ਜਲੰਧਰ ’ਚ ਸਿਹਤ ਮਹਿਕਮੇ ਦੀ ਟੀਮ ਨੇ ਅਲਫਾ ਸਕੈਨਿੰਗ ਸੈਂਟਰ ’ਤੇ ਮਾਰਿਆ ਛਾਪਾ

Wednesday, Feb 17, 2021 - 06:14 PM (IST)

ਜਲੰਧਰ ’ਚ ਸਿਹਤ ਮਹਿਕਮੇ ਦੀ ਟੀਮ ਨੇ ਅਲਫਾ ਸਕੈਨਿੰਗ ਸੈਂਟਰ ’ਤੇ ਮਾਰਿਆ ਛਾਪਾ

ਜਲੰਧਰ (ਰੱਤਾ)— ਕੰਨਿਆ ਭਰੂਣ ਹੱਤਿਆ ਰੋਕਣ ਲਈ ਸਰਕਾਰ ਵੱਲੋਂ ਬਣਾਏ ਗਏ ਪੀ.ਸੀ.ਪੀ.ਐੱਨ.ਡੀ.ਪੀ. ਦੇ ਤਹਿਤ ਸਿਹਤ ਮਹਿਕਮੇ ਦੀ ਟੀਮ ਨੇ ਬੁੱਧਵਾਰ ਨੂੰ ਦੁਪਹਿਰ ਸਥਾਨਕ ਕਪੂਰਥਲਾ ਚੌਂਕ ਸਥਿਤ ਅਲਫਾ ਸਕੈਨਿੰਗ ਸੈਂਟਰ ’ਤੇ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਅਗਵਾਈ ਵਿਚ ਜ਼ਿਲਾ ਪਰਿਵਾਰ ਕਲਿਆਣ ਅਧਿਕਾਰੀ ਡਾ. ਰਮਨ ਗੁਪਤਾ ਅਤੇ ਪੀ. ਸੀ. ਪੀ. ਐੱਨ. ਡੀ. ਟੀ. ਜ਼ਿਲ੍ਹਾ ਕੋਆਰਡੀਨੇਟਰ ਦੀਪਕ ਬਪੋਰੀਆ ਅਤੇ ਕੰਪਿਊਟਰ ਅਸਿਸਟੈਂਟ ਅਜੇ ਕੁਮਾਰ ਦੀ ਟੀਮ ਨੇ ਜਦੋਂ ਅਲਫਾ ਸਕੈਨਿੰਗ ਸੈਂਟਰ ਵਿਚ ਅਚਾਨਕ ਛਾਪਾ ਮਾਰਿਆ ਤਾਂ ਉਥੇ ਕਾਫੀ ਅਨਿਯਮਿਤਤਾਵਾਂ ਪਾਈਆਂ ਗਈਆਂ।

ਟੀਮ ਨੇ ਦੇਖਿਆ ਕਿ ਜਿਸ ਡਾਕਟਰ ਦੇ ਨਾਂ ’ਤੇ ਸੈਂਟਰ ਰਜਿਸਟਰਡ ਸੀ, ਉਹ ਡਾਕਟਰ ਗੈਰ-ਹਾਜ਼ਰ ਸੀ ਅਤੇ ਉਥੇ ਸਕੈਨਿੰਗ ਰੂਮ ਖੋਲ੍ਹਿਆ ਹੋਇਆ ਸੀ ਅਤੇ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਆਨ ਸੀ। ਟੀਮ ਨੂੰ ਉਥੋਂ ਬਿਨਾਂ ਸਾਈਨ ਕੀਤੇ ਕੁਝ ਐੱਫ. ਫਾਰਮ ਅਤੇ ਸਕੈਨਿੰਗ ਰਿਪੋਰਟਸ ਵੀ ਮਿਲੀਆਂ। ਟੀਮ ਨੇ ਜਦੋਂ ਸਟਾਫ ਤੋਂ ਡਾਕਟਰ ਬਾਰੇ ਪੁੱਛਿਆ ਤਾਂ ਸਟਾਫ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਟੀਮ ਨੇ ਤੁਰੰਤ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਤਹਿਤ ਕਾਰਵਾਈ ਕਰਦੇ ਹੋਏ ਸੈਂਟਰ ਦੀ ਰਜਿਸਟ੍ਰੇਸ਼ਨ ਸਸਪੈਂਡ ਅਤੇ ਅਲਟਰਾਸਾਊਂਡ ਸਕੈਨਿੰਗ ਮਸ਼ੀਨ ਸੀਲ ਕਰ ਦਿੱਤੀ ਅਤੇ ਸਬੰਧਤ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਕੇ ਸਕੈਨਿੰਗ ਸੈਂਟਰ ਦੇ ਸੰਚਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ।


author

shivani attri

Content Editor

Related News