ਤਸਕਰਾਂ ’ਤੇ ਨਕੇਲ ਕੱਸਣਾ ਅਤੇ ਨਸ਼ੇ ’ਚ ਫਸੇ ਨੌਜਵਾਨਾਂ ਦਾ ਮੁੜ ਵਸੇਬਾ ਮੁੱਖ ਤਰਜੀਹ : ਹਰਮਨਬੀਰ ਸਿੰਘ ਗਿੱਲ

Tuesday, Jul 09, 2024 - 06:06 PM (IST)

ਤਸਕਰਾਂ ’ਤੇ ਨਕੇਲ ਕੱਸਣਾ ਅਤੇ ਨਸ਼ੇ ’ਚ ਫਸੇ ਨੌਜਵਾਨਾਂ ਦਾ ਮੁੜ ਵਸੇਬਾ ਮੁੱਖ ਤਰਜੀਹ : ਹਰਮਨਬੀਰ ਸਿੰਘ ਗਿੱਲ

ਹੁਸ਼ਿਆਰਪੁਰ (ਘੁੰਮਣ)- ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਿਲਾਫ਼ ਸ਼ੁਰੂ ਮੁਹਿੰਮ ਤਹਿਤ ਨਸ਼ਾ ਤਸਕਰਾਂ ’ਤੇ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ੇ ਦੇ ਚੁੰਗਲ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦਾ ਮੁੜ ਵਸੇਬਾ ਮੁੱਖ ਤਰਜੀਹ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਸ਼ੇ ਦੇ ਖਿਲਾਫ਼ ਚਲਾਈ ਗਈ ਮੁਹਿੰਮ ਸਬੰਧੀ ‘ਨਾਰਕੋ ਕੁਆਰਡੀਨੇਸ਼ਨ ਮਕੈਨਿਜ਼ਮ’(ਐਨ-ਕੋਰਡ) ਅਤੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐੱਸ. ਐੱਸ. ਪੀ. ਸੁਰੇਂਦਰ ਲਾਂਬਾ ਵੀ ਮੌਜੂਦ ਸਨ। ਡੀ.ਆਈ.ਜੀ ਨੇ ਮੀਟਿਗ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਨਸ਼ੇ ਖ਼ਿਲਾਫ਼ ਕੀਤੇ ਜਾ ਰਹੇ ਕੰਮਾਂ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨੂੰ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ-  ਜਲੰਧਰ ਵੈਸਟ ਦੇ ਵੋਟਰ ਬਣਾਉਣਗੇ ਨਵਾਂ ਰਿਕਾਰਡ, ਪਿਛਲੀਆਂ 5 ਚੋਣਾਂ ਦੌਰਾਨ ਕਾਂਗਰਸ 3 ਵਾਰ ਤੇ 'ਆਪ' 2 ਵਾਰ ਜਿੱਤੀ

ਡੀ. ਆਈ. ਜੀ. ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹੇ ਵਿਚ ਨਸ਼ੇ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮਿਲ ਕੇ ਇਸ ਮੁਹਿੰਮ ਵਿਚ ਦਿਨ-ਰਾਤ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਥੇ ਸਾਡੀ ਕੋਸ਼ਿਸ਼ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੇ ਮੁੜ ਵਸੇਬਾ ਕਰਨਾ ਹੈ ਉਥੇ ਹੋਰ ਨੌਜਵਾਨ ਨਸ਼ੇ ਦੇ ਜਾਲ ਵਿਚ ਨਾ ਫਸਣ, ਇਸ ਸਬੰਧੀ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਉਨ੍ਹਾਂ ਸਾਰੇ ਵਿਭਾਗਾਂ ਤੋਂ ਜਾਣਕਾਰੀ ਹਾਸਲ ਕਰਦਿਆਂ ਫੀਸਬੈਕ ਲਈ ਗਈ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਹੋਰ ਨਵੇਂ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨਾ ਬਹੁਤ ਅਹਿੰਮ ਕੰਮ ਹੈ, ਜਿਸ ਦੇ ਲਈ ਨੌਜਵਾਨ ਕਲੱਬਾਂ ਨੂੰ ਆਉਣ ਵਾਲੇ ਸਮੇਂ ਫੁੱਟਬਾਲ, ਬਾਸਕਿਟਬਾਲ, ਵਾਲੀਬਾਲ ਅਤੇ ਹੋਰ ਸਪੋਰਟਸ ਕਿੱਟਾਂ ਵੀ ਦਿੱਤੀਆਂ ਜਾਣਗੀਆਂ।

ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਪੁਲਸ ਜਿੱਥੇ ਨਸ਼ੇ ਦੇ ਵਪਾਰੀਆਂ ’ਤੇ ਨਜ਼ਰ ਰੱਖਦੇ ਹੋਏ ਕਾਨੂੰਨੀ ਕਾਰਵਾਈ ਕਰ ਰਹੀ ਹੈ, ਉਥੇ ਥਾਣਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ’ਤੇ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਮੇਟੀਆਂ ਬਣਾਈਆਂ ਗਈਆਂ ਹਨ, ਤਾਂ ਜੋ ਨਸ਼ਾ ਤਸਕਰਾਂ ’ਤੇ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਕਿਹਾ ਨਸ਼ੇ ਦੇ ਚੁੰਗਲ ਵਿਚ ਫਸੇ ਵਿਅਕਤੀ ਨੂੰ ਸੁਧਾਰਨ ਲਈ ਯਤਨ ਕਰਨੇ ਚਾਹੀਦੇ ਨਾ ਕਿ ਉਸ ਨੂੰ ਸਮਾਜ ਤੋਂ ਵੱਖ ਡੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਿਵਲ ਪ੍ਰਸ਼ਾਸਨ ਪਹਿਲਾਂ ਤੋਂ ਹੀ ਅਹਿੰਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਨਸ਼ਾ ਮੁਕਤੀ ਨੂੰ ਲੈ ਕੇ ਪੰਜਾਬ ਵਿਚ ਇਕ ਮਿਸਾਲ ਦੇ ਦੌਰ ’ਤੇ ਉਭਰੇਗਾ।

ਇਹ ਵੀ ਪੜ੍ਹੋ-  ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ, 181 ਬੂਥਾਂ ਲਈ ਪੋਲਿੰਗ ਪਾਰਟੀਆਂ ਰਵਾਨਾ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ੇ ਤੋਂ ਮੁਕਤੀ ਦਿਵਾਉਣ ਲਈ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਖੋਲ੍ਹੇ ਹਨ, ਜਿਥੇ ਸੈਂਕੜੇ ਨੌਜਵਾਨਾਂ ਨੂੰ ਮੁੜ ਤੋਂ ਉਨ੍ਹਾਂ ਦੇ ਪੈਰ੍ਹਾਂ ’ਤੇ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਕੇਂਦਰ ਵਿਚ ਮਲਟੀ ਕੂਜ਼ੀਨ ਕੁੱਕ, ਹੇਅਰ ਡਰੈਸਰ ਅਤੇ ਸੈਲੂਨ ਆਰਟਿਸਟ ਦਾ ਸਕਿੱਲਡ ਕੋਰਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰਸ ਕਰਵਾਉਣ ਦਾ ਉਦੇਸ਼ ਇਹੀ ਹੈ ਕਿ ਕੇਂਦਰ ਤੋਂ ਬਾਹਰ ਜਾਣ ਤੋਂ ਬਾਅਦ ਇਹ ਨੌਜਵਾਨ ਆਪਣਾ ਕੰਮ-ਧੰਦਾ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਓਟ ਸੈਂਟਰਾਂ ਵਿਚ ਵੀ ਨੌਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਿਹਤ ਵਿਭਾਗ, ਸਿੱਖਿਆ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਖੇਡਾਂ ਤੇ ਯੁਵਕ ਸੇਵਾਵਾਂ, ਖੇਤੀਬਾੜੀ, ਵਣ ਵਿਭਾਗ ਆਦਿ ਵੱਲੋਂ ਨਸ਼ਾ ਜਾਗਰੂਕਤਾ ਸਬੰਧੀ ਕਮਾਲ ਦਾ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਜਲੰਧਰ ਵੈਸਟ ਜ਼ਿਮਨੀ ਚੋਣ ਲਈ ਵਿਸ਼ੇਸ਼ ਉਪਰਾਲਾ, ਇਸ ਖ਼ਾਸ ਸਹੂਲਤ ਲਈ ਜਾਰੀ ਹੋਇਆ ਵਟਸਐਪ ਨੰਬਰ

ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਕਿਹਾ ਕਿ ਹੁਸ਼ਿਆਰਪੁਰ ਪੁਲਸ ਵੱਲੋਂ ਬੀਤੇ ਜੂਨ ਮਹੀਨੇ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਖ਼ਿਲਾਫ਼ ਇਸ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਤਹਿਤ ਜੂਨ 2024 ਦੌਰਾਨ ਕੁੱਲ 83 ਮੁਕੱਦਮੇ ਦਰਜ ਕਰਕੇ 108 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਹੋਏ 34 ਮੁਕੱਦਮਿਆਂ ਵਿਚ ਧਾਰਾ 29 ਐੱਨ. ਡੀ. ਪੀ. ਐੱਸ.  ਐਕਟ ਤਹਿਤ 42 ਹੋਰ ਦੋਸ਼ੀ ਨਾਮਜ਼ਦ ਕੀਤੇ ਗਏ ਅਤੇ ਦੋ ਭਗੋੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ 531 ਗ੍ਰਾਮ ਹੈਰੋਇਨ, 3 ਕਿਲੋ 390 ਗ੍ਰਾਮ ਅਫ਼ੀਮ, 52 ਕਿਲੋ ਚੂਰਾ ਪੋਸਤ, 900 ਗ੍ਰਾਮ ਚਰਸ, 2 ਕਿਲੋ 800 ਗ੍ਰਾਮ ਗਾਂਜਾ, 2 ਕਿਲੋ 860 ਗ੍ਰਾਮ ਨਸ਼ੀਲਾ ਪਾਊਡਰ, 43 ਟੀਕੇ ਅਤੇ 4804 ਗੋਲੀਆਂ,-ਕੈਪਸੂਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐਸ.ਪੀ (ਸਥਾਨਕ) ਮਨੋਜ ਕੁਮਾਰ, ਐੱਸ. ਡੀ. ਐੱਮ. ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਐੱਸ. ਡੀ. ਐੱਮ. ਦਸੂਹਾ ਪ੍ਰਦੀਪ ਸਿੰਘ ਬੈਂਸ, ਐੱਸ. ਡੀ. ਐੱਮ. ਟਾਂਡਾ ਵਿਓਮ ਭਾਰਦਵਾਜ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
 

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਹਾਦਸੇ 'ਚ ਔਰਤ ਦੀ ਮੌਤ, ਟੁਕੜਿਆਂ 'ਚ ਮਿਲੀ ਲਾਸ਼, ਰਾਤ ਭਰ ਲੰਘਦੇ ਰਹੇ ਮ੍ਰਿਤਕ ਦੇਹ ਤੋਂ ਵਾਹਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News