ਰੇਲ ਗੱਡੀ ਨਾਲ ਟਕਰਾਉਣ ਕਾਰਣ ਬਜ਼ੁਰਗ ਦੀ ਮੌਤ
Saturday, Jun 08, 2019 - 01:18 AM (IST)

ਰੂਪਨਗਰ, (ਕੈਲਾਸ਼)- ਅੱਜ ਇਕ ਬਜ਼ੁਰਗ ਵੱਲੋਂ ਰੇਲਵੇ ਲਾਈਨ ’ਤੇ ਆਤਮ-ਹੱਤਿਆ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੌਰਮਿੰਟ ਰੇਲਵੇ ਪੁਲਸ ਰੂਪਨਗਰ ਦੇ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਰਾਲੀ-ਮੋਰਿੰਡਾ ਰੇਲਵੇ ਲਾਈਨ ’ਤੇ ਪਿੰਡ ਧਿਆਨਪੁਰ ਨੇਡ਼ੇ ਇਕ ਬਜ਼ੁਰਗ ਵੱਲੋਂ ਰੇਲ ਗੱਡੀ ਨਾਲ ਟਕਰਾਅ ਕੇ ਆਤਮ-ਹੱਤਿਆ ਕਰ ਲਈ ਗਈ। ਉਹ ਆਪਣੀ ਟੀਮ ਜਿਸ ’ਚ ਏ.ਐੱਸ.ਆਈ. ਸੋਹਨ ਲਾਲ, ਮੁਨਸ਼ੀ ਸੌਦਾਗਰ ਸਿੰਘ ਸ਼ਾਮਲ ਸਨ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕ ਦੀ ਉਮਰ 60 ਸਾਲ ਦੇ ਕਰੀਬ ਹੈ ਅਤੇ ਉਸ ਨੇ ਸਲੇਟੀ ਰੰਗ ਦਾ ਕੁਡ਼ਤਾ-ਪਜਾਮਾ ਪਾਇਆ ਹੈ। ਲਾਸ਼ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ ’ਚ 72 ਘੰਟੇ ਪਛਾਣ ਲਈ ਰੱਖੀ ਗਈ ਹੈ।