ਸਾਬਕਾ CM ਚੰਨੀ, ਰਾਣਾ KP ਸਿੰਘ ਤੇ ਬਰਿੰਦਰ ਢਿੱਲੋਂ ਆਪੋ-ਆਪਣੇ ਹਲਕਿਆਂ ’ਚੋਂ ਹੋਏ ਗਾਇਬ
Thursday, Aug 04, 2022 - 03:41 PM (IST)
ਨੂਰਪੁਰਬੇਦੀ (ਕੁਲਦੀਪ)-ਭਾਵੇਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾਅਵੇ ਕਰ ਰਹੇ ਹਨ ਕਿ ਪਾਰਟੀ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਵਰਕਰ ਬਿਨਾਂ ਪਾਰਟੀ ਕੁਝ ਵੀ ਨਹੀਂ ਪਰ ਜ਼ਿਲ੍ਹਾ ਰੂਪਨਗਰ ਜਿਥੇ ਤਿੰਨ ਵਿਧਾਨ ਸਭਾ ਸੀਟਾਂ ਪੈਂਦੀਆਂ ਹਨ, ਇਸ ਜ਼ਿਲ੍ਹੇ ਦੇ ਲੀਡਰਾਂ ਦੀ ਸਥਿਤੀ ਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਨੂੰ ਪਾਰਟੀ ਵਰਕਰਾਂ ਦੀ ਕੋਈ ਲੋੜ ਹੀ ਨਹੀ ਹੈ। ਇਨ੍ਹਾਂ ਤਿੰਨ ਸੀਟਾਂ ’ਤੇ ਕਾਂਗਰਸ ਦੀ ਸਥਿਤੀ ਬੜੀ ਹਾਸੋਹੀਣੀ ਬਣੀ ਹੋਈ ਹੈ। ਕਾਂਗਰਸ ਸਰਕਾਰ ਦੌਰਾਨ ਇਸ ਜ਼ਿਲ੍ਹੇ ’ਚ ਸ੍ਰੀ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੀ ਕੁਰਸੀ ਦਾ ਆਨੰਦ ਮਾਣਿਆ, ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਰਾਣਾ ਕੇ. ਪੀ. ਸਿੰਘ ਨੇ ਸਪੀਕਰ ਦੀ ਕੁਰਸੀ ’ਤੇ ਬੈਠੇ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ।
ਰੂਪਨਗਰ ਸੀਟ ਤੋਂ ਚੋਣ ਲੜੇ ਬਰਿੰਦਰ ਸਿੰਘ ਢਿੱਲੋਂ ਨੇ ਕਾਂਗਰਸ ਸਰਕਾਰ ਸਮੇਂ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਹਾਸਲ ਕੀਤੀ। ਕਾਂਗਰਸ ਸਰਕਾਰ ਵੇਲੇ ਇਨ੍ਹਾਂ ਦੀਆਂ ਗੱਡੀਆਂ ਆਮ ਸਡ਼ਕਾਂ ’ਤੇ ਹੂਟਰ ਮਾਰਦੀਆਂ ਫਿਰਦੀਆਂ ਸਨ ਪਰ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਆਪਣੇ-ਆਪਣੇ ਹਲਕਿਆਂ ’ਚੋਂ ਗਾਇਬ ਹਨ। ਕਾਂਗਰਸੀ ਵਰਕਰਾਂ ਨੂੰ ਹਲਕੇ ਅੰਦਰ ਲੱਭਦਿਆਂ ਵੀ ਨਹੀਂ ਮਿਲ ਰਹੇ। ਸਾਬਕਾ ਮੁੱਖ ਮੰਤਰੀ ਚੰਨੀ ਕਿਸੇ ਹੋਰ ਦੇਸ਼ ’ਚ ਬੈਠੇ ਹਨ। ਬਰਿੰਦਰ ਸਿੰਘ ਢਿੱਲੋਂ ਹਲਕੇ ਨੂੰ ਛੱਡ ਕੇ ਚੰਡੀਗਡ਼੍ਹ ਵਿਖੇ ਕਾਂਗਰਸ ਦੇ ਧਰਨੇ ’ਚ ਜ਼ਰੂਰ ਦਿਖਾਈ ਦਿੰਦੇ ਹਨ, ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਰੂਪਨਗਰ ’ਚ ਹੀ ਰੂਪੋਸ਼ ਹੋਈ ਬੈਠੇ ਹਨ, ਜਿਸ ਕਾਰਨ ਕਾਂਗਰਸੀ ਵਰਕਰਾਂ ’ਚ ਭਾਰੀ ਰੋਸ ਹੈ।
ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਨੂੰ ਕਾਂਗਰਸ ਸਰਕਾਰ ’ਚ ਕਾਂਗਰਸੀ ਲੀਡਰ ਜ਼ਲੀਲ ਕਰਦੇ ਸਨ, ਹੁਣ ਇਨ੍ਹਾਂ ਲੀਡਰਾਂ ਦੀ ਗੈਰ-ਹਾਜ਼ਰੀ ਕਾਰਨ ਦੂਜੇ ਪਾਰਟੀ ਵਾਲੇ ਜ਼ਲੀਲ ਕਰਦੇ ਹਨ। ਇਨ੍ਹਾਂ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਲੀਡਰਾਂ ਨੂੰ ਵਰਕਰਾਂ ਦੀ ਲੋਡ਼ ਸਿਰਫ ਵਿਧਾਨ ਸਭਾ ਚੋਣਾਂ ਵੇਲੇ ਹੀ ਪੈਂਦੀ ਹੈ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਇਨ੍ਹਾਂ ਤਿੰਨਾਂ ਲੀਡਰਾਂ ਦਾ ਹਲਕੇ ’ਚੋਂ ਗਾਇਬ ਹੋਣ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀ ਚੁੱਕਿਆ।