ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਖੇਤੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ : ਸੰਤ ਸੀਚੇਵਾਲ

Friday, Mar 08, 2024 - 03:14 AM (IST)

ਲੋਹੀਆਂ ਖਾਸ (ਰਾਜਪੂਤ)- ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਕਿਹਾ ਕਿ ਖੇਤੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਪਿੰਡ ਗੱਟਾ ਮੁੰਡੀ ਕਾਸੂ ਵਿਚ ਹੜ੍ਹ ਪ੍ਰਭਾਵਿਤ ਇਲਾਕੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੱਧਰਾ ਕਰਨ ਦੀ ਚੱਲ ਰਹੀ ਮੁਹਿੰਮ ਦੀ ਦੇਖ-ਰੇਖ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਕਈ ਦਿਨਾਂ ਤੋਂ ਲੱਗੇ ਹੋਏ ਹਨ। 

ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਸ਼ੁਰੂ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਤਹਿਤ 2 ਹੋਰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਹੜ੍ਹਾਂ ਦੌਰਾਨ ਕੀਤੀ ਗਈ ਸੇਵਾ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਨੌਜਵਾਨਾਂ ਦਾ ਸੰਤ ਸੀਚੇਵਾਲ ਵੱਲੋਂ ਸਨਮਾਨ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ’ਚ ਉਨ੍ਹਾਂ ਪਿੰਡਾਂ ਤੋਂ ਸੰਗਤਾਂ ਇਸ ਸਮਾਗਮ ’ਚ ਹਾਜ਼ਰ ਸਨ, ਜਿਹੜੇ ਪਿੰਡ 8 ਮਹੀਨੇ ਪਹਿਲਾਂ ਹੜ੍ਹਾਂ ਦੌਰਾਨ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਘਿਰੇ ਹੋਏ ਸਨ। ਕਿਸਾਨਾਂ ਦੀਆਂ ਜ਼ਮੀਨਾਂ ’ਚ 40 ਤੋਂ 50 ਫੁੱਟ ਤੱਕ ਪਏ ਟੋਇਆਂ ਨੂੰ ਪੂਰਨ ਦਾ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਜਾਰੀ ਹੈ। ਇਹ ਕਾਰਜ ਕਰੀਬਨ 50 ਫੀਸਦੀ ਤੱਕ ਮੁਕੰਮਲ ਹੋ ਚੁੱਕਾ ਹੈ।

PunjabKesari

ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਨਵੀਆਂ ਚੁਣੌਤੀਆਂ ਵਿਚੋਂ ਦੀ ਲੰਘ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਦੇਸ਼ ਦੇ 310 ਜ਼ਿਲ੍ਹੇ ਜਲਵਾਯੂ ਪਰਿਵਰਤਨ ਦੀ ਮਾਰ ਹੇਠ ਆਏ ਹੋਏ ਹਨ, ਜਿਨ੍ਹਾਂ ਵਿਚੋਂ 9 ਜ਼ਿਲ੍ਹੇ ਪੰਜਾਬ ਦੇ ਹਨ। ਜਲੰਧਰ ਜ਼ਿਲ੍ਹੇ ਜਲਵਾਯੂ ਪਰਿਵਰਤਨ ਦੀ ਸਭ ਤੋਂ ਵੱਧ ਮਾਰ ਹੇਠ ਆਇਆ ਹੋਇਆ। 

ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਬਦਲੇ ਹੋਏ ਹਾਲਾਤ ’ਚ ਆ ਰਹੀਆਂ ਚੁਣੌਤੀਆਂ ਲਈ ਤਿਆਰ ਰਹਿਣ। ਹੁਣ ਜਦੋਂ ਮਾਰਚ ਮਹੀਨੇ ਦਾ ਦੂਜਾ ਹਫਤਾ ਸ਼ੁਰੂ ਹੋ ਚੁੱਕਾ ਹੈ ਤਾਂ ਅਜੇ ਵੀ ਠੰਢ ਜਨ-ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਜਦਕਿ ਇਸ ਵੇਲੇ ਨਿਸਰ ਰਹੀਆਂ ਕਣਕਾਂ ਲਈ ਹਲਕਾ ਗਰਮ ਮੌਸਮ ਦਾ ਹੋਣਾ ਬਹੁਤ ਜ਼ਰੂਰੀ ਹੈ।

ਸੰਤ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਅਖੰਡ ਸਾਹਿਬ ਦੇ ਪਾਠਾਂ ਦੀ ਲੜੀ ਦੀ ਸਮਾਪਤੀ 9 ਮਾਰਚ ਨੂੰ ਸਮੁੱਚੇ ਇਲਾਕੇ ਦੀ ਹਾਜ਼ਰੀ ’ਚ ਅਰਦਾਸ ਕਰ ਕੇ ਕੀਤੀ ਜਾਵੇਗੀ। ਸੰਤ ਸੀਚੇਵਾਲ ਨੇ ਪੰਜਾਬ ਦੇ ਉਨ੍ਹਾਂ ਸਾਰਿਆਂ ਨੌਜਵਾਨਾਂ ਤੇ ਸੰਗਤਾਂ ਨੂੰ ਇਸ ਸ਼ੁਕਰਾਨੇ ਦੀ ਅਰਦਾਸ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ, ਜਿਨ੍ਹਾਂ ਵੱਲੋਂ ਦਿਨ ਰਾਤ ਕੀਤੀ ਗਈ ਸੇਵਾ ਸਦਕਾ ਅੱਜ ਇਲਾਕਾ ਮੁੜ ਤੋਂ ਪੈਰਾਂ ’ਤੇ ਖੜ੍ਹ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ 350 ਫੁੱਟ ਦੇ ਕਰੀਬ ਪਹਿਲਾਂ ਪਾੜ ਮਹਿਜ਼ 5 ਦਿਨਾਂ ਵਿਚ ਤੇ ਦੂਜਾ 950 ਫੁੱਟ ਕਰੀਬ ਦੇ ਪਾੜ ਨੂੰ 18 ਦਿਨਾਂ ਵਿਚ ਬੰਨ੍ਹ ਕੇ ਪੰਜਾਬ ਦੇ ਲੋਕਾਂ ਇਕ ਵੱਡਾ ਇਤਿਹਾਸ ਰਚਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


 


Harpreet SIngh

Content Editor

Related News