ਸੰਘਣੀ ਧੁੰਦ ਕਾਰਨ ਵਿਜੀਬਿਲਟੀ ‘ਜ਼ੀਰੋ’

Tuesday, Dec 25, 2018 - 05:36 AM (IST)

ਸੰਘਣੀ ਧੁੰਦ ਕਾਰਨ ਵਿਜੀਬਿਲਟੀ ‘ਜ਼ੀਰੋ’

ਸੁਲਤਾਨਪੁਰ ਲੋਧੀ,    (ਧੀਰ)-  ਪੋਹ ਮਹੀਨੇ ’ਚ ਪਹਾਡ਼ਾਂ ’ਤੇ ਪੈ ਰਹੀ ਬਰਫਬਾਰੀ ਤੇ ਮੈਦਾਨੀ ਇਲਾਕਿਆਂ ’ਚ ਸੰਘਣੀ ਧੁੰਦ ਤੇ ਹੱਡ ਚੀਰਵੀਂ ਠੰਡ ਨੇ ਜ਼ਿੰਦਗੀ ਦੀ ਰਫਤਾਰ ਨੂੰ ਮੱਠੀ ਕੀਤਾ ਹੋਇਆ ਹੈ। ਬੀਤੇ 2 ਦਿਨਾਂ ਤੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਅੰਦਰੂਨੀ ਤੇ ਬਾਹਰਲੇ ਹਿੱਸਿਆਂ ’ਚ ਸਵੇਰ ਦੇ ਸਮੇਂ ਪੈ ਰਹੀ ਸੰਘਣੀ ਧੁੰਦ ਨੇ ਜਿਥੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਆਵਾਜਾਈ ’ਚ ਕਾਫੀ ਫਰਕ ਪਾਇਆ ਹੈ। ਦਿਨ ਦੇ ਸਮੇਂ ਸੰਘਣੀ ਧੁੰਦ ਕਾਰਨ 0 ਵਿਜੀਬਿਲਟੀ ਹੋਣ ਕਾਰਨ ਵਾਹਨ ਸਵਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਿਨ ਦੇ ਵੇਲੇ ਹੀ ਲਾਈਟਾਂ ਜਗਾ ਕੇ ਵਾਹਨ ਸਡ਼ਕਾਂ ’ਤੇ ਰੇਂਗਦੇ ਹੋਏ ਜਾਂਦੇ ਦਿਖਾਈ ਦੇ ਰਹੇ ਸਨ। 
ਬੀਤੇ ਲਗਾਤਾਰ 2 ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਵਾਹਨ ਸਵਾਰ ਖਾਸ ਤੌਰ ’ਤੇ ਮੋਟਰਸਾਈਕਲ ਸਵਾਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਾਰ ਸਵਾਰ ਵਾਹਨ ਵੀ ਦਿਨ ਦੇ ਸਮੇਂ ਹੈੱਡ ਲਾਈਟਾਂ ਜਗ੍ਹਾ ਕੇ ਹੌਲੀ ਰਫਤਾਰ ਨਾਲ ਅੱਗੇ ਜਾ ਰਹੇ ਸਨ। 
 ਸਕੂਲੀ ਬੱਚਿਆਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ
 ਸੰਘਣੀ ਧੁੰਦ ਨੇ ਸਭ ਤੋਂ ਜ਼ਿਆਦਾ ਸਕੂਲ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਤੇ ਪਿੰਡਾਂ ’ਚੋਂ ਸ਼ਹਿਰ ਆ ਕੇ ਪਡ਼੍ਹਨ ਵਾਲੇ ਬੱਚਿਆਂ ਨੂੰ ਸਕੂਲ ਸਮੇਂ ਸਿਰ ਪਹੁੰਚਣ ’ਤੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕਈ ਬੱਚਿਆਂ ਨੂੰ ਖੁਦ ਮਾਂ ਬਾਪ ਮੋਟਰਸਾਈਕਲ ਤੇ ਕਾਰਾਂ ’ਚ ਪੂਰੀ ਹਿਫਾਜ਼ਤ ਨਾਲ ਲੁਕੋ ਕੇ ਟੋਪੀ ਦਸਤਾਨੇ ਪੁਆ ਕੇ ਸਕੂਲ ਛੱਡਣ ਆਉਂਦੇ ਦੇਖੇ ਗਏ। 
ਮਾਪਿਆਂ ਵੱਲੋਂ ਸਕੂਲਾਂ ’ਚ  ਛੁੱਟੀਆਂ ਕਰਨ ਦੀ ਮੰਗ
ਸਰਕਾਰੀ ਸਕੂਲਾਂ ਸਮੇਤ ਕਈ ਪ੍ਰਾਈਵੇਟ ਸਕੂਲਾਂ ਨੇ ਤਾਂ ਸਰਦੀ ਦੇ ਮੌਸਮ ਦੀਆਂ ਛੁੱਟੀਆਂ 25 ਦਸੰਬਰ ਤੋਂ ਕਰਨ ਦਾ ਐਲਾਨ ਕੀਤਾ ਹੋਇਆ ਹੈ ਪ੍ਰੰਤੂ ਹਾਲੇ ਵੀ ਕਈ ਪ੍ਰਾਈਵੇਟ ਸਕੂਲਾਂ ਨੇ ਛੁੱਟੀਆਂ ਨੂੰ 1 ਜਨਵਰੀ ਤੋਂ ਕਰਨ ਦਾ ਐਲਾਨ ਕੀਤਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਬਾਕੀ ਸਕੂਲਾਂ ਨੇ ਛੁੱਟੀਆਂ 25 ਦਸੰਬਰ ਨੂੰ ਕਰਨ ਦਾ ਐਲਾਨ ਕੀਤਾ ਹੈ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਰਦੀ ਤੇ ਸੰਘਣੀ ਧੁੰਦ ਕਾਰਨ ਉਹ ਸਾਰੇ ਹੀ ਸਕੂਲਾਂ ਨੂੰ ਛੁੱਟੀਆਂ 25 ਤੋਂ ਕਰਨ ਦੀ ਸਖਤ ਹਦਾਇਤ ਦੇਣ। 
 ਮਜ਼ਦੂਰਾਂ ਦੀਆਂ ਮੁਸ਼ਕਲਾਂ ਵਧੀਆਂ
ਹੱਡ ਚੀਰਵੀਂ ਠੰਡ ’ਤੇ ਪੈ ਰਹੀ ਧੁੰਦ ਨੇ ਸਵੇਰੇ ਪਿੰਡਾਂ ਤੋਂ ਰੋਜ਼ਾਨਾ ਸ਼ਹਿਰ ਮਜ਼ਦੂਰੀ ਕਰਨ ਆਉਂਦੇ ਕਿਰਤੀਆਂ ਦੀਆਂ ਵੀ ਮੁਸ਼ਕਲਾਂ ’ਚ ਵਾਧਾ ਕੀਤਾ ਹੈ। ਮਦਨ, ਕਾਲਾ, ਹਰਜੀਤ, ਮਹਿੰਦਰ ਆਦਿ ਨੇ ਕਿਹਾ ਕਿ ਠੰਡ ਤੇ ਧੁੰਦ ਕਾਰਨ ਉਨ੍ਹਾਂ ਨੂੰ ਦਿਹਾਡ਼ੀ ਬਹੁਤ ਮੁਸ਼ਕਲ ਨਾਲ ਮਿਲ ਰਹੀ ਹੈ। ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਡੇ ਹੋ ਗਏ ਹਨ। ਠੰਡ ਤੋਂ ਬਚਾਅ ਲਈ ਮਜ਼ਦੂਰ ਵਰਗ ਅੱਗ ਬਾਲ ਕੇ ਸੇਕਦੇ ਨਜ਼ਰ ਆਏ।
  ਹਵਾ ’ਚ ਸੌ ਫੀਸਦੀ ਰਹੀ ਨਮੀ
ਧੁੰਦ ਕਾਰਨ 0 ਵਿਜੀਬਿਲਟੀ ਤੇ ਤਰੇਲ ਵਾਂਗ ਪੈਂਦੀਆਂ ਬੂੰਦਾਂ ਨੇ ਹਵਾ ’ਚ 100 ਫੀਸਦੀ ਨਮੀ ਲਿਆਂਦੀ। ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟੇ ਵੀ ਇਸੇ ਤਰ੍ਹਾਂ ਮੌਸਮ ਬਣਿਆ ਰਹਿਣ ਦੀ ਸੰਭਾਵਨਾ ਹੈ। 
 ਧੁੰਦ ਕਣਕ ਦੀ ਫਸਲ ਲਈ ਲਾਹੇਵੰਦ 
 ਸਬਜ਼ੀਆਂ ’ਤੇ ਪੈਂਦੀ ਮਾਰ-ਠੰਡ ਤੇ ਧੁੰਦ ਦਾ ਮੌਸਮ ਹੋਣ ’ਤੇ ਜਿਥੇ ਕਣਕ ਬੀਜਣ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆਂਦੀ ਹੈ, ਉੱਥੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਕਿਸਾਨਾਂ ਨੂੰ ਬੈਂਗਣ, ਟਮਾਟਰ, ਮਿਰਚਾਂ ਨੂੰ ਕੋਹਰੇ ਦੀ ਮਾਰ ਤੋਂ ਬਚਾਉਣ ਲਈ ਘਾਹ ਜਾਂ ਪਲਾਸਟਿਕ ਦੇ ਲਿਫਾਫੇ ਉਕਤ ਸਬਜ਼ੀਆਂ ’ਤੇ ਪਾਉਣੇ ਪੈ ਰਹੇ ਹਨ। ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਫਸਲ ਨੂੰ ਮੀਂਹ ਵਾਂਗ ਡਿੱਗ ਰਹੀ ਇਹ ਧੁੰਦ ਦੇਸੀ ਘਿਓ ਵਾਂਗ ਲੱਗੇਗੀ। 
 


Related News