ਕਈ ਕਾਰੋਬਾਰੀਆਂ ''ਚ ਦਹਿਸ਼ਤ ਫ਼ੈਲਾਉਣ ਵਾਲੇ ਫਿਰੌਤੀ ਗਿਰੋਹ ਦਾ ਪੁਲਸ ਨੇ ਕੀਤਾ ਪਰਦਾਫ਼ਾਸ਼
Thursday, Aug 01, 2024 - 01:11 PM (IST)

ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ)- ਕਪੂਰਥਲਾ ਪੁਲਸ ਨੇ ਸੁਲਤਾਨਪੁਰ ਲੋਧੀ ਸਮੇਤ ਪੂਰੇ ਜ਼ਿਲ੍ਹੇ ਵਿਚ ਵਪਾਰੀ ਵਰਗ ਨੂੰ ਫਿਰੌਤੀ ਦੀਆਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਕੇ ਕਾਰੋਬਾਰੀ ਜਗਤ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਫੜੇ ਗਏ ਖ਼ਤਰਨਾਕ ਅਪਰਾਧੀਆਂ ਨੂੰ ਕੁਝ ਸਿਆਸਤਦਾਨਾਂ ਵੱਲੋਂ ਸੁਰੱਖਿਆ ਦੇਣ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਭਰ 'ਚ ਚਰਚਾਵਾਂ ਗਰਮ ਹੋ ਗਈਆਂ ਹਨ ਅਤੇ ਅਜਿਹੇ ਸਿਆਸਤਦਾਨਾਂ ਦੀ ਭੂਮਿਕਾ 'ਤੇ ਕਈ ਵੱਡੇ ਸਵਾਲ ਖੜ੍ਹੇ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਕਪੂਰਥਲਾ ਪੁਲਸ ਨੂੰ ਸੁਲਤਾਨਪੁਰ ਲੋਧੀ 'ਚ ਵੱਡੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਅਪਰਾਧੀ ਗਿਰੋਹ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਕਪੂਰਥਲਾ ਦੇ ਐੱਸ. ਪੀ. (ਡੀ) ਸਰਬਜੀਤ ਰਾਏ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਟੀਮ ਜਿਸ ਵਿਚ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ, ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਹਰਗੁਰਦੇਵ ਸਿੰਘ ਅਤੇ ਸੀ. ਆਈ. ਏ. ਸਟਾਫ਼ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੂੰ ਇਸ ਫਿਰੌਤੀ ਦੇ ਨੈੱਟਵਰਕ ਵਿਚ ਸ਼ਾਮਲ ਮੁਲਜਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ ਹਨ। ਐੱਸ. ਪੀ. (ਡੀ) ਸਰਬਜੀਤ ਰਾਏ ਦੀ ਦੇਖ-ਰੇਖ ਹੇਠ ਗਠਿਤ ਇਸ ਵਿਸ਼ੇਸ਼ ਟੀਮ ਨੇ ਤਕਨੀਕੀ ਤੌਰ `ਤੇ ਕੰਮ ਕਰਦੇ ਹੋਏ ਇਸ ਫਿਰੌਤੀ ਗਰੋਹ ਦਾ ਪਰਦਾਫ਼ਾਸ਼ ਕੀਤਾ ਅਤੇ ਵਿਦੇਸ਼ਾਂ 'ਚ ਰਹਿੰਦੇ ਦੋ ਮੁਲਜਮਾਂ ਸਮੇਤ ਕਈ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਨੈੱਟਵਰਕ ਨੂੰ ਚਲਾਉਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨਸ਼ਿਆਂ 'ਤੇ ਰੋਕ ਲਾਉਣ ਲਈ DGP ਗੌਰਵ ਯਾਦਵ ਦੀ ਸਖ਼ਤੀ, ਸੂਬੇ ਦੇ ਪਿੰਡਾਂ ਲਈ ਕਮੇਟੀਆਂ ਦਾ ਕੀਤਾ ਗਠਨ
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਈ ਵੱਡੇ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਅਤੇ ਵਸੂਲੀ ਦੇਣ ਦੀ ਗੱਲ ਕਹੀ ਹੈ। ਇਸ ਗਿਰੋਹ ਨੂੰ ਵਿਦੇਸ਼ ਵਿੱਚ ਬੈਠੇ ਇਕ ਖ਼ਤਰਨਾਕ ਅਪਰਾਧੀ ਵੱਲੋਂ ਚਲਾਇਆ ਜਾ ਰਿਹਾ ਸੀ। ਜਿਨ੍ਹਾਂ ਦੇ ਨਿਰਦੇਸ਼ਾਂ 'ਤੇ ਇਸ ਗਿਰੋਹ 'ਚ ਸ਼ਾਮਲ ਮੁਲਜ਼ਮ ਲਗਾਤਾਰ ਵਪਾਰੀ ਵਰਗ ਨੂੰ ਡਰਾ ਧਮਕਾ ਕੇ ਦਹਿਸ਼ਤ ਪੈਦਾ ਕਰ ਰਹੇ ਸਨ। ਇਨ੍ਹਾਂ ਵਿਚੋਂ ਕਈ ਕਾਰੋਬਾਰੀਆਂ ਨੇ ਡਰ ਦੇ ਮਾਰੇ ਪੁਲਸ ਨੂੰ ਸ਼ਿਕਾਇਤ ਨਹੀਂ ਕੀਤੀ ਅਤੇ ਇਨ੍ਹਾਂ ਮੁਲਜਮਾਂ ਨੂੰ ਕੁਝ ਲੱਖ ਰੁਪਏ ਵੀ ਦਿੱਤੇ। ਦੱਸਿਆ ਜਾਂਦਾ ਹੈ ਕਿ ਫੜੇ ਗਏ ਗਿਰੋਹ ਨੇ ਪੁਲਸ ਦੇ ਸਾਹਮਣੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਇਸ ਪੂਰੇ ਮਾਮਲੇ ਵਿੱਚ ਚਰਚਾ ਇਹ ਹੈ ਕਿ ਮੁਲਜ਼ਮਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਕੁਝ ਸਿਆਸਤਦਾਨਾਂ ਤੋਂ ਸੁਰੱਖਿਆ ਮਿਲ ਰਹੀ ਸੀ, ਜੋ ਇਨ੍ਹਾਂ ਅਪਰਾਧੀਆਂ ਨੂੰ ਬਚਾਉਣ ਲਈ ਉੱਚ ਅਧਿਕਾਰੀਆਂ ਨੂੰ ਸਿਫ਼ਾਰਿਸ਼ਾ ਕਰਦੇ ਆ ਰਹੇ ਸਨ ਪਰ ਉਹ ਅਜਿਹੇ ਸਿਆਸਤਦਾਨਾਂ ਦੀਆਂ ਸਿਫ਼ਾਰਿਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਇਸ ਫਿਰੌਤੀ ਗਿਰੋਹ ਨੂੰ ਚਲਾ ਰਹੇ ਸਨ।
ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਲਾਖਾਂ ਪਿੱਛੇ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਪੂਰਥਲਾ ਜ਼ਿਲ੍ਹੇ ਸਮੇਤ ਪੂਰੇ ਸੂਬੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਈ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠ ਅਜਿਹੇ ਕਈ ਨੈੱਟਵਰਕ ਸਥਾਪਤ ਹਨ, ਜਿਨ੍ਹਾਂ ਨੂੰ ਸਮੇਂ-ਸਮੇਂ `ਤੇ ਸੱਤਾ ਵਿੱਚ ਬੈਠੇ ਸਿਆਸਤਦਾਨਾਂ ਵੱਲੋਂ ਪੁਲਸ ਤੋਂ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਨਾ ਛੱਡਣ ਵਾਲੇ ਪੁਲਸ ਅਧਿਕਾਰੀਆਂ ਦੇ ਤਬਾਦਲੇ ਵੀ ਕਰਵਾਉਂਦੇ ਰਹੇ ਹਨ, ਜਿਸ ਕਾਰਨ ਸੂਬੇ ਵਿੱਚ ਅਪਰਾਧਾਂ ਦਾ ਗ੍ਰਾਫ਼ ਇੰਨਾ ਵੱਧ ਗਿਆ ਹੈ। ਜ਼ਿਕਰਯੋਗ ਹੈ ਕਿ ਸਮੇਂ-ਸਮੇਂ 'ਤੇ ਇਨ੍ਹਾਂ ਸਰਕਾਰਾਂ ਦੇ ਤਾਕਤਵਰ ਸਿਆਸਤਦਾਨਾਂ ਦੀ ਲਗਾਤਾਰ ਦਖ਼ਲਅੰਦਾਜ਼ੀ ਕਾਰਨ ਨਸ਼ਿਆਂ ਅਤੇ ਹੋਰ ਗੈਰ-ਕਾਨੂੰਨੀ ਧੰਦਿਆਂ ਦਾ ਜਾਲ ਨਵੀਆਂ ਬੁਲੰਦੀਆਂ 'ਤੇ ਪਹੁੰਚ ਗਿਆ ਹੈ ਅਤੇ ਵੱਡੀ ਗਿਣਤੀ 'ਚ ਨੌਜਵਾਨ ਇਨ੍ਹਾਂ ਅਪਰਾਧਿਕ ਗਰੋਹਾਂ ਦੀ ਲਪੇਟ 'ਚ ਆ ਕੇ ਇਨ੍ਹਾਂ ਦੇ ਸਾਥੀ ਬਣ ਗਏ ਹਨ। ਇਸ ਦੇ ਨਾਲ ਹੀ ਅਜਿਹੇ ਅਪਰਾਧਿਕ ਗਰੋਹ ਦੇ ਮੈਂਬਰ ਵੀ ਵੱਡੀ ਪੱਧਰ `ਤੇ ਨਸ਼ੇ ਵੇਚਦੇ ਹਨ। ਜਿਨ੍ਹਾਂ ਵਿਚੋਂ ਬਹੁਤਿਆਂ ‘ਤੇ ਪੁਲਸ ਸਿਆਸਤਦਾਨਾਂ ਦੇ ਦਬਾਅ ਕਾਰਨ ਸਖ਼ਤ ਕਾਰਵਾਈ ਨਹੀਂ ਕਰ ਸਕੀ, ਜਿਸ ਕਾਰਨ ਪੂਰੇ ਸੂਬੇ ਦੀ ਸ਼ਾਂਤੀ ਨੂੰ ਭਾਰੀ ਧੱਕਾ ਲੱਗਾ ਅਤੇ ਗੁੰਡਾ ਅਨਸਰਾਂ ਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ੍ਹ ਮਿਲ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਜਾਣੋ ਕਦੋਂ ਹੋਣਗੀਆਂ ਕਾਰਪੋਰੇਸ਼ਨ ਚੋਣਾਂ
ਜ਼ਿਕਰਯੋਗ ਹੈ ਕਿ ਇਸ ਫਿਰੌਤੀ ਗਿਰੋਹ ਦੇ ਫੜੇ ਜਾਣ ਤੋਂ ਬਾਅਦ ਕੁਝ ਸਿਆਸੀ ਪਾਰਟੀਆਂ ਨਾਲ ਸਬੰਧਤ ਇਸ ਗਿਰੋਹ ਦੇ ਪਿੱਛੇ ਸਿਆਸਤਦਾਨਾਂ ਦਾ ਪਰਦਾਫ਼ਾਸ਼ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਕਾਰਨ ਇਹ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਪਿਛਲੇ 20-25 ਸਾਲਾਂ ਦੌਰਾਨ ਸੂਬੇ ਦੀਆਂ ਸਾਰੀਆਂ ਸਰਕਾਰਾਂ ਦੌਰਾਨ ਬਹੁਤ ਸਾਰੇ ਸਿਆਸਤਦਾਨਾਂ ਨੇ ਵੋਟ ਬੈਂਕ ਦੀ ਖ਼ਾਤਰ ਸਮਾਜ ਵਿਰੋਧੀ ਅਨਸਰਾਂ ਨੂੰ ਹੱਲਾਸ਼ੇਰੀ ਦੇਣ ਵਿਚ ਕੋਈ ਕਸਰ ਨਹੀਂ ਛੱਡੀ, ਜਿਸ ਕਾਰਨ ਛੋਟੇ-ਛੋਟੇ ਸਟਰੀਟ ਕ੍ਰਿਮੀਨਲ ਵੱਡੇ ਗੁੰਡੇ ਬਣ ਗਏ ਅਤੇ ਆਮ ਕਾਰੋਬਾਰੀਆਂ ਲਈ ਵੱਡੀ ਸਿਰਦਰਦੀ ਬਣ ਗਏ। ਹੁਣ ਲੋੜ ਇਸ ਗੱਲ ਦੀ ਹੈ ਕਿ ਜਿੱਥੇ ਅਜਿਹੇ ਅਪਰਾਧੀਆਂ ਦੀ ਪਿੱਠ ‘ਤੇ ਹੱਥ ਰੱਖਣ ਵਾਲੇ ਸਿਆਸਤਦਾਨਾਂ ਦਾ ਪਰਦਾਫ਼ਾਸ਼ ਕੀਤਾ ਜਾਵੇ, ਉੱਥੇ ਹੀ ਉਨ੍ਹਾਂ ਦਾ ਸਾਥ ਦੇਣ ਵਾਲੇ ਸਿਆਸੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਮਾਜ ਵਿੱਚ ਚੰਗਾ ਸੁਨੇਹਾ ਜਾ ਸਕੇ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਜਦੋਂ ਇਸ ਸਬੰਧੀ ਐੱਸ. ਐੱਸ. ਪੀ. ਕਪੂਰਥਲਾ ਵਤਸਲਾ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ‘ਚ ਕਿਸੇ ਵੀ ਅਪਰਾਧੀ ਨੂੰ ਮਨਮਾਨੀ ਨਹੀਂ ਕਰਨ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਵਪਾਰੀ ਨੂੰ ਫਿਰੌਤੀ ਲਈ ਡਰਾਉਣ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਢੀਂਡਸਾ ਵੱਲੋਂ ਅਨੁਸ਼ਾਸਨੀ ਕਮੇਟੀ ਦਾ ਫ਼ੈਸਲਾ ਰੱਦ ਕਰਨ 'ਤੇ ਡਾ. ਦਲਜੀਤ ਚੀਮਾ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।