ਮੀਂਹ ਨਾਲ ਸਥਿਤੀ ਗੰਭੀਰ, ਸਾਰੀਆਂ ਯਾਤਰੀ ਰੇਲਗੱਡੀਆਂ ਰੱਦ

08/18/2019 8:19:17 PM

ਰੂਪਨਗਰ (ਕੈਲਾਸ਼)— ਰੂਪਨਗਰ ਖੇਤਰ ਤੇ ਇਸਦੇ ਨਾਲ ਲੱਗਦੇ ਪਿੰਡਾਂ 'ਚ 3 ਵਜੇ ਤੋਂ ਹੋ ਰਹੀ ਤੇਜ਼ ਵਰਖਾ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਇਥੋਂ ਤੱਕ ਕਿ ਤੇਜ਼ ਵਰਖਾ ਦੇ ਚਲਦਿਆਂ ਅੱਜ ਰੂਪਨਗਰ ਤੋਂ ਆਉਣ ਵਾਲੀਆਂ ਸਾਰੀਆਂ ਯਾਤਰੀ ਰੇਲਗੱਡੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਕੇ ਰਹਿ ਗਈ। ਜਾਣਕਾਰੀ ਅਨੁਸਾਰ ਸਵੇਰ 3 ਵਜੇ ਤੋਂ ਸ਼ੁਰੂ ਹੋਈ ਤੇਜ਼ ਵਰਖਾ ਕਾਰਨ ਰੂਪਨਗਰ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ ਵਿਚਕਾਰ ਭਰਤਗੜ੍ਹ ਦੇ ਨਜ਼ਦੀਕ ਰੇਲੇਵੇ ਲਾਈਨ ਪਾਣੀ ਵਿਚ ਡੁੱਬ ਗਈ ਜਿਸ ਕਾਰਨ ਸਾਰੀਆਂ ਯਾਤਰੀ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ। 
ਜਾਣਕਾਰੀ ਅਨੁਸਾਰ ਦਿੱਲੀ ਤੋਂ ਚੱਲਕੇ ਊਨਾ-ਨੰਗਲ ਜਾਣ ਵਾਲੀ ਹਿਮਾਚਲ ਐਕਸਪ੍ਰੈਸ ਲਗਭੱਗ 5:45 'ਤੇ ਸਵੇਰੇ ਰੂਪਨਗਰ ਪਹੁੰਚ ਗਈ ਸੀ ਪਰ ਉਸ ਨੂੰ ਖਤਰਾ ਹੋਣ ਕਾਰਨ ਰੂਪਨਗਰ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ। ਇਸੇ ਤਰ੍ਹਾਂ ਊਨਾ-ਨੰਗਲ ਤੋਂ ਦਿੱਲੀ ਜਾਣ ਵਾਲੀ ਜਨ ਸ਼ਤਾਬਦੀ ਜੋ ਸਵੇਰੇ 6:20 'ਤੇ ਰੂਪਨਗਰ ਪਹੁੰਚਦੀ ਹੈ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਸੈਂਕੜੇ ਯਾਤਰੀ ਰੂਪਨਗਰ ਰੇਲਵੇ ਸਟੇਸ਼ਨ 'ਤੇ ਫਸੇ ਰਹੇ ਅਤੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਤਾ ਲੱਗਾ ਹੈ ਕਿ ਇਸ ਤੋਂ ਇਲਾਵਾ ਸਾਰੀਆਂ ਅੰਬਾਲਾ ਤੇ ਸਹਾਰਨਪੁਰ ਤੋਂ ਨੰਗਲ ਤੱਕ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਦੋਂ ਇਸ ਸਬੰਧ ਵਿਚ ਸਟੇਸ਼ਨ ਸੁਪਰਡੈਂਟ ਤਜਿੰਦਰਪਾਲ ਅਤੇ ਰੇਲਵੇ ਟ੍ਰੈਫਿਕ ਇੰਸਪੈਕਟਰ ਨਰੇਸ਼ ਵਿਜ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਸੁਣਿਆ। ਦੂਜੇ ਪਾਸੇ ਚੀਫ ਕਮਰਸ਼ੀਅਲ ਅਧਿਕਾਰੀ ਅਜੇ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੀਆਂ ਰੇਲਗੱਡੀਆਂ ਰੱਦ ਹੋਣ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਯਾਤਰੀਆਂ ਨੂੰ ਰੇਲਗੱਡੀਆਂ ਨੂੰ ਰੱਦ ਹੋ ਜਾਣ ਕਾਰਨ ਟਿਕਟਾਂ ਦਾ ਰਿਫੰਡ ਦਿੱਤਾ ਗਿਆ ਹੈ। ਸਮਾਚਾਰ ਲਿਖੇ ਜਾਣ ਤੱਕ ਵਰਖਾ ਦਾ ਕਹਿਰ ਲਗਾਤਾਰ ਜਾਰੀ ਸੀ ਜਿਸ ਕਾਰਨ ਰੇਲਗੱਡੀਆਂ ਕਦੋਂ ਬਹਾਲ ਹੋਣਗੀਆਂ ਇਸ ਬਾਰੇ ਵਿਚ ਕੋਈ ਪੁਸ਼ਟੀ ਨਹੀਂ ਮਿਲ ਸਕੀ।

 


KamalJeet Singh

Content Editor

Related News