ਡਾ. ਅੰਬੇਦਕਰ ਦੀ ਮੂਰਤੀ ’ਤੇ ਹਾਰ ਪਾਉਣ ਗਏ ਭਾਜਪਾ ਵਰਕਰ ਪੁਲਸ ਨੇ ਲਏ ਹਿਰਾਸਤ ’ਚ

Sunday, Oct 25, 2020 - 01:21 AM (IST)

ਡਾ. ਅੰਬੇਦਕਰ ਦੀ ਮੂਰਤੀ ’ਤੇ ਹਾਰ ਪਾਉਣ ਗਏ ਭਾਜਪਾ ਵਰਕਰ ਪੁਲਸ ਨੇ ਲਏ ਹਿਰਾਸਤ ’ਚ

ਫਗਵਾਡ਼ਾ, (ਹਰਜੋਤ)- ਜਨਤਾ ਪਾਰਟੀ ਦੇ ਮੈਂਬਰਾਂ ਵਲੋਂ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ’ਤੇ ਹਾਰ ਪਾਉਣ ਦੇ ਮਾਮਲੇ ’ਚ ਅੱਜ ਮਾਹੌਲ ਤਣਾਅਪੂਰਵਕ ਬਣ ਗਿਆ। ਪੁਲਸ ਫੁੱਲ ਮਾਲਾਵਾਂ ਪਹਿਨਾਉਣ ਤੋਂ ਪਹਿਲਾਂ ਹੀ ਭਾਜਪਾ ਵਰਕਰਾਂ ਨੂੰ ਬੱਸ ’ਚ ਬਿਠਾ ਕੇ ਸਦਰ ਥਾਣੇ ਲੈ ਗਈ ਜਿੱਥੇ ਪੁੱਜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਦਖ਼ਲ ਮਗਰੋਂ ਇਨ੍ਹਾਂ ਨੂੰ ਵਾਪਸ ਹਰਗੋਬਿੰਦ ਨਗਰ ਲਿਆ ਕੇ ਬਾਬਾ ਸਾਹਿਬ ਦੇ ਬੁੱਤ ’ਤੇ ਹਾਰ ਪੁਆਏ ਗਏ।

ਪ੍ਰਾਪਤ ਜਾਣਕਾਰੀ ਮੁਤਾਬਕ ਭਾਜਪਾ ਦੇ ਜ਼ਿਲਾ ਪ੍ਰਧਾਨ ਰਕੇਸ਼ ਦੁੱਗਲ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਮੰਡ ਪ੍ਰਮੁੱਖ ਬੁਲਾਰਾ ਦੀ ਅਗਵਾਈ ਹੇਠ ਰੈਸਟ ਹਾਊਸ ਵਿੱਖੇ ਭਾਜਪਾ ਵਰਕਰ ਇਕੱਠੇ ਹੋਏ। ਜਦੋਂ ਉਹ ਬਾਬਾ ਸਾਹਿਬ ਦੀ ਮੂਰਤੀ ਵੱਲ ਜਾ ਰਹੇ ਸਨ ਤਾਂ ਇਸਦੀ ਭਣਕ ਪੁਲਸ ਨੂੰ ਪੈ ਗਈ। ਐੱਸ. ਪੀ. ਮਨਵਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਫ਼ੋਰਸ ਵੱਡੀ ਗਿਣਤੀ ’ਚ ਪੁੱਜ ਗਈ ਤੇ ਉਕਤ ਵਰਕਰਾਂ ਨੂੰ ਬੱਸ ’ਚ ਬਿਠਾ ਕੇ ਥਾਣੇ ਲੈ ਆਏ।

ਪਤਾ ਲੱਗਣ ’ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪੁਲਸ ਥਾਣੇ ਪੁੱਜੇ ਤੇ ਉਨ੍ਹਾਂ ਪੁਲਸ ਦੀ ਇਸ ਕਾਰਵਾਈ ਦੀ ਨਿੰਦਿਆ ਕੀਤੀ ਤੇ ਕਿਹਾ ਕਿ ਹਰ ਇੱਕ ਨੂੰ ਅਧਿਕਾਰ ਹੈ ਕਿ ਉਹ ਡਾਕਟਰ ਸਾਹਿਬ ਦੀ ਮੂਰਤੀ ’ਤੇ ਹਾਰ ਪਹਿਨਾ ਸਕਦੇ ਹਨ ਉਹ ਅਜਿਹੀ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਜਿਸ ਉਪਰੰਤ ਇਨ੍ਹਾਂ ਨੂੰ ਵਾਪਸ ਮੂਰਤੀ ’ਤੇ ਭੇਜਿਆ ਗਿਆ।

ਜਿੱਥੇ ਪੁਲਸ ਵਲੋਂ ਵੱਡੀ ਗਿਣਤੀ ’ਚ ਫ਼ੋਰਸ ਤਾਇਨਾਤ ਕੀਤੀ ਹੋਈ ਸੀ ਜਿੱਥੇ ਭਾਜਪਾਈਆਂ ਵਲੋਂ ਹਾਰ ਪਹਿਨਾਏ ਗਏ। ਇਸ ਮੌਕੇ ਅੰਬੇਦਕਰ ਸੈਨਾ ਮੂਲ ਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ’ਚ ਭਾਜਪਾਈਆਂ ਦਾ ਵਿਰੋਧ ਕੀਤਾ ਗਿਆ ਤੇ ਨਾਅਰੇਬਾਜ਼ੀ ਹੋਈ। ਇਸ ਮੌਕੇ ਸੁਮਨ ਨੇ ਮੋਦੀ ਸਰਕਾਰ ਤੇ ਭਾਜਪਾ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਡਾਕਟਰ ਸਾਹਿਬ ਦੇ ਗਲੇ ’ਚ ਫੁੱਲ ਮਾਲਾ ਉਤਾਰ ਕੇ ਮੂਰਤੀ ਨੂੰ ਇਸ਼ਨਾਨ ਕਰਵਾਇਆ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਦੂਸਰੀ ਧਿਰ ਨਾਲ ਤਣਾਅ ਹੋਣ ਦੇ ਡਰ ਕਾਰਨ ਭਾਜਪਾਈਆਂ ਨੂੰ ਹਿਰਾਸਤ ’ਚ ਲਿਆ ਗਿਆ ਸੀ ਤੇ ਬਾਅਦ ’ਚ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਅਮਨ ਸ਼ਾਂਤੀ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਰੱਖੀ ਜਾਵੇਗੀ।


author

Bharat Thapa

Content Editor

Related News