ਕਬੀਰ ਨਗਰ ਹਾਦਸਾ ਮਾਮਲੇ ''ਚ ਠੇਕੇਦਾਰ ''ਤੇ ਕੇਸ ਦਰਜ

07/20/2019 1:24:49 AM

ਜਲੰਧਰ (ਖੁਰਾਣਾ)–ਵੀਰਵਾਰ ਦੇਰ ਸ਼ਾਮ ਕਬੀਰ ਨਗਰ ਦੀ ਇਕ ਗਲੀ ਵਿਚ ਸੀਵਰੇਜ ਦੀ ਖੋਦਾਈ ਦੌਰਾਨ ਵਰਤੀ ਜਾ ਰਹੀ ਕਥਿਤ ਲਾਪ੍ਰਵਾਹੀ ਕਾਰਨ ਇਕ ਮਜ਼ਦੂਰ ਦੀ ਜਾਨ ਚਲੀ ਗਈ ਅਤੇ ਇਕ ਹੋਰ ਬੜੀ ਮੁਸ਼ਕਲ ਨਾਲ ਮੌਤ ਦੇ ਮੂੰਹ ਵਿਚੋਂ ਵਾਪਸ ਆਇਆ। ਇਸ ਮਾਮਲੇ ਵਿਚ ਜਲੰਧਰ ਪੁਲਸ ਨੇ ਸ਼ਿਕਾਇਤਕਰਤਾ ਮੁਹੰਮਦ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਨਗਰ ਨਿਗਮ ਦੇ ਠੇਕੇਦਾਰ ਮਨੋਜ ਭਗਤ 'ਤੇ ਧਾਰਾ 304 ਏ ਅਤੇ 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਠੇਕੇਦਾਰ ਮਨੋਜ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਪਰ ਪਤਾ ਲੱਗਾ ਹੈ ਕਿ ਠੇਕੇਦਾਰ ਵਲੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦੇ ਕੇ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।

ਇਸ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਜ ਮੌਕੇ 'ਤੇ ਜਾ ਕੇ ਸੀਵਰੇਜ ਖੋਦਾਈ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਕੱਲ ਟੁੱਟੀ ਵਾਟਰ ਸਪਲਾਈ ਲਾਈਨ ਨੂੰ ਜੋੜਿਆ। ਜ਼ਿਕਰਯੋਗ ਹੈ ਕਿ ਵਾਟਰ ਸਪਲਾਈ ਲਾਈਨ ਟੁੱਟ ਜਾਣ ਕਾਰਨ ਟੋਏ ਵਿਚ ਪਾਣੀ ਭਰ ਗਿਆ ਸੀ, ਜਿਸ ਵਿਚ ਡੁੱਬਣ ਨਾਲ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢੀ ਜਾ ਸਕੀ।

ਦੋਸ਼ ਹੈ ਕਿ ਠੇਕੇਦਾਰ ਨੇ ਇਸ ਕੰਮ ਨੂੰ ਕਾਫੀ ਲਟਕਾ ਕੇ ਰੱਖਿਆ ਸੀ, ਜਿਸ ਨੂੰ ਹੁਣ ਜਲਦੀ ਪੂਰਾ ਕਰਵਾਉਣ ਦੀਆਂ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਇਸ ਕੰਮ ਦੌਰਾਨ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਖੋਦਾਈ ਦੇ ਕੰਮ ਵਿਚ ਲੱਗੇ ਮਜ਼ਦੂਰਾਂ ਨੂੰ ਸੇਫਟੀ ਉਪਕਰਨ, ਰੱਸੇ, ਹੈਲਮੇਟ ਆਦਿ ਮੁਹੱਈਆ ਕਰਵਾਏ ਗਏ ਹਨ। ਇਸ ਸਬੰਧੀ ਅੱਜ ਪੂਰੇ ਕਬੀਰ ਨਗਰ ਇਲਾਕੇ ਵਿਚ ਚਰਚਾ ਰਹੀ ਕਿ ਜੇਕਰ ਠੇਕੇਦਾਰ ਅਤੇ ਨਿਗਮ ਅਧਿਕਾਰੀਆਂ ਨੇ ਅਜਿਹੀ ਸਾਵਧਾਨੀ ਵਰਤੀ ਗਈ ਹੁੰਦੀ ਤਾਂ ਇਕ ਬੇਕਸੂਰ ਦੀ ਜਾਨ ਨਾ ਜਾਂਦੀ।
ਇਕ ਜੇ. ਈ. 'ਤੇ ਮਾਮਲਾ ਪਾਉਣ ਦੀ ਤਾਕ 'ਚ ਨਿਗਮ
ਇਸ ਸਾਰੇ ਮਾਮਲੇ ਵਿਚ ਜਿਥੇ ਨਗਰ ਨਿਗਮ ਦੇ ਠੇਕੇਦਾਰ ਦੀ ਘੋਰ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ, ਉਥੇ ਨਿਗਮ ਅਧਿਕਾਰੀਆਂ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ। ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਦੇ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਥਾਵਾਂ 'ਤੇ ਸੀਵਰੇਜ ਖੋਦਾਈ ਦੇ ਕੰਮ ਚੱਲ ਰਹੇ ਹਨ, ਉਨ੍ਹਾਂ ਥਾਵਾਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਨਜ਼ਰਸਾਨੀ ਕਰਨ ਪਰ ਨਿਗਮ ਵਿਚ ਪ੍ਰੈਕਟਿਸ ਹੈ ਕਿ ਕੋਈ ਨਿਗਮ ਅਧਿਕਾਰੀ ਮੌਕੇ 'ਤੇ ਨਹੀਂ ਜਾਂਦਾ। ਅੱਜ ਇਸ ਮਾਮਲੇ ਵਿਚ ਜਦੋਂ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਲਈ ਨਿਗਮ ਦਾ ਸਾਈਟ ਇੰਚਾਰਜ ਭਾਵ ਜੇ. ਈ. ਦੋਸ਼ੀ ਹੈ, ਜਿਸ ਦੀ ਜਵਾਬ-ਤਲਬੀ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਹੁਕਮ ਦੇ ਦਿੱਤੇ ਗਏ ਸਨ। ਜਦੋਂ ਕਮਿਸ਼ਨਰ ਕੋਲੋਂ ਪੁੱਛਿਆ ਗਿਆ ਕਿ ਜੇ. ਈ. 'ਤੇ ਕੀ ਕਾਰਵਾਈ ਹੋ ਸਕਦੀ ਹੈ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਜੇ. ਈ. ਅਸਥਾਈ ਆਧਾਰ 'ਤੇ ਭਰਤੀ ਹੈ ਪਰ ਬਾਅਦ ਵਿਚ ਉਨ੍ਹਾਂ ਕਿਹਾ ਕਿ ਜੇ. ਈ. ਨੂੰ ਡਿਸਮਿਸ ਤੱਕ ਕੀਤਾ ਜਾ ਸਕਦਾ ਹੈ। ਕਬੀਰ ਨਗਰ ਵਿਚ ਕੱਲ ਜਿਸ ਥਾਂ ਸੀਵਰ ਖੋਦਾਈ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਸੀ, ਉਥੇ ਅੱਜ ਖੋਦਾਈ ਕੰਮ ਤਾਂ ਹੋਇਆ ਪਰ ਉਸ ਕੰਮ ਦੌਰਾਨ ਮਜ਼ਦੂਰਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਅਤੇ ਰੱਸਿਆਂ ਤੇ ਹੈਲਮੇਟ ਆਦਿ ਦੀ ਵਰਤੋ ਕੀਤੀ ਜਾ ਰਹੀ ਸੀ।
ਲਗਭਗ ਹਰ ਠੇਕੇਦਾਰ ਕਰਦਾ ਲਾਪ੍ਰਵਾਹੀ
ਸੀਵਰੇਜ ਖੋਦਾਈ ਦੇ ਕੰਮ ਸ਼ਹਿਰ ਵਿਚ ਕਈ ਹੋਰ ਥਾਵਾਂ 'ਤੇ ਚੱਲ ਰਹੇ ਹਨ ਪਰ ਲਗਭਗ ਸਾਰੇ ਠੇਕੇਦਾਰ ਬੇਹੱਦ ਦੇਸੀ ਤਰੀਕੇ ਨਾਲ ਖੋਦਾਈ ਦਾ ਕੰਮ ਕਰਵਾਉਂਦੇ ਹਨ ਅਤੇ ਪੈਸੇ ਬਚਾਉਣ ਖਾਤਿਰ ਮਜ਼ਦੂਰਾਂ ਦੀ ਜ਼ਿੰਦਗੀ ਤੱਕ ਦਾਅ 'ਤੇ ਲਾ ਦਿੰਦੇ ਹਨ। ਨਿਗਮ ਵਲੋਂ ਕਰਵਾਏ ਜਾਂਦੇ ਕੰਮਾਂ 'ਤੇ ਕੋਈ ਬੈਰੀਕੇਡਿੰਗ ਨਹੀਂ ਕੀਤੀ ਜਾਂਦੀ। ਕੋਈ ਮਜ਼ਦੂਰ ਹੈਲਮੇਟ ਜਾਂ ਸੁਰੱਖਿਆ ਉਪਕਰਨ ਨਹੀਂ ਪਾਉਂਦਾ ਅਤੇ ਕਿਸੇ ਸਾਈਟ 'ਤੇ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ। ਨਿਗਮ ਅਧਿਕਾਰੀ ਨੂੰ ਚਾਹੀਦਾ ਹੈ ਕਿ ਉਹ ਠੇਕੇਦਾਰਾਂ 'ਤੇ ਇਸ ਮਾਮਲੇ ਵਿਚ ਸਖ਼ਤੀ ਵਰਤਣ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਵੀ ਜਾਨਲੇਵਾ ਹਾਦਸੇ ਹੁੰਦੇ ਰਹਿਣਗੇ।


Karan Kumar

Content Editor

Related News