ਚੋਰਾਂ ਦੇ ਹੌਂਸਲੇ ਬੁਲੰਦ, ਮਿੰਨੀ ਸਕੱਤਰੇਤ ਦੇ ਸਾਹਮਣੇ ਇਲੈਕਟ੍ਰੋਨਿਕਸ ਦੀ ਦੁਕਾਨ ’ਤੇ ਕੀਤਾ ਹੱਥ ਸਾਫ਼
Thursday, Nov 03, 2022 - 02:43 PM (IST)
ਹੁਸ਼ਿਆਰਪੁਰ (ਰਾਕੇਸ਼)-ਚੋਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਉਨ੍ਹਾਂ ਨੇ ਬੀਤੀ ਰਾਤ ਮਿੰਨੀ ਸਕੱਤਰੇਤ ਦੇ ਸਾਹਮਣੇ ਸਥਿਤ ਇਕ ਦੁਕਾਨ ਨੂੰ ਵੀ ਨਿਸ਼ਾਨਾ ਬਣਾ ਲਿਆ। ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮਹਾਦੇਵਨ ਇਲੈਕਟ੍ਰੋਨਿਕਸ ਦੀ ਦੁਕਾਨ ਮਿੰਨੀ ਸਕੱਤਰੇਤ ਦੇ ਸਾਹਮਣੇ ਹੈ। ਰਾਤ 9 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਪਰ ਰਾਤ 10 ਵਜੇ ਇਕ ਗਾਹਕ ਦਾ ਫੋਨ ਆਉਣ ਕਾਰਨ ਉਨ੍ਹਾਂ ਨੂੰ ਦੋਬਾਰਾ ਦੁਕਾਨ ’ਤੇ ਆਉਣਾ ਪਿਆ। ਉਨ੍ਹਾਂ ਨੇ ਦੁਕਾਨ ’ਚੋਂ ਗਾਹਕ ਦਾ ਸਾਮਾਨ ਲੈ ਕੇ ਉਸ ਦੇ ਘਰ ਪਹੁੰਚਾਇਆ ਅਤੇ ਰਾਤ 11 ਵਜੇ ਘਰ ਪਹੁੰਚੇ।
ਇਹ ਵੀ ਪੜ੍ਹੋ : ਜਲੰਧਰ 'ਚ 5 ਨਵੰਬਰ ਨੂੰ ਪ੍ਰਾਈਵੇਟ ਤੇ ਸਰਕਾਰੀ ਸਕੂਲ-ਕਾਲਜਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ
ਜਦੋਂ ਉਹ ਸਵੇਰੇ 8.30 ਵਜੇ ਦੁਕਾਨ ’ਤੇ ਆਏ ਤਾਂ ਵੇਖਿਆ ਕਿ ਦੁਕਾਨ ਦੇ ਸ਼ਟਰ ਦੇ ਬਾਹਰ ਇਕ ਟੇਬਲ ਲੈਂਪ ਪਿਆ ਸੀ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਰਾਤ ਦੀ ਜਲਦਬਾਜ਼ੀ ਵਿਚ ਬਾਹਰ ਰਹਿ ਗਿਆ ਹੈ। ਅੰਦਰ ਜਾ ਕੇ ਵੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ। ਸ਼ੀਸ਼ੇ ਦਾ ਲਾਕ ਜੋ ਦੂਜੇ ਕਮਰੇ ਨੂੰ ਜਾਂਦਾ ਹੈ, ਉਹ ਟੁੱਟਿਆ ਹੋਇਆ ਸੀ। ਉਨ੍ਹਾਂ ਨੂੰ ਇਹ ਸਮਝਣ ਵਿਚ ਦੇਰ ਨਹੀਂ ਲੱਗੀ ਕਿ ਉਨ੍ਹਾਂ ਦੀ ਦੁਕਾਨ ’ਤੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਹੈ। ਜਦੋਂ ਉਪਰਲੀ ਮੰਜ਼ਿਲ ’ਤੇ ਗਏ ਤਾਂ ਉਸ ਨੂੰ ਲਾਕ ਤਾਂ ਲੱਗਾ ਹੋਇਆ ਸੀ ਪਰ ਦਰਵਾਜ਼ਾ ਨੂੰ ਕਿਸੇ ਤਰ੍ਹਾਂ ਹਟਾਇਆ ਗਿਆ ਸੀ ਅਤੇ ਉੱਥੋਂ ਚੋਰ ਡੱਬੇ ’ਚੋਂ ਸਾਰੀਆਂ ਤਾਰਾਂ ਕੱਢ ਕੇ ਲੈ ਗਏ ਸਨ | ਉਨ੍ਹਾਂ ਦੱਸਿਆ ਕਿ ਇੰਨਾ ਹੀ ਨਹੀਂ ਸਾਮਾਨ ਨਾਲ ਡੀ. ਵੀ. ਆਰ. ਵੀ ਚੋਰ ਆਪਣੇ ਨਾਲ ਲੈ ਗਏ।
ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਉਨ੍ਹਾਂ ਥਾਣਾ ਸਿਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਇਲਾਕਾ ਥਾਣਾ ਸਦਰ ਵਿਚ ਪੈਂਦਾ ਹੈ। ਉਥੇ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਹ ਇਲਾਕਾ ਥਾਣਾ ਸਿਟੀ ਵਿਚ ਪੈਂਦਾ ਹੈ। ਕਾਫ਼ੀ ਜੱਦੋਜਹਿਦ ਤੋਂ ਬਾਅਦ ਥਾਣਾ ਸਿਟੀ ਤੋਂ 2 ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਚੋਰ ਗੱਲੇ ਵਿਚ ਰੱਖੀ 63 ਹਜ਼ਾਰ ਦੀ ਨਕਦੀ ਵੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਜੇਕਰ ਮਿੰਨੀ ਸਕੱਤਰੇਤ ਦੇ ਸਾਹਮਣੇ ਵਾਲੀ ਦੁਕਾਨ ਵੀ ਸੁਰੱਖਿਅਤ ਨਹੀਂ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਰੂਪਨਗਰ 'ਚ ਅਕਾਲੀ-ਕਾਂਗਰਸੀਆਂ ਦੇ ਝਗੜੇ ਦਾ ਭਿਆਨਕ ਰੂਪ, ਕੌਂਸਲਰ ਦੇ ਦਿਓਰ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।