰਣਜੋਧ ਸਿੰਘ ਸ਼ਾਮਲ ਸਨ, ਜਿਨ੍ਹਾਂ ਦਿੱਲੀ ਪੁਲਸ ਦੀ ਮਦਦ ਨਾਲ ਸਖ਼ਤ ਮਿਹਨਤ ਦੇ ਬਲਬੂਤੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਅਦਾਲਤ ਵੱਲੋਂ ਭਲਿੰਦਰ ਪਾਲ ਸਿੰਘ ਤੋਂ ਹੋਰ ਪੁੱਛਗਿੱਛ ਲਈ ਇਕ ਦਿਨ ਦਾ ਰਿਮਾਂਡ ਦਿੱਤਾ ਗਿਆ। ਨਿਤਾਸ਼ਾ ਰਾਣੀ ਨੂੰ ਜੇਲ੍ਹ ਭੇਜ ਦਿੱਤਾ ਗਿਆ। 


Manoj

Content Editor

Related News