ਖਾਲੀ ਪਲਾਟ ''ਚ ਅੱਗ ਲਾਉਣ ਦਾ ਵਿਰੋਧ ਕਰਨ ''ਤੇ ਪੁਲਸ ਮੁਲਾਜ਼ਮਾਂ ''ਤੇ ਧਮਕਾਉਣ ਦਾ ਦੋਸ਼, ਸ਼ਿਕਾਇਤ

06/17/2019 12:02:57 PM

ਜਲੰਧਰ (ਵਰੁਣ)— ਵਡਾਲਾ ਚੌਕ ਸਥਿਤ ਟਾਵਰ ਐਨਕਲੇਵ ਫੇਜ਼-3 'ਚ ਖਾਲੀ ਪਲਾਟ ਅੰਦਰ ਅੱਗ ਲਗਾਉਣ ਵਾਲੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਧਮਕਾਉਣ ਦੇ ਦੋਸ਼ ਲੱਗੇ ਹਨ। ਦੋਸ਼ ਲਗਾਉਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਅਤੇ ਬੇਟੇ ਨੂੰ ਸਾਹ ਦੀ ਬੀਮਾਰੀ ਹੈ, ਜਿਸ ਕਾਰਨ ਉਹ ਪਹਿਲਾਂ ਵੀ ਅੱਗ ਲਾਉਣ ਵਾਲੇ ਇਸ ਪਰਿਵਾਰ ਨੂੰ ਰੋਕ ਚੁੱਕੇ ਹਨ ਪਰ ਇਸ ਵਾਰ ਉਨ੍ਹਾਂ ਨੇ ਘਰ 'ਚ ਆ ਕੇ ਧੱਕੇਸ਼ਾਹੀ ਕੀਤੀ।
ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵਾਸੀ ਟਾਵਰ ਐਨਕਲੇਵ ਫੇਜ਼-3 ਨੇ ਦੱਸਿਆ ਕਿ 14 ਜੂਨ ਨੂੰ ਉਨ੍ਹਾਂ ਦੇ ਘਰ ਸਾਹਮਣੇ ਸਥਿਤ ਖਾਲੀ ਪਲਾਟ 'ਚ ਗੁਆਂਢ 'ਚ ਰਹਿੰਦੇ ਪੁਲਸ ਮੁਲਾਜ਼ਮਾਂ ਦੇ ਪਰਿਵਾਰ ਨੇ ਅੱਗ ਲਗਾਈ ਸੀ। ਉਸ ਨੇ ਖੁਦ ਜਾ ਕੇ ਅੱਗ ਨੂੰ ਬੁਝਾਇਆ ਅਤੇ ਅੱਗ ਲਾਉਣ ਵਾਲੇ ਪਰਿਵਾਰ ਦਾ ਵਿਰੋਧ ਵੀ ਕੀਤਾ। ਅਜਿਹੇ 'ਚ ਮੁਲਾਜ਼ਮਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਅਗਲੀ ਸਵੇਰੇ ਦੋਬਾਰਾ ਤੋਂ ਉਹ ਲੋਕ ਘਰ 'ਚ ਆ ਗਏ ਅਤੇ ਖਾਕੀ ਦਾ ਰੋਹਬ ਝਾੜਦੇ ਹੋਏ ਧਮਕਾਇਆ ਅਤੇ ਗਾਲੀ-ਗਲੋਚ ਕੀਤਾ। 
ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਇਹ ਵੀ ਧਮਕੀ ਦਿੱਤੀ ਕਿ ਉਹ ਖੁਦ ਪੁਲਸ 'ਚ ਹਨ ਅਤੇ ਸ਼ਿਕਾਇਤ ਦੇਣ 'ਤੇ ਪੁਲਸ ਵੀ ਉਨ੍ਹਾਂ ਦਾ ਕੁਝ ਨਹੀਂ ਕਰ ਸਕੇਗੀ। ਹਰਪ੍ਰੀਤ ਨੇ ਇਸ ਸਬੰਧੀ ਥਾਣਾ ਲਾਂਬੜਾ 'ਚ ਸ਼ਿਕਾਇਤ ਦਿੱਤੀ ਹੈ। ਥਾਣਾ ਲਾਂਬੜਾ ਦੇ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਜਦੋਂ ਝਗੜਾ ਹੋਇਆ ਤਾਂ ਪੁਲਸ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਸੀ। ਅੱਗ ਲਾ ਕੇ ਪ੍ਰਦੂਸ਼ਣ ਫੈਲਾਉਣ ਦਾ ਕੇਸ ਹੋਣ ਕਾਰਨ ਬੋਰਡ ਇਸ ਮਾਮਲੇ ਦੀ ਜਾਂਚ ਕਰੇਗਾ, ਜਦਕਿ ਸ਼ਿਕਾਇਤਕਰਤਾ ਨੇ ਜੋ ਧਮਕਾਉਣ ਅਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ, ਉਨ੍ਹਾਂ ਦੀ ਜਾਂਚ ਉਹ ਕਰਨਗੇ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News