ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ 7 ਲੱਖ ਬੂਟੇ ਲਾਉਣ ਦਾ ਵਾਤਾਵਰਣ ਮੰਤਰੀ ਸੋਨੀ ਨੇ ਕੀਤਾ ਐਲਾਨ
Monday, Sep 17, 2018 - 09:36 AM (IST)

ਜਲੰਧਰ, (ਧਵਨ)—ਪੰਜਾਬ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸੂਬੇ ਦੇ ਵਾਤਾਵਰਣ ਤੇ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਅੱਜ 7 ਲੱਖ ਬੂਟੇ ਲਾਉਣ ਦੀ ਵੱਡੀ ਯੋਜਨਾ ਦਾ ਐਲਾਨ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਹ ਐਲਾਨ ਕੀਤੇ ਗਏ।
ਈਕੋ ਸਿੱਖ ਦੇ ਪ੍ਰਤੀਨਿਧੀ ਦੇ ਨਾਲ ਇਥੇ ਬੈਠਕ ਕਰਦੇ ਹੋਏ ਮੰਤਰੀ ਸੋਨੀ ਨੇ ਵਾਤਾਵਰਣ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਜ਼ਰੂਰੀ ਹੈ। ਸੋਨੀ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੂਬੇ ਨੂੰ ਹਰਿਆ-ਭਰਿਆ ਬਣਾ ਦਵੇਗਾ। ਉਨ੍ਹਾਂ ਦਾ ਵਿਭਾਗ ਈਕੋ ਸਿੱਖ ਨੂੰ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਨੂੰ ਹਰਿਆ-ਭਰਿਆ ਬਣਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਤੰਦਰੁਸਤ ਪੰਜਾਬ ਦਾ ਅਭਿਆਨ ਵੀ ਚਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖਾਲੀ ਪਈਆਂ ਸਰਕਾਰੀ ਜ਼ਮੀਨਾਂ 'ਤੇ ਇਹ ਬੂਟੇ ਲਗਾਉਣ ਦਾ ਮਤਾ ਹੈ।
ਸੋਨੀ ਨੇ ਕਿਹਾ ਕਿ ਸੂਬੇ ਨੂੰ ਵਾਤਾਵਰਣ ਨਾਲ ਸਬੰਧਿਤ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਚਾਹੁੰਦੇ ਹਨ ਕਿ ਇਸ ਮਾਮਲੇ ਵਿਚ ਅਪ੍ਰਵਾਸੀ ਪੰਜਾਬੀ ਵੀ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸਵੈ ਸੇਵੀ ਸੰਗਠਨਾਂ ਨੂੰ ਵੀ ਸੂਬੇ ਨੂੰ ਹਰਿਆ-ਭਰਿਆ ਬਣਾਉਣ ਵਿਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਉਦੇਸ਼ ਪੰਜਾਬ ਵਿਚ ਬੂਟੇ ਲਾਉਣ ਦੇ ਤਹਿਤ ਆਉਣ ਵਾਲੇ ਖੇਤਰਫਲ ਨੂੰ ਵਧਾਉਣਾ ਹੈ।
ਈਕੋ ਸਿੱਖ ਗਲੋਬਲ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਮੰਤਰੀ ਸੋਨੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਵਾਤਾਵਰਣ ਨੂੰ ਬਿਹਤਰੀਨ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਈ-ਹਰਿਆਲੀ ਐਪ ਲਾਂਚ ਕਰਨ ਦੀ ਪਹਿਲ ਕੀਤੀ ਹੈ। ਈਕੋ ਸਿੱਖ ਪੰਜਾਬ ਦੇ ਪ੍ਰਧਾਨ ਸੁਪ੍ਰੀਤ ਕੌਰ ਨੇ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਪੰਜਾਬ ਨੂੰ ਸਵੱਛ ਵਾਤਾਵਰਣ ਦੇਣਾ ਹੈ। ਉਨ੍ਹਾਂ ਨੇ ਮੰਤਰੀ ਸੋਨੀ ਨੂੰ 550 ਬੂਟੇ ਗੁਰੂ ਦੇ ਨਾਂ ਭੇਟ ਕੀਤੇ।