ਨਸ਼ਾ ਸਮੱਗਲਿੰਗ ਨੂੰ ਰੋਕਣ ਲਈ ਪੁਲਸ ਨੇ ਜੱਬੋਵਾਲ ਅਤੇ ਥਾਂਦੀਆਂ ''ਚ ਕੀਤੀ ਰੇਡ

Thursday, Jul 25, 2019 - 01:56 PM (IST)

ਨਸ਼ਾ ਸਮੱਗਲਿੰਗ ਨੂੰ ਰੋਕਣ ਲਈ ਪੁਲਸ ਨੇ ਜੱਬੋਵਾਲ ਅਤੇ ਥਾਂਦੀਆਂ ''ਚ ਕੀਤੀ ਰੇਡ

ਨਵਾਂਸ਼ਹਿਰ (ਤ੍ਰਿਪਾਠੀ)— ਸਬ-ਡਿਵੀਜ਼ਨ ਨਵਾਂਸ਼ਹਿਰ 'ਚ ਨਸ਼ਾ ਸਮੱਗਲਿੰਗ ਦੇ ਤੌਰ 'ਤੇ ਪੰਜਾਬ ਭਰ 'ਚ ਪ੍ਰਸਿੱਧ ਪਿੰਡ ਜੱਬੋਵਾਲ ਅਤੇ ਬੰਗਾ ਦੇ ਪਿੰਡ ਥਾਦੀਆਂ 'ਚ ਬੀਤੇ ਦਿਨ ਐੱਸ. ਪੀ. (ਐੱਚ) ਹਰੀਸ਼ ਦਿਯਾਮਾ ਅਤੇ ਐੱਸ. ਪੀ. (ਡੀ) ਵਜੀਰ ਸਿੰਘ ਖਹਿਰਾ ਦੀ ਅਗਵਾਈ 'ਚ ਭਾਰੀ ਗਿਣਤੀ 'ਚ ਪੁਲਸ ਬਲ ਦੇ ਜਵਾਨਾਂ ਨੇ ਤੜਕੇ ਅਚਨਚੇਤ ਰੇਡ ਕਰਕੇ ਨਸ਼ਾ ਵੇਚਣ 'ਚ ਬਦਨਾਮ ਕਰੀਬ ਦਰਜਨ ਭਰ ਤੋਂ ਵੱਧ ਘਰਾਂ ਦੀ ਅਚਨਚੇਤ ਚੈਕਿੰਗ ਕੀਤੀ। ਪੁਲਸ ਵੱਲੋਂ ਕੀਤੀ ਗਈ ਇਸ ਅਚਨਚੇਤ ਰੇਡ 'ਚ ਨਸ਼ਾ ਸਮੱਗਲਿੰਗ 'ਚ ਲਿਪਤ ਅਪਰਾਧਿਕ ਕਿਸਮ ਦੇ ਲੋਕਾਂ 'ਚ ਜਿੱਥੇ ਡਰ ਪਾਇਆ ਜਾ ਰਿਹਾ ਹੈ, ਉੱਥੇ ਹੀ ਆਮ ਲੋਕਾਂ ਨੇ ਪੁਲਸ ਵੱਲੋਂ ਪਿਛਲੇ ਸਮੇਂ 'ਚ ਸ਼ੁਰੂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਐੱਸ. ਪੀ. ਹਰੀਸ਼ ਦਿਆਮਾ ਅਤੇ ਐੱਸ. ਪੀ. ਵਜੀਰ ਸਿੰਘ ਖਹਿਰਾ ਨੇ ਦੱਸਿਆ ਕਿ ਵੱਖ-ਵੱਖ ਘਰਾਂ ਦੀ ਅਚਨਚੇਤ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਸਾਰੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਇਕ ਹੀ ਸਮੇਂ ਅਚਨਚੇਤ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ।

3 ਘੰਟਿਆਂ ਦੀ ਚੈਕਿੰਗ ਦੇ ਬਾਅਦ ਵੀ ਪੁਲਸ ਨੂੰ ਨਹੀਂ ਮਿਲੀ ਨਸ਼ੇ ਦੀ ਕੋਈ ਰਿਕਵਰੀ
ਜਾਣਕਾਰੀ ਅਨੁਸਾਰ ਪੁਲਸ ਵੱਲੋਂ ਇਨ੍ਹਾਂ ਘਰਾਂ 'ਚ ਚੈਕਿੰਗ ਕਰਨ ਦੇ ਬਾਵਜੂਦ ਵੀ ਨਸ਼ੇ ਦੀ ਕੋਈ ਵੀ ਰਿਕਵਰੀ ਪੁਲਸ ਨੂੰ ਨਹੀਂ ਮਿਲ ਪਾਈ। ਐੱਸ. ਪੀ. ਹਰੀਸ਼ ਦਿਯਾਮਾ ਨੇ ਦੱਸਿਆ ਕਿ ਪਿੰਡ ਦੇ ਸ਼ੱਕੀ ਨਸ਼ਾ ਸਮੱਗਲਿੰਗ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਰੇਡ ਦੌਰਾਨ ਪੁਲਸ ਨੂੰ ਕੋਈ ਰਿਕਵਰੀ ਕਰਨ 'ਚ ਸਫਲਤਾ ਨਹੀਂ ਮਿਲ ਪਾਈ ਹੈ। ਇਸੇ ਤਰ੍ਹਾਂ ਨਾਲ ਬੰਗਾ ਦੇ ਪਿੰਡ ਥਾਂਦੀਆਂ 'ਚ ਵੀ ਬੀਤੇ ਦਿਨ ਐੱਸ. ਪੀ. ਵਜ਼ੀਰ ਸਿੰਘ ਖਹਿਰਾ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਅਚਨਚੇਤ ਰੇਡ ਕਰਕੇ ਕਰੀਬ 9-10 ਘਰਾਂ 'ਚ ਅਚਨਚੇਤ ਚੈਕਿੰਗ ਕੀਤੀ ਗਈ। ਖਹਿਰਾ ਨੇ ਦੱਸਿਆ ਕਿ ਚੈਕਿੰਗ ਸਵੇਰੇ ਕਰੀਬ 5 ਵਜੇ ਸ਼ੁਰੂ ਹੋਈ ਸੀ ਅਤੇ ਕਰੀਬ 6 ਵਜੇ ਤੱਕ ਜਾਰੀ ਰਹੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੇ ਦੌਰਾਨ ਬੰਗਾ ਸਬ-ਡਿਵੀਜ਼ਨ ਦੇ ਡੀ. ਐੱਸ. ਪੀ. ਦੇ ਇਲਾਵਾ ਸਮੂਹ ਥਾਣਿਆਂ ਦੇ ਐੱਸ. ਐੱਚ. ਓ. ਸਮੇਤ 60 ਤੋਂ ਵੱਧ ਕਰਮਚਾਰੀ ਰੇਡ 'ਚ ਸ਼ਾਮਲ ਸਨ ਜਦੋਂ ਕਿ ਪਿੰਡ ਜੱਬੋਵਾਲ ਵਿਖੇ ਕੀਤੀ ਅਚਨਚੇਤ ਰੇਡ ਦੌਰਾਨ ਐੱਸ. ਪੀ. ਹਰੀਸ਼ ਦਿਯਾਮਾ ਤੋਂ ਇਲਾਵਾ ਡੀ. ਸੀ. ਪੀ. ਕੈਲਾਸ਼ ਚੰਦ, ਐੱਸ. ਐੱਚ. ਓ. ਸਿਟੀ ਇੰਸਪੈਕਟਰ ਕੁਲਜੀਤ ਸਿੰਘ, ਐੱਸ. ਐੱਚ. ਓ. ਸਦਰ ਸਰਬਜੀਤ ਸਿੰਘ ਤੇ ਹੋਰ ਪੁਲਸ ਅਧਿਕਾਰੀ ਸ਼ਾਮਲ ਸਨ।

PunjabKesari

ਅਚਨਚੇਤ ਰੇਡ ਦਾ ਸਿਲਸਿਲਾ ਭਵਿੱਖ 'ਚ ਵੀ ਰਹੇਗਾ ਜਾਰੀ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਕਿਹਾ ਕਿ ਚਾਹੇ ਜ਼ਿਲੇ ਦੀਆਂ 2 ਸਬ-ਡਿਵੀਜ਼ਨਾਂ ਵਿਚ ਕੀਤੀ ਗਈ ਅਚਨਚੇਤ ਰੇਡ 'ਚ ਪੁਲਸ ਦੇ ਹੱਥ ਕੋਈ ਰਿਕਵਰੀ ਨਹੀਂ ਲੱਗੀ ਪਰ ਇਸ ਤਰ੍ਹਾਂ ਦੀ ਰੇਡ ਨਸ਼ਾ ਸਮੱਗਲਰਾਂ 'ਚ ਡਰ ਪੈਦਾ ਕਰੇਗੀ। ਇਥੇ ਜ਼ਿਕਰਯੋਗ ਹੈ ਕਿ ਜ਼ਿਲਾ ਪੁਲਸ ਦੇ ਇਕ ਹੌਲਦਾਰ ਵੱਲੋਂ ਨਸ਼ਾ ਸਮੱਗਲਰਾਂ ਨਾਲ ਮਿਲ ਕੇ ਨਸ਼ਾ ਵੇਚਣ ਦਾ ਖੁਲਾਸਾ ਕੁਝ ਦਿਨਾਂ ਪਹਿਲਾਂ ਹੀ ਹੋਇਆ ਸੀ। ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਐੱਸ. ਪੀ. ਅਲਕਾ ਮੀਨਾ ਨੇ ਹੌਲਦਾਰ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਅਤੇ ਪੁਲਸ ਵੱਲੋਂ ਵਿਦੇਸ਼ ਤੋਂ ਵਾਪਸ ਆ ਰਹੇ ਪੁਲਸ ਹੌਲਦਾਰ ਨੂੰ ਏਅਰਪੋਰਟ 'ਤੇ ਹੀ ਗ੍ਰਿਫਤਾਰ ਕਰ ਲਿਆ ਸੀ।


author

shivani attri

Content Editor

Related News