ਨਸ਼ਾ ਅਤੇ ਹਥਿਆਰ ਵੇਚਣ ਵਾਲੇ ਅੰਤਰਰਾਜੀ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

06/08/2019 6:01:37 AM

ਰੂਪਨਗਰ, (ਵਿਜੇ)- ਰੂਪਨਗਰ ਪੁਲਸ ਨੇ ਨਸ਼ਾ ਤੇ ਹਥਿਆਰ ਸਪਲਾਈ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦੇ 2 ਵੱਡੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਜਿਨ੍ਹਾਂ ਪਾਸੋਂ 200 ਗ੍ਰਾਮ ਹੈਰੋਇਨ, 3 ਹਥਿਆਰ, ਇਕ ਪਜੈਰੋ ਐੱਸ. ਯੂ. ਵੀ. ਗੱਡੀ ਤੋਂ ਇਲਾਵਾ ਬੀ.ਐੱਮ.ਡਬਲਿਊ. ਪੱਧਰ ਦੀਆਂ ਗੱਡੀਆਂ ਵੀ ਹਨ। ਜਾਣਕਾਰੀ ਅਨੁਸਾਰ ਇਹ ਗਿਰੋਹ ਦਿੱਲੀ, ਗੁਡ਼ਗਾਓਂ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਨਸ਼ਾ ਅਤੇ ਹਥਿਆਰ ਵੇਚਣ ਦਾ ਕੰਮ ਕਰਦਾ ਸੀ। ਇਸ ਗਿਰੋਹ ਦੇ ਕਰੀਬ ਦੋ ਦਰਜਨ ੰਮੈਂਬਰਾਂ ਦੀ ਸ਼ਨਾਖਤ ਕਰ ਲਈ ਗਈ ਹੈ। ਜ਼ਿਲਾ ਪੁਲਸ ਮੁਖੀ ਸਵਪਨ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਨੇ ਰੂਪਨਗਰ ਲਾਗੇ ਪਿੰਡ ਭਿਓਰਾ ’ਚ ਇਕ ਗੱਡੀ ਨੂੰ ਹੱਥ ਦੇ ਕੇ ਰੋਕਿਆ। ਜਿਸ ’ਚ ਤਲਾਸ਼ੀ ਲੈਣ ’ਤੇ 200 ਗ੍ਰਾਮ ਹੈਰੋਇਨ ਅਤੇ ਤਿੰਨ ਹਥਿਆਰ ਬਰਾਮਦ ਕੀਤੇ। ਜਿਨ੍ਹਾਂ ’ਚ ਇਕ ਇਪੋਰਟਡ .12 ਬੋਰ ਬੈਬਲੇ ਐਸਕੋਰਟ ਰਿਵਾਲਵਰ (ਜਿਸ ਦੀ ਕੀਮਤ ਕਰੀਬ 20 ਲੱਖ ਦੱਸੀ ਜਾਂਦੀ ਹੈ) ਅਤੇ 2 ਹੋਰ ਹਥਿਆਰ .315 ਬੋਰ ਦੇਸੀ ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਰਿੱਕੀ (30) ਵਾਸੀ ਗਾਜ਼ੀਆਬਾਦ (ਯੂ. ਪੀ.) ਅਤੇ ਉਮੇਸ਼ (40) ਵਾਸੀ ਰਿਸ਼ੀਕੇਸ਼ (ਉੱਤਰਾਖੰਡ) ਜਲੰਧਰ ’ਚ ਇਕ ਇਮੀਗਰੇਸ਼ਨ ਏਜੰਟ ਵਜੋਂ ਦੋ ਸਾਲ ਤੋਂ ਕੰਮ ਕਰਦਾ ਹੈ। ਉਹ ਜਲੰਧਰ ’ਚ ਆਪਣੇ ਭਰਾ ਦੇ ਸਹੁਰਿਆਂ ਦੇ ਘਰ ਰਹਿੰਦਾ ਸੀ ਅਤੇ ਉਸ ਨੇ ਵੱਖ-ਵੱਖ ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂ ’ਤੇ ਕਰੀਬ ਡੇਢ ਕਰੋਡ਼ ਦੀ ਠੱਗੀ ਮਾਰੀ ਹੋਈ ਹੈ। ਇਹ ਦਿੱਲੀ ਤੋਂ ਸ਼ੁਰੂ ਹੋ ਕੇ ਜਲੰਧਰ, ਮੋਹਾਲੀ, ਰੂਪਨਗਰ ਨਾਲ ਲੱਗਦੇ ਇਲਾਕਿਆਂ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵੀ ਕਰਦਾ ਸੀ। ਇਹ ਦਿੱਲੀ ਤੋਂ ਚਿੱਟਾ ਅਤੇ ਹਥਿਆਰ ਖਰੀਦਦੇ ਸਨ। ਦੁਆਰਕਾ (ਦਿੱਲੀ) ਦਾ ਰਹਿਣ ਵਾਲਾ ਰਾਹੁਲ ਅਤੇ ਦੋ ਹੋਰ ਨਾਈਜੀਰੀਅਨ ਇਨ੍ਹਾਂ ਦੇ ਮੁੱਖ ਸਪਲਾਇਰ ਸਨ। ਇਹ ਦੋਵੇਂ ਵਿਅਕਤੀ ਅੰਡਰ ਗ੍ਰੈਜੂਏਟ ਹਨ ਅਤੇ ਗੁਡ਼ਗਾਓਂ ਦੇ ਗਾਜ਼ੀਆਬਾਦ ਖੇਤਰ ’ਚ ਪਿਛਲੇ 7-8 ਸਾਲਾਂ ਤੋਂ ਨਸ਼ੇ ਦਾ ਵਪਾਰ ਕਰਦੇ ਸਨ। ਰਿੱਕੀ ਦੇ ਜਲੰਧਰ ਜਾਣ ਤੋਂ ਬਾਅਦ ਉਸ ਨੇ ਜਲੰਧਰ ਅਤੇ ਨੇਡ਼ਲੇ ਖੇਤਰਾਂ ’ਚ ਨਸ਼ਿਆਂ ਅਤੇ ਹਥਿਆਰਾਂ ਦੀ ਵਿਕਰੀ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਜਲੰਧਰ, ਮੋਹਾਲੀ ਤੇ ਰੂਪਨਗਰ ’ਚ ਕਈ ਲੋਕਾਂ ਦੀ ਸ਼ਨਾਖਤ ਕੀਤੀ ਹੈ ਜੋ ਉਨ੍ਹਾਂ ਤੋਂ ਸਪਲਾਈ ਲੈਂਦੇ ਸਨ। ਐੱਸ.ਐੱਸ.ਪੀ ਨੇ ਦੱਸਿਆ ਕਿ ਇਲੈਕਟ੍ਰਾਨਿਕ ਯੰਤਰਾਂ ਦੀ ਫੋਰੈਂਸਿਕ ਜਾਂਚ ਅੱਗੇ ਵਧ ਰਹੀ ਹੈ ਅਤੇ ਅਗਲੇ ਕੁਝ ਦਿਨਾਂ ’ਚ ਹੋਰ ਵਧੇਰੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਇਸ ਗਿਰੋਹ ਕੋਲ ਕਈ ਮਹਿੰਗੀਆਂ ਗੱਡੀਆਂ ਅਤੇ ਇਸ ਕਾਰੋਬਾਰ ਤੋਂ ਦਿੱਲੀ ’ਚ ਫਲੈਟ ਅਤੇ ਕੋਠੀਆਂ ਖਰੀਦੀਆਂ ਹੋਈਆਂ ਹਨ।

ਐੱਸ.ਐੱਸ.ਪੀ. ਨੇ ਦੱਸਿਆ ਕਿ ਇਹ ਪਿਛਲੇ ਦੋ ਸਾਲਾਂ ਤੋਂ ਇਸ ਇਲਾਕੇ’ਚ ਹਰ 15 ਦਿਨਾਂ ਬਾਅਦ ਦਿੱਲੀ ਤੋਂ ਚੱਕਰ ਲਾਉਂਦੇ ਸਨ ਅਤੇ ਹਰ ਵਾਰ ਡੇਢ-ਦੋ ਕਿਲੋ ਹੈਰੋਇਨ ਦੀ ਤਸਕਰੀ ਕਰਦੇ ਸਨ ਅਤੇ ਹੁਣ ਤੱਕ ਭਾਰੀ ਮਾਤਰਾ ’ਚ ਹੈਰੋਇਨ ਸਮੱਗਲ ਕਰ ਚੁੱਕੇ ਹਨ। ਪੁਲਸ ਨੇ ਅਪ੍ਰੈਲ ਦੇ ਸ਼ੁਰੂ ’ਚ ਹੀ ਗੈਂਗਸਟਰਾਂ ਅਤੇ ਅਪਰਾਧੀਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਜਿਸਦੇ ਸਿੱਟੇ ਵਜੋਂ ਗੈਂਗਸਟਰ ਮਨਦੀਪ ਉਰਫ ਮੰਨਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਕਤ ਗਿਰੋਹ ਵਿਰੁੱਧ ਜਾਂਚ ਜਾਰੀ ਹੈ ਅਤੇ ਜਲਦ ਹੀ ਹੋਰਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਮੌਕੇ ਸੀ.ਆਈ.ਏ. ਸਟਾਫ-2 ਦੇ ਇੰਚਾਰਜ ਇੰਸਪੈਕਟਰ ਅਮਰਵੀਰ ਸਿੰਘ ਵੀ ਮੌਜੂਦ ਸਨ, ਅੰਤਰਰਾਜੀ ਗਿਰੋਹ ਦੇ ਸਮੱਗਲਰ ਇਨ੍ਹਾਂ ਦੀ ਅਗਵਾਈ ’ਚ ਗ੍ਰਿਫਤਾਰ ਕੀਤੇ ਗਏ ਹਨ।

ਫਲੈਟ, ਕੋਠੀਆਂ ਤੇ ਹੋਰ ਜਾਇਦਾਦ ਹੋਵੇਗੀ ਅਟੈਚ

ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਗਿਰੋਹ ਨੇ ਇਸ ਸਮੱਗਲਿੰਗ ਦੇ ਧੰਦੇ ਤੋਂ ਕਰੋਡ਼ਾਂ ਰੁਪਏ ਦੀ ਪ੍ਰਾਪਰਟੀ ਅਤੇ ਲਗਜ਼ਰੀ ਗੱਡੀਆਂ ਖਰੀਦੀਆਂ ਹਨ। ਇਸ ਸਬੰਧ ’ਚ ਦਿੱਲੀ ਦੇ ਫਲੈਟ, ਇਨ੍ਹਾਂ ਦੀ ਕੋਠੀਆਂ ਤੇ ਹੋਰ ਜਾਇਦਾਦ ਅਦਾਲਤ ਰਾਹੀਂ ਅਟੈਚ ਕੀਤੀ ਜਾਵੇਗੀ।

2 ਕੁਇੰਟਲ ਹੈਰੋਇਨ ਕਰ ਚੁੱਕੇ ਹਨ ਸਮੱਗਲ

ਜ਼ਿਲਾ ਪੁਲਸ ਕਪਤਾਨ ਨੇ ਦੱਸਿਆ ਕਿ ਇਹ ਗਿਰੋਹ ਪਿਛਲੇ 2 ਸਾਲਾਂ ਤੋਂ ਸਰਗਰਮ ਸੀ ਜਿਸ ਨੇ ਹੁਣ ਤੱਕ ਲਗਭਗ 2 ਕੁਇੰਟਲ ਹੈਰੋਇਨ ਸਮੱਗਲ ਕਰ ਕੇ ਵੇਚੀ ਹੈ ਜਿਸ ਤੋਂ ਕਰੋਡ਼ਾਂ ਰੁਪਏ ਇਕੱਠੇ ਕਰ ਚੁੱਕੇ ਹਨ।

20 ਲੱਖ ਵਾਲਾ ਬੈਬਲੇ ਰਿਵਾਲਵਰ ਹੋਇਆ ਬਰਾਮਦ

ਇਸ ਗਿਰੋਹ ਕੋਲੋਂ ਇਪੋਰਟਿਡ 12 ਬੋਰ ਬੈਬਲੇ ਐਸਕੋਰਟ ਰਿਵਾਲਵਰ (ਵਿਦੇਸ਼ੀ) ਜਿਸ ਦੀ ਕੀਮਤ ਕਰੀਬ 20 ਲੱਖ ਦੱਸੀ ਜਾਂਦੀ ਹੈ ਤੇ ਇਸ ’ਚੋਂ ਨਿਕਲੀ ਗੋਲੀ ਕਾਫੀ ਦੂਰ ਤੱਕ ਮਾਰ ਕਰਦੀ ਹੈ, ਵੀ ਬਰਾਮਦ ਕੀਤਾ ਗਿਆ ਹੈ।


Bharat Thapa

Content Editor

Related News