ਜਲੰਧਰ ਦਿਹਾਤੀ ਪੁਲਸ ਨੇ ਚਲਾਇਆ ਕਾਸੋ ਆਪ੍ਰੇਸ਼ਨ, ਨਸ਼ਾ ਸਮੱਗਲਰ ਮਹਿਲਾ ਸਣੇ 5 ਗ੍ਰਿਫ਼ਤਾਰ

Monday, Nov 18, 2024 - 02:25 PM (IST)

ਜਲੰਧਰ (ਮਹੇਸ਼)-ਜ਼ਿਲ੍ਹਾ ਦਿਹਾਤੀ ਪੁਲਸ ਜਲੰਧਰ ਨੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦੀ ਅਗਵਾਈ ਵਿਚ ਨਸ਼ੇ ਵਾਲੇ ਪਦਾਰਥਾਂ ਦੇ ਖ਼ਿਲਾਫ਼ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ (ਕਾਸੋ) ਦੌਰਾਨ ਐਤਵਾਰ ਨੂੰ ਗੰਨਾ ਪਿੰਡ ਤੋਂ ਇਕ ਮਹਿਲਾ ਨਸ਼ਾ ਸਮੱਗਲਰ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਭਾਰੀ ਮਾਤਰਾ ਵਿਚ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ। ਇਹ ਆਪ੍ਰੇਸ਼ਨ ਦੌਰਾਨ ਪਹਿਲਾਂ ਪੂਰੇ ਪਿੰਡ ਦੀ ਘੇਰਾਬੰਦੀ ਕੀਤੀ ਗਈ ਸੀ, ਜਿਸ ਨੂੰ ਉੱਪ ਪੁਲਸ ਕਪਤਾਨ ਫਿਲੌਰ ਸਵਰਨ ਸਿੰਘ ਬੱਲ ਦੀ ਸਿੱਧੀ ਨਿਗਰਾਨੀ ਹੇਠ ਅੰਜਾਮ ਦਿੱਤਾ, ਇਸ ਵਿਚ ਦਿਹਾਤੀ ਪੁਲਸ ਦੇ ਐੱਸ. ਐੱਚ. ਓ. ਥਾਣਾ ਫਿਲੌਰ ਦੀ ਅਗਵਾਈ ਵਿਚ ਤਿੰਨ ਵੱਖ-ਵੱਖ ਟੀਮਾਂ ਨੂੰ ਆਲੇ ਦੁਆਲੇ ਤਾਇਨਾਤ ਕੀਤਾ।

ਐੱਸ. ਐੱਸ. ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਕਈ ਘੰਟੇ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਸ ਟੀਮਾਂ ਨੇ ਕਈ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਕੀਤੀਆਂ। ਪਹਿਲੀ ਟੀਮ ਨੇ ਪਿੰਡ ਲਸਾੜਾ ਦੀ ਘੇਰਾਬੰਦੀ ਕਰ ਕੇ ਜਤਿੰਦਰ ਕੁਮਾਰ ਉਰਫ਼ ਬਾਈ ਪੁੱਤਰ ਚਮਨ ਲਾਲ ਤੇ ਦਵਿੰਦਰ ਕੁਮਾਰ ਉਰਫ਼ ਮੋਟਾ ਪੁੱਤਰ ਟੇਕ ਚੰਦ ਨੂੰ ਕਾਬੂ ਕਰ ਲਿਆ। ਟੀਮ ਨੇ ਉਨ੍ਹਾਂ ਦੇ ਕਬਜ਼ੇ ’ਚੋਂ 150 ਐਟੀਜ਼ੋਲਾਮ ਗੋਲ਼ੀਆਂ ਬਰਾਮਦ ਕੀਤੀਆਂ। ਇਸ ਦੇ ਨਾਲ ਹੀ ਦੂਸਰੀ ਟੀਮ ਨੇ ਗੰਨਾ ਪਿੰਡ ਦੇ ਇਕ ਹੋਰ ਖੇਤਰ ਨੂੰ ਘੇਰਾ ਪਾ ਕੇ ਰੋਹਨ ਕੁਮਾਰ ਉਰਫ਼ ਸ਼ੇਖੂ/ਬੁੱਡੀ ਪੁੱਤਰ ਰਾਜ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋਂ 12 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਕ ਸਮਾਨਾਂਤਰ ਕਾਰਵਾਈ ਕਰਦੇ ਹੋਏ ਤੀਜੀ ਟੀਮ ਨੇ ਸੁਰਜੀਤ ਕੁਮਾਰ ਦੀ ਪਤਨੀ ਨਿੰਦਰ ਉਰਫ਼ ਮੋਰਨੀ ਨੂੰ 150 ਹੋਰ ਐਟੀਜ਼ੋਲਮ ਗੋਲ਼ੀਆਂ ਨਾਲ ਗ੍ਰਿਫ਼ਤਾਰ ਕੀਤਾ।

PunjabKesari

ਇਹ ਵੀ ਪੜ੍ਹੋ- 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ

ਇਸੇ ਕਾਰਵਾਈ ਤਹਿਤ ਨਸੀਬ ਚੰਦ ਦੀ ਪਤਨੀ ਕਸ਼ਮੀਰ ਕੌਰ ਦੀ ਗ੍ਰਿਫ਼ਤਾਰੀ ਨਾਲ ਇਕ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ, ਜੋ ਕਿ 9 ਅਕਤੂਬਰ, 2024 ਨੂੰ ਦਰਜ ਐੱਫ਼. ਆਈ. ਆਰ. ’ਚ ਗ੍ਰਿਫਤਾਰੀ ਤੋਂ ਬਚ ਰਹੀ ਸੀ। ਕਾਸੋ ਦੀ ਸਫ਼ਲ ਕਾਰਵਾਈ ਤੋਂ ਬਾਅਦ ਪੁਲਸ ਨੇ ਐੱਨ. ਡੀ. ਪੀ. ਐੱਸ ਐਕਟ ਦੇ ਤਹਿਤ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਹਨ। ਕੁੱਲ ਬਰਾਮਦਗੀ ਵਿਚ 12 ਗ੍ਰਾਮ ਹੈਰੋਇਨ ਤੇ 300 ਐਟੀਜ਼ੋਲਾਮ ਗੋਲੀਆਂ ਸ਼ਾਮਲ ਹਨ।

ਇਹ ਵੀ ਪੜ੍ਹੋ- ਸਾਵਧਾਨ! ਬੱਚਿਆਂ ਤੇ ਬਜ਼ੁਰਗਾਂ 'ਚ ਵੱਧਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਪਛਾਣੋ ਲੱਛਣ

ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਸ ਇਸ ਖੇਤਰ ਵਿਚ ਚੱਲ ਰਹੇ ਨਸ਼ਿਆਂ ਦੀ ਸਮੱਗਲਿੰਗ ਦੇ ਵਿਆਪਕ ਨੈੱਟਵਰਕ ਬਾਰੇ ਹੋਰ ਪੁੱਛਗਿੱਛ ਕਰਨ ਲਈ ਉਨ੍ਹਾਂ ਦਾ ਰਿਮਾਂਡ ਮੰਗੇਗੀ। ਉਨ੍ਹਾਂ ਕਿਹਾ ਕਿ ਨਾਗਰਿਕ ਜਲੰਧਰ ਦਿਹਾਤੀ ਪੁਲਸ ਨਾਲ ਨਸ਼ਾ ਸਮੱਗਲਿੰਗ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਐੱਸ. ਐੱਸ. ਪੀ. ਖੱਖ ਨੇ ਕਿਹਾ ਤੁਹਾਡੀ ਪਛਾਣ ਪੂਰੀ ਗੁਪਤ ਰੱਖੀ ਜਾਵੇਗੀ।
 

ਇਹ ਵੀ ਪੜ੍ਹੋ-UP 'ਚ ਮੁੰਡਿਆਂ ਨੇ ਕੁੱਟ-ਕੁੱਟ ਮਾਰ ਦਿੱਤੇ ਜਲੰਧਰ ਦੇ ਦੋ ਨੌਜਵਾਨ, ਜੰਗ ਦਾ ਮੈਦਾਨ ਬਣਿਆ ਵਿਆਹ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


shivani attri

Content Editor

Related News