ਜਲੰਧਰ ''ਚ ਪਈ ਸੰਘਣੀ ਧੁੰਦ, ਠੁਰ-ਠੁਰ ਕੀਤੇ ਲੋਕ
Sunday, Dec 23, 2018 - 11:19 AM (IST)

ਜਲੰਧਰ (ਸੋਨੂੰ)— ਪੰਜਾਬ 'ਚ ਵਧਦੀ ਠੰਡ ਅਤੇ ਕੋਹਰੇ ਨੇ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਪਿਛਲੇ ਕਰੀਬ ਤਿੰਨ ਦਿਨਾਂ ਤੋਂ ਠੰਡ ਦਾ ਪ੍ਰਕੋਪ ਜਾਰੀ ਹੈ। ਅੱਜ ਜਲੰਧਰ 'ਚ ਪਈ ਪਹਿਲੀ ਸੰਘਣੀ ਧੁੰਦ ਦੇ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੰਘਣੀ ਧੁੰਦ ਦੇ ਕਾਰਨ ਲੋਕ ਠੁਰ-ਠੁਰ ਕਰਦੇ ਨਜ਼ਰ ਆਏ। ਸੰਘਣੀ ਧੁੰਦ ਨੇ ਜ਼ਿੰਦਗੀ ਦੀ ਪਟੜੀ ਨੂੰ ਰੋਕ ਕੇ ਰੱਖ ਦਿੱਤਾ ਅਤੇ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਮੈਦਾਨੀ ਇਲਾਕਿਆਂ 'ਚੋਂ ਸਭ ਤੋਂ ਘੱਟ ਤਾਪਮਾਨ ਬੀਤੇ ਦਿਨ ਜਲੰਧਰ ਨੇੜਲੇ ਆਦਮਪੁਰ ਵਿਖੇ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਖੇ 2.2, ਲੁਧਿਆਣਾ ਵਿਖੇ 1.4, ਪਟਿਆਲਾ ਵਿਖੇ 4.7, ਪਠਾਨਕੋਟ ਵਿਖੇ 3.1, ਹਲਵਾਰਾ ਵਿਖੇ 2.2 ਅਤੇ ਬਠਿੰਡਾ ਵਿਖੇ 2.4 ਡਿਗਰੀ ਸੈਲਸੀਅਸ ਤਾਪਮਾਨ ਸੀ। ਚੰਡੀਗੜ੍ਹ ਵਿਖੇ ਇਹੀ ਤਾਪਮਾਨ 4.6 ਸੀ।
ਓਧਰ ਹਿਮਾਚਲ ਦੇ ਲਾਹੋਲ ਸਪਿਤੀ ਜ਼ਿਲੇ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਵਿਖੇ ਸਭ ਤੋਂ ਘੱਟ ਮਨਫੀ 8.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਲੇਹ ਵਿਖੇ ਮਨਫੀ 15.8 ਡਿਗਰੀ ਸੈਲਸੀਅਸ ਤਾਪਮਾਨ ਸੀ। ਸ਼੍ਰੀਨਗਰ ਵਿਖੇ ਮਨਫੀ 5.4, ਕਾਜੀਗੁੱਡ ਵਿਖੇ ਮਨਫੀ 4.9 ਅਤੇ ਕੁਪਵਾੜਾ ਵਿਖੇ ਮਨਫੀ 6.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।