ਨਾਇਬ ਤਹਿਸੀਲਦਾਰ ਦੀ ਰੀਡਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ’ਤੇ ਸੀਨੀਅਰ ਸਹਾਇਕ ਖ਼ਿਲਾਫ਼ FIR ਦਰਜ

Sunday, Nov 13, 2022 - 04:36 PM (IST)

ਨਾਇਬ ਤਹਿਸੀਲਦਾਰ ਦੀ ਰੀਡਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ’ਤੇ ਸੀਨੀਅਰ ਸਹਾਇਕ ਖ਼ਿਲਾਫ਼ FIR ਦਰਜ

ਜਲੰਧਰ (ਜ. ਬ.)–ਨਾਇਬ ਤਹਿਸੀਲਦਾਰ ਦੀ ਰੀਡਰ ਦਾ ਪਿੱਛਾ ਕਰਨ, ਉਸ ਨੂੰ ਨੌਕਰੀ ਲਈ ਧਮਕਾਉਣ ਅਤੇ ਬਿਨਾਂ ਇਜਾਜ਼ਤ ਵੀਡੀਓ ਬਣਾ ਕੇ ਮਾਨਸਿਕ ਪ੍ਰੇਸ਼ਾਨ ਕਰਨ ’ਤੇ ਡੀ. ਸੀ. ਆਫਿਸ ਦੀ ਅਸਲਾ ਬ੍ਰਾਂਚ ਦੇ ਸੀਨੀਅਰ ਸਹਾਇਕ ’ਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਐੱਫ. ਆਈ. ਆਰ. ਵਿਚ ਪਵਨ ਕੁਮਾਰ ਵਰਮਾ ਨੂੰ ਧਾਰਾ 186, 353, 354-ਡੀ, 506 ਅਤੇ 509 ਅਧੀਨ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਸੀਨੀਅਰ ਸਹਾਇਕ ਪਵਨ ਕੁਮਾਰ ਵਰਮਾ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨਾਇਬ ਤਹਿਸੀਲਦਾਰ ਦੀ 44 ਸਾਲਾ ਰੀਡਰ ਨੇ ਦੋਸ਼ ਲਾਏ ਕਿ ਪਵਨ ਕੁਮਾਰ ਵਰਮਾ ਖੁਦ ਨੂੰ ਡੀ. ਸੀ. ਆਫਿਸ ਯੂਨੀਅਨ ਦਾ ਪ੍ਰਧਾਨ ਮੰਨਦਾ ਹੈ, ਜਦਕਿ ਉਹ ਖੁਦ ਵੀ ਯੂਨੀਅਨ ਦੀ ਮੈਂਬਰ ਹੈ। ਉਨ੍ਹਾਂ ਕਿਹਾ ਕਿ 25 ਅਗਸਤ ਨੂੰ ਪਵਨ ਵਰਮਾ ਨੇ ਯੂਨੀਅਨ ਦੇ ਬਣਾਏ ਗਏ ਵ੍ਹਟਸਐਪ ਗਰੁੱਪ ਵਿਚ ਮੈਸੇਜ ਪਾਇਆ ਕਿ ਕੁਝ ਮਹਿਲਾ ਕਰਮਚਾਰੀ ਮੀਡੀਆ ਵਿਚ ਆਫਿਸ ਦੀਆਂ ਗੱਲਾਂ ਲੀਕ ਕਰਦੀਆਂ ਹਨ, ਜਿਸ ਦਾ ਉਸ ਨੇ ਉਸੇ ਗਰੁੱਪ ਵਿਚ ਵਿਰੋਧ ਕੀਤਾ ਅਤੇ 25 ਸਤੰਬਰ ਨੂੰ ਉਹ ਇਸ ਮਾਮਲੇ ਸਬੰਧੀ ਪਵਨ ਵਰਮਾ ਨੂੰ ਮਿਲੀ।

ਮਹਿਲਾ ਰੀਡਰ ਨੇ ਕਿਹਾ ਕਿ ਇਕ ਔਰਤ ਹੋਣ ਨਾਤੇ ਉਹ ਪਵਨ ਵਰਮਾ ਦਾ ਵਿਰੋਧ ਕਰ ਰਹੀ ਸੀ ਪਰ ਮਿਲਣ ’ਤੇ ਪਵਨ ਵਰਮਾ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਉਹ ਉਸ ਨੂੰ ਸਹੀ ਢੰਗ ਨਾਲ ਨੌਕਰੀ ਨਹੀਂ ਕਰਨ ਦੇਵੇਗਾ। ਇਸ ਬਾਰੇ ਰੀਡਰ ਨੇ ਨਾਇਬ ਤਹਿਸੀਲਦਾਰ ਨੂੰ ਵੀ ਸ਼ਿਕਾਇਤ ਦਿੱਤੀ, ਜਿਨ੍ਹਾਂ ਪਵਨ ਵਰਮਾ ਨੂੰ ਸਮਝਾਉਣ ਦੀ ਗੱਲ ਕਹੀ ਪਰ ਅਗਲੇ ਹੀ ਦਿਨ ਪਵਨ ਉਨ੍ਹਾਂ ਦੇ ਦਫਤਰ ਵਿਚ ਆ ਕੇ ਬਿਨਾਂ ਇਜਾਜ਼ਤ ਵੀਡੀਓ ਬਣਾਉਣ ਲੱਗਾ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ।

ਰੀਡਰ ਨੇ ਇਹ ਵੀ ਦੋਸ਼ ਲਾਏ ਕਿ ਪਵਨ ਉਸ ਦਾ ਪਿੱਛਾ ਵੀ ਕਰਦਾ ਸੀ ਅਤੇ ਉਸ ਬਾਰੇ ਦਫਤਰ ਵਿਚ ਪੁੱਛਗਿੱਛ ਕਰਦਾ ਰਹਿੰਦਾ ਸੀ। ਸੀਨੀਅਰ ਸਹਾਇਕ ਪਵਨ ਵਰਮਾ ’ਤੇ ਇਹ ਵੀ ਦੋਸ਼ ਹੈ ਕਿ ਮਹਿਲਾ ਰੀਡਰ ਦੀ ਗੈਰ-ਹਾਜ਼ਰੀ ਦਾ ਫਾਇਦਾ ਉਠਾ ਕੇ ਉਸ ਨੇ ਦਸਤਾਵੇਜ਼ ਵੀ ਘੋਖੇ, ਜਦਕਿ ਪ੍ਰੇਸ਼ਾਨ ਕਰਨ ਲਈ ਆਰ. ਟੀ. ਏ. ਵੀ ਪਾਈ। ਅਜਿਹੇ ’ਚ ਮਾਮਲਾ ਉੱਚ ਅਧਿਕਾਰੀਆਂ ਕੋਲ ਪਹੁੰਚਿਆ ਤਾਂ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ । ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਰੀਡਰ ਦੇ ਬਿਆਨਾਂ ’ਤੇ ਪਵਨ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਬਾਰੇ ਜਦੋਂ ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਅਨਿਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਪਵਨ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Manoj

Content Editor

Related News