ਕਿਸਾਨਾਂ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ CM ਮਾਨ ਦੇ ਨਾਂ ਮੰਗ-ਪੱਤਰ ਸੌਂਪਿਆ

Monday, Aug 08, 2022 - 06:37 PM (IST)

ਕਿਸਾਨਾਂ ਨੇ ਵਿਧਾਇਕ ਸੁਖਪਾਲ ਖਹਿਰਾ ਨੂੰ CM ਮਾਨ ਦੇ ਨਾਂ ਮੰਗ-ਪੱਤਰ ਸੌਂਪਿਆ

ਭੁਲੱਥ (ਰਜਿੰਦਰ)-ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਤੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਵਾਲਾ ਇਕ ਮੰਗ-ਪੱਤਰ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੌਂਪਿਆ। ਇਸ ਮੰਗ-ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ  ਪਾਣੀ ਦੀ ਬਰਬਾਦੀ ਵਾਲੇ ਹਰੇ ਇਨਕਲਾਬ ਦੇ ਖੇਤੀ ਮਾਡਲ ਦੀ ਥਾਂ ਹੰਢਣਸਾਰ ਕੁਦਰਤ ਕਿਸਾਨ ਪੱਖੀ ਖੇਤੀ ਮਾਡਲ ਲਾਗੂ ਕੀਤਾ ਜਾਵੇ। ਨਹਿਰੀ ਪਾਣੀ ਸਾਰਾ ਸਾਲ ਸਾਰੀ ਜ਼ਮੀਨ ਤੱਕ ਪੁੱਜਦਾ ਕੀਤਾ ਜਾਵੇ ਤੇ ਮੋਘਿਆਂ ਦੇ ਮੁੱਢ ’ਚ ਰੀਚਾਰਜ ਪੁਆਇੰਟ ਬਣਾਏ ਜਾਣ ਅਤੇ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਨਾ ਹੋਣ ਵੱਲ ਰੀਚਾਰਜ ਪੁਆਇੰਟ ’ਚ ਨਹਿਰੀ ਪਾਣੀ ਪਾਇਆ ਜਾਵੇ।
ਖੇਤੀ ਮੰਤਰੀ ਨੇ ਕਿਸਾਨ ਜਥੇਬੰਦੀਆਂ ਨਾਲ ਨਹਿਰਾਂ ਦੇ ਤਲੇ ਪੱਕੇ ਨਾ ਕਰਨ ਦਾ ਵਾਅਦਾ ਕੀਤਾ ਸੀ, ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਰੀਚਾਰਜ ਪੁਆਇੰਟ ਸ਼ਹਿਰੀ ਤੇ ਪਿੰਡਾਂ ਦੇ ਰਿਹਾਇਸ਼ੀ ਇਲਾਕਿਆਂ ’ਚ ਬਣਾਉਣ ਦੀ ਵੀ ਸਕੀਮ ਲਿਆਂਦੀ ਜਾਵੇ ਤਾਂ ਜੋ ਬਾਰਿਸ਼ ਦਾ ਪਾਣੀ, ਜਿਸ ’ਚ ਪ੍ਰਦੂਸ਼ਿਤ ਪਾਣੀ ਨਾ ਮਿਲਿਆ ਹੋਵੇ, ਧਰਤੀ ਹੇਠ ਭੇਜਿਆ ਜਾ ਸਕੇ।

ਨਹਿਰੀ ਢਾਂਚੇ ਦੀ ਮੁਰੰਮਤ ਤੇ ਸਫਾਈ ਲਈ ਛਿਮਾਹੀ ਬੰਦੀ ਸਿਰਫ 15 ਦਿਨਾਂ ਲਈ ਹੋਵੇ ਅਤੇ ਸੇਮ ਨਾਲਿਆਂ ਦੀ ਸਫਾਈ ਹਰ ਸਾਲ ਕੀਤੀ ਜਾਵੇ ਤਾਂ ਜੋ ਫ਼ਸਲਾਂ ਦਾ ਨੁਕਸਾਨ ਨਾ ਹੋਵੇ, ਜਿਸ ਤਰ੍ਹਾਂ ਇਸ ਵਾਰ ਬਹੁਤ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਹੜ੍ਹ ਰੋਕਣ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ। ਨਹਿਰੀ ਢਾਂਚਾ ਬਹਾਲ ਕੀਤਾ ਜਾਵੇ ਤੇ ਵਿਕਸਿਤ ਕੀਤਾ ਜਾਵੇ, ਜਿਹਨਾਂ ਇਲਾਕਿਆਂ ’ਚ ਨਹਿਰੀ ਪਾਣੀ ਨਹੀਂ ਪਹੁੰਚਦਾ, ਉੱਥੇ ਪਾਣੀ ਪਹੁੰਚਦਾ ਕੀਤਾ ਜਾਵੇ ਤੇ ਖਾਲਿਆਂ ਦੀ ਥਾਂ ਪਾਈਪਾਂ ਪਾਈਆਂ ਜਾਣ, ਬਾਰਿਸ਼ ਦਾ ਪਾਣੀ ਖੇਤਾਂ ’ਚ ਹੀ ਰੋਕਣ-ਸਾਂਭਣ ਲਈ ਪ੍ਰਬੰਧ ਕਰਨਾ ਚਾਹੀਦਾ ਹੈ। ਪੰਜਾਬ ਦੇ ਹੈੱਡ ਵਰਕਸ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ ਤੇ ਪਾਣੀਆਂ ਦਾ ਮਸਲਾ ਰਿਪੇਰੀਅਨ ਕਾਨੂੰਨ ਤਹਿਤ ਹੱਲ ਕਰਕੇ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ। ਪੰਜਾਬ ਦੇ ਦਰਿਆਈ ਪਾਣੀਆਂ ’ਚ ਲੁਧਿਆਣਾ ਦੀ ਇੰਡਸਟਰੀ ਸਮੇਤ ਸਮੁੱਚੀ ਇੰਡਸਟਰੀ ਵੱਲੋਂ ਜ਼ਹਿਰੀਲਾ ਮਾਦਾ ਸੁੱਟਣਾ ਬੰਦ ਕੀਤਾ ਜਾਵੇ ਤੇ ਇੰਡਸਟਰੀ ਵੱਲੋਂ ਬੋਰ ਕਰਕੇ ਜ਼ਹਿਰੀਲਾ ਪਾਣੀ ਧਰਤੀ ਹੇਠ ਸੁੱਟਣ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਪੰਜਾਬ ’ਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਹੈ, ਆਰ. ਓ. ਇਸ ਦਾ ਹੱਲ ਨਹੀਂ । ਭਾਖੜਾ ਤੋਂ ਨੀਲੀ ਭਾਅ ਮਾਰਦਾ ਪਾਣੀ ਹਰ ਪਿੰਡ, ਸ਼ਹਿਰ ਤੱਕ ਪੀਣ ਲਈ ਪਹੁੰਚਦਾ ਕੀਤਾ ਜਾਵੇ ਤਾਂ ਜੋ ਪੀਣ ਵਾਲੇ ਪਾਣੀ ਕਰਕੇ ਲੱਗ ਰਹੀਆਂ ਬੀਮਾਰੀਆਂ ਕਾਬੂ ਕੀਤੀਆਂ ਜਾ ਸਕਣ। ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਮਸਲਿਆਂ ਸਬੰਧੀ ਉਹ ਪਹਿਲਾਂ ਵੀ ਆਵਾਜ਼ ਉਠਾਉਂਦੇ ਰਹੇ ਹਨ ਤੇ  ਅਗਾਂਹ ਵੀ ਤੁਹਾਡੀਆਂ ਮੰਗਾਂ ਨੂੰ ਪੰਜਾਬ ਵਿਧਾਨ ਸਭਾ ਵਿਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ।


author

Manoj

Content Editor

Related News