ਕੇਂਦਰ ਦੀ ਅਣਦੇਖੀ, ਆਫਤ ਪ੍ਰਭਾਵਿਤ ਸੂਬਿਆਂ ''ਚ ਪੰਜਾਬ ਨੂੰ ਨਹੀਂ ਕੀਤਾ ਸ਼ਾਮਲ : ਚੌਧਰੀ

Saturday, Aug 24, 2019 - 02:40 PM (IST)

ਕੇਂਦਰ ਦੀ ਅਣਦੇਖੀ, ਆਫਤ ਪ੍ਰਭਾਵਿਤ ਸੂਬਿਆਂ ''ਚ ਪੰਜਾਬ ਨੂੰ ਨਹੀਂ ਕੀਤਾ ਸ਼ਾਮਲ : ਚੌਧਰੀ

ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਦੋਸ਼ ਲਗਾਉਂਦੇ ਕਿਹਾ ਕਿ ਕੇਂਦਰ ਨੇ ਪੰਜਾਬ ਦੀ ਅਣਦੇਖੀ ਕਰਦਿਆਂ ਸੂਬੇ ਨੂੰ ਆਫਤਗ੍ਰਸਤ ਸੂਬਿਆਂ ਦੀ ਸ਼੍ਰੇਣੀ 'ਚ ਸ਼ਾਮਲ ਨਹੀਂ ਕੀਤਾ, ਜਦੋਂਕਿ ਓਡਿਸ਼ਾ, ਕਰਨਾਟਕ, ਹਿਮਾਚਲ ਪ੍ਰਦੇਸ਼, ਆਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਨੂੰ ਆਫਤਗ੍ਰਸਤ ਸੂਬਿਆਂ 'ਚ ਸ਼ਾਮਲ ਕੀਤਾ ਗਿਆ ਹੈ। ਉਹ ਬੀਤੇ ਦਿਨ ਸ਼ਾਹਕੋਟ ਸਬ-ਡਿਵੀਜ਼ਨ 'ਚ ਹੜ੍ਹ ਪ੍ਰਭਾਵਿਤ ਪਰਿਵਾਰਾਂ 'ਚ ਰਾਹਤ ਸਮੱਗਰੀ ਵੰਡਣ ਲਈ ਪਹੁੰਚੇ ਸਨ। 
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਣਦੇਖੀ ਇਸ ਲਈ ਕੀਤੀ ਗਈ ਤਾਂ ਜੋ ਸੂਬੇ ਦੇ ਲੋਕਾਂ ਤਕ ਰਾਹਤ ਰਾਸ਼ੀ ਨਾ ਪਹੁੰਚ ਸਕੇ। ਅਜਿਹਾ ਕਰਕੇ ਕੇਂਦਰ ਨੇ ਇਕ ਤਰ੍ਹਾਂ ਨਾਲ ਪੰਜਾਬ ਪ੍ਰਤੀ ਆਪਣਾ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕੇਂਦਰ ਹਮੇਸ਼ਾ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਬੋਟ 'ਚ ਸਵਾਰ ਹੋ ਕੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਦੇ ਨਾਲ ਮਿਲ ਕੇ ਸਰਦਾਰਵਾਲਾ, ਮਹਿਰਾਜਵਾਲਾ, ਜਾਣੀਆ ਤੇ ਜਾਣੀਆ ਚਾਹਲ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਹੜ੍ਹ ਦਾ ਪਾਣੀ ਆਇਆ ਹੋਇਆ ਹੈ। ਇਨ੍ਹਾਂ ਪਿੰਡਾਂ 'ਚ ਘਰ ਅੱਧੇ ਪਾਣੀ ਵਿਚ ਡੁੱਬੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜਾਂ ਦੇ ਪੈਕੇਟ, ਪਾਣੀ ਦੀਆਂ ਬੋਤਲਾਂ, ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੇ ਕਿ ਘਰਾਂ ਦੀ ਛੱਤਾਂ 'ਤੇ ਸ਼ਰਣ ਲਈ ਹੋਈ ਸੀ। ਸੰਸਦ ਮੈਂਬਰ ਚੌਧਰੀ ਦੇ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਵਿਧਾਇਕ ਹਰਦੇਵ ਸਿੰਘ ਲਾਡੀ, ਚੀਫ ਇੰਜੀਨੀਅਰ ਡ੍ਰੇਨੇਜ ਸੰਜੀਵ ਗੁਪਤਾ, ਕਰਨਲ ਭਾਰਤ ਭੱਲਾ ਵੀ ਸਨ।


author

shivani attri

Content Editor

Related News