IKGujral PTU ਦੇ ਬਿਜ਼ਨੈੱਸ ਇਨਕਿਊਬੇਸ਼ਨ ਸੈਂਟਰ ਵੱਲੋਂ ਇੰਟ੍ਰਪ੍ਰੀਨਿਉਰਲ ਓਰੀਐਂਟੇਸ਼ਨ ਸੈਸ਼ਨ ਦਾ ਆਯੋਜਨ

Tuesday, Oct 08, 2024 - 12:11 PM (IST)

ਕਪੂਰਥਲਾ (ਮਹਾਜਨ) - ਆਈ. ਕੇ. ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ. ਕੇ. ਜੀ. ਪੀ. ਟੀ. ਯੂ.) ਦੇ ਬਿਜ਼ਨੈੱਸ ਇੰਕਿਉਵੇਸ਼ਨ ਸੈਂਟਰ (ਬੀ. ਆਈ. ਸੀ.) ਵੱਲੋਂ ਆਪਣੇ ਵਿਦਿਆਰਥੀਆਂ ਲਈ ਇਕ ਇੰਟ੍ਰਪ੍ਰੀਨਿਉਰਲ ਓਰੀਐਂਟੇਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਹ ਮਾਹਿਰ ਸੈਸ਼ਨ ਪੰਜਾਬ ਸਟੇਟ ਸਟਾਰਟਅੱਪ ਸੈੱਲ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਸਮਾਗਮ ਦਾ ਆਯੋਜਨ ਉਪ-ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਅਤੇ ਰਜਿਸਟਰਾਰ ਡਾ. ਐੱਸ. ਕੇ. ਮਿਸ਼ਰਾ ਦੀ ਯੋਗ ਅਗਵਾਈ ਵਿਚ ਕੀਤਾ ਗਿਆ। ਮਾਹਿਰ ਸੈਸ਼ਨ ਤੋਂ ਬਾਅਦ ਇਕ ਸਟਾਰਟਅੱਪ ਪਿਚਿੰਗ ਮੁਕਾਬਲਾ ਵੀ ਕਰਵਾਇਆ ਗਿਆ। ਸਮਾਗਮ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੇ ਉੱਦਮੀ ਹੁਨਰ ਅਤੇ ਆਈਡਿਆ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਉਦਯੋਗ ਦੇ ਮਾਹਿਰਾਂ, ਨਿਵੇਸ਼ਕਾਂ ਅਤੇ ਪ੍ਰੋਫੈਸਰਾਂ ਦੇ ਪੈਨਲ ਸਾਹਮਣੇ ਸ਼ਾਨਦਾਰ ਵਿਚਾਰ ਤੇ ਸਟਾਰਟਅੱਪ ਪੇਸ਼ ਕੀਤੇ।

ਸਮਾਗਮ ਦੇ ਸਮਾਪਤੀ ਸੈਸ਼ਨ ਵਿਚ ਉਪ-ਕੁਲਪਤੀ ਪ੍ਰੋ. ਡਾ. ਸੁਸ਼ੀਲ ਮਿੱਤਲ ਮੁੱਖ ਮਹਿਮਾਨ ਸਨ। ਉਨ੍ਹਾਂ ਜੇਤੂ ਪ੍ਰਤੀਯੋਗੀਆਂ ਨੂੰ ਇਨਾਮ ਤਕਸੀਮ ਕੀਤੇ। ਉਪ-ਕੁਲਪਤੀ ਪ੍ਰੋ. ਡਾ. ਮਿੱਤਲ ਨੇ ਕਿਹਾ ਕਿ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਕੋ-ਵਰਕਿੰਗ ਸਪੇਸ, ਸਲਾਹਕਾਰ, ਫੰਡਿੰਗ ਅਤੇ ਪੇਟੈਂਟਿੰਗ ਦੇ ਮਾਮਲੇ ਵਿਚ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਕੇ ਸਟਾਰਟਅੱਪ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਸਫਲ ਉੱਦਮੀ ਬਣਨ ਦੇ ਰਾਹ ’ਤੇ ਹਨ, ਕਿਉਂਕਿ ਉਨ੍ਹਾਂ ਦੇ ਵਿਚਾਰ ਨਵੀਨ ਹਨ ਤੇ ਉਨ੍ਹਾਂ ਦੀ ਮਾਰਕੀਟ ਵਿਵਹਾਰਿਕਤਾ ਤੇ ਯੋਗਤਾ ਉੱਚ ਦਰਜ਼ੇ ਦੀ ਹੈ।

ਗੈਸਟ ਆਫ਼ ਆਨਰ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐੱਸ. ਕੇ. ਮਿਸ਼ਰਾ ਨੇ ਕਿਹਾ ਕਿ ਆਈ. ਕੇ. ਜੀ. ਪੀ. ਟੀ. ਯੂ. ਵੱਖ-ਵੱਖ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਰਾਹੀਂ ਨਵੀਨ ਕਾਰਜਾਂ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਸਾਲਾਨਾ ਵਪਾਰਕ ਪਿਚਿੰਗ ਮੁਕਾਬਲਾ ਇਸ ਗੱਲ ਦੀ ਸਿਰਫ਼ ਇਕ ਉਦਾਹਰਣ ਹੈ ਕਿ ਕਿਵੇਂ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਚਾਰਾਂ (ਆਈਡਿਆ) ਨੂੰ ਸਫਲ ਬਣਾਉਣ ਲਈ ਸਾਧਨ, ਸਰੋਤ ਅਤੇ ਮੌਕੇ ਪ੍ਰਦਾਨ ਕਰਦੀ ਹੈ।

ਡਾ. ਮੁਨੀਸ਼ ਜਿੰਦਲ, ਸੀ. ਈ. ਓ., ਹੋਵਰ ਰੋਬੋਟਿਕਸ, ਅਨੀਮਾ ਮਿਸ਼ਰਾ, ਸੰਸਥਾਪਕ, ਏਕਾਰਾ ਫਾਈਨੈਂਸ਼ੀਅਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਡਾ. ਅਮਰਪਾਲ ਸਿੰਘ ਵਾਲੀਆ, ਮੈਨੇਜਰ, ਸਟਾਰਟਅੱਪ ਪੰਜਾਬ ਵੀ ਇਸ ਸਮਾਗਮ ਵਿਚ ਮਹਿਮਾਨਾਂ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਮੁਕਾਬਲਿਆਂ ਲਈ ਜਿਊਰੀ ਪੈਨਲ ਦੀ ਅਗਵਾਈ ਵੀ ਕੀਤੀ।

ਡਾ. ਗਿਰੀਸ਼ ਸਪਰਾ, ਸ਼੍ਰਿਆ ਮਾਨੀ ਤੇ ਸਵਰਾਜ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੇ ਉੱਦਮੀ ਸਫ਼ਰ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ।

ਯੂਨੀਵਰਸਿਟੀ ਦੇ ਵਿਦਿਆਰਥੀ ਸ਼ਿਵਮ ਸ਼ਰਮਾ, ਵਿਕਾਸ ਅਤੇ ਜੈ ਸ਼ਿਵ ਪਹਿਲੇ ਸਥਾਨ ’ਤੇ ਰਹੇ, ਇਸ਼ਮੀਤ ਕੌਰ ਇਸ ਈਵੈਂਟ ਦੀ ਉਪ ਜੇਤੂ ਰਹੀ ਅਤੇ ਈਸ਼ਾ ਤੇ ਵੰਸ਼ ਭੂਟਾਨੀ ਨੇ ਆਪਣੇ ਤੀਜਾ ਸਥਾਨ ਹਾਸਲ ਕੀਤਾ।

 


Harinder Kaur

Content Editor

Related News