ਸ਼੍ਰੀ ਰਾਮ ਚੌਕ ਤੋਂ ਬਸਤੀ ਅੱਡਾ ਚੌਕ ਤਕ ਦੁਬਾਰਾ ਹੋ ਰਹੇ ਸਨ ਕਬਜ਼ੇ, ਟ੍ਰੈਫਿਕ ਪੁਲਸ ਨੇ ਕਲੀਅਰ ਕਰਵਾਏ
Thursday, Feb 29, 2024 - 02:13 PM (IST)
ਜਲੰਧਰ (ਵਰੁਣ)–ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਤਕ ਦੁਕਾਨਦਾਰਾਂ ਵੱਲੋਂ ਸੜਕਾਂ ’ਤੇ ਦੁਬਾਰਾ ਕੀਤੇ ਕਬਜ਼ਿਆਂ ਨੂੰ ਟ੍ਰੈਫਿਕ ਪੁਲਸ ਨੇ ਕਲੀਅਰ ਕਰਵਾ ਦਿੱਤਾ। ਟ੍ਰੈਫਿਕ ਪੁਲਸ ਨੇ ਇਸ ਦੌਰਾਨ ਗਲਤ ਢੰਗ ਨਾਲ ਖੜ੍ਹੀਆਂ ਕਈ ਗੱਡੀਆਂ ਵੀ ਟੋਅ ਕੀਤੀਆਂ, ਜਦਕਿ ਦੁਬਾਰਾ ਕਬਜ਼ੇ ਕਰਨ ’ਤੇ ਦੁਕਾਨਦਾਰਾਂ ਨੂੰ ਐੱਫ. ਆਈ. ਆਰ. ਦੀ ਚਿਤਾਵਨੀ ਦਿੱਤੀ ਗਈ ਹੈ।
ਏ. ਸੀ. ਪੀ. ਟ੍ਰੈਫਿਕ ਆਜ਼ਾਦ ਦਵਿੰਦਰ ਸਿੰਘ ਨੇ ਦੱਸਿਆ ਕਿ ਇੰਸ. ਰਸ਼ਮਿੰਦਰ ਸਿੰਘ ਅਤੇ ਇੰਸ. ਸੁਖਚੈਨ ਸਿੰਘ ਨੇ ਆਪਣੀਆਂ ਟੀਮਾਂ ਨਾਲ ਸ਼੍ਰੀ ਰਾਮ ਚੌਕ ਤੋਂ ਬਸਤੀ ਅੱਡਾ ਚੌਕ ਰੋਡ ਦੀ ਚੈਕਿੰਗ ਕੀਤੀ ਤਾਂ ਕੁਝ ਦੁਕਾਨਦਾਰਾਂ ਨੇ ਸੜਕਾਂ ’ਤੇ ਹੀ ਸਾਮਾਨ ਰੱਖ ਕੇ ਜਗ੍ਹਾ ਘੇਰੀ ਹੋਈ ਸੀ ਅਤੇ ਗੱਡੀਆਂ ਵੀ ਗਲਤ ਢੰਗ ਨਾਲ ਖੜ੍ਹੀਆਂ ਕੀਤੀਆਂ ਸਨ, ਜਿਸ ਕਾਰਨ ਸੜਕ ਦੀ ਚੌੜਾਈ ਘੱਟ ਜਾਣ ਕਾਰਨ ਜਾਮ ਦੀ ਸਮੱਸਿਆ ਆ ਰਹੀ ਸੀ। ਅਜਿਹੇ ਵਿਚ ਬੁੱਧਵਾਰ ਨੂੰ ਟ੍ਰੈਫਿਕ ਪੁਲਸ ਨੇ ਟੋਅ ਵੈਨ ਟੀਮ ਨਾਲ ਜੋ ਵੀ ਗੱਡੀਆਂ ਗਲਤ ਢੰਗ ਨਾਲ ਖੜ੍ਹੀਆਂ ਕੀਤੀਆਂ ਸਨ, ਉਨ੍ਹਾਂ ਨੂੰ ਟੋਅ ਕੀਤਾ, ਜਦਕਿ ਟ੍ਰੈਫਿਕ ਕੋਣ ਅਤੇ ਸਾਮਾਨ ਵੀ ਦੁਕਾਨਾਂ ਅੰਦਰ ਕਰਵਾਇਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਨੇ ਦੁਬਾਰਾ ਸੜਕ ਜਾਂ ਫੁੱਟਪਾਥ ’ਤੇ ਕਬਜ਼ੇ ਕੀਤੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।