ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਸਮੇਤ ਧੁੱਸੀ ਬੰਨ ਦਾ ਦੌਰਾ

06/30/2020 12:52:33 AM

ਭੁਲੱਥ,(ਰਜਿੰਦਰ)-ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਅੱਜ ਅਧਿਕਾਰੀਆਂ ਸਮੇਤ ਜ਼ਿਲੇ ਅੰਦਰ ਦਰਿਆ ਬਿਆਸ ਨਾਲ ਲਗਦੇ ਧੁੱਸੀ ਬੰਨ ਅਤੇ ਸੰਭਾਵੀ ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਭੁਲੱਥ ਅਤੇ ਕਪੂਰਥਲਾ ਸਬ-ਡਵੀਜ਼ਨਾਂ ਦੇ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਹੜ੍ਹਾਂ ਤੋਂ ਬਚਾਅ ਲਈ ਕੰਮ ਮੁਕੰਮਲ ਕਰ ਲਏ ਜਾਣ, ਤਾਂ ਜੋ ਲੋਕਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਦਰਿਆ ਨਾਲ ਲੱਗਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਦੋਵਾਂ ਸਬ-ਡਵੀਜ਼ਨਾਂ ਵਿਚ ਪੈਂਦੀਆਂ ਡਰੇਨਾਂ ਅਤੇ ਬਰਸਾਤੀ ਨਾਲਿਆਂ ਦਾ ਵੀ ਨਿਰੀਖਣ ਕੀਤਾ ਅਤੇ ਇਨ੍ਹਾਂ ਦੀ ਸਫ਼ਾਈ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। 
ਇਸ ਮੌਕੇ ਮੌਜੂਦ ਸੈਨਿਕ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਹੰਗਾਮੀ ਹਾਲਤ ਮੌਕੇ ਉਹ ਜ਼ਿਲਾ ਪ੍ਰਸ਼ਾਸਨ ਦੇ ਨਾਲ ਖੜੇ ਹਨ।  ਡਿਪਟੀ ਕਮਿਸ਼ਨਰ ਨੇ ਆਪਣਾ ਲੰਬਾ ਦੌਰਾ ਤਹਿਸੀਲ ਭੁਲੱਥ ਤੋਂ ਸ਼ੁਰੂ ਕਰਕੇ ਪਹਿਲਾਂ ਮੰਡ ਕੂਕਾ ਅਤੇ ਮੰਡ ਸਰਦਾਰ ਸਾਹਿਬ ਵਾਲਾ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਹੋਰਨਾਂ ਥਾਵਾਂ ਦਾ ਮੁਆਇਨਾ ਕਰਦੇ ਹੋਏ ਉਹ ਵਾਇਆ ਨਡਾਲਾ ਅਤੇ ਢਿਲਵਾਂ ਬਿਆਸ ਦਰਿਆ ਦੇ ਨਾਲ-ਨਾਲ ਹੁੰਦੇ ਹੋਏ ਤਹਿਸੀਲ ਕਪੂਰਥਲਾ ਦੇ ਪਿੰਡ ਬਾਘੂਵਾਲ ਪੁੱਜੇ, ਜਿਥੇ ਉਨਾਂ ਡਰੇਨੇਜ ਵਿਭਾਗ ਵੱਲੋਂ ਕੀਤੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨਾਂ ਅੰਮ੍ਰਿਤਪੁਰ ਪੁਲ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹੜਾਂ ਦੀ ਰੋਕਥਾਮ ਲਈ ਅਗੇਤੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਨਾਂ ਕਿਹਾ ਕਿ ਡਰੇਨੇਜ ਵਿਭਾਗ ਨੂੰ ਨਾਜ਼ੁਕ ਥਾਵਾਂ ਦੀ ਮਜ਼ਬੂਤੀ ਦੇ ਨਾਲ-ਨਾਲ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਦੇ ਕੰਮ ਨੂੰ ਵੀ ਮਿੱਥੇ ਸਮੇਂ ਸਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸੰਭਾਵੀ ਹੜਾਂ ਤੋਂ ਬਚਾਅ ਲਈ ਵਿਸਥਾਰਤ ਯੋਜਨਾ ਤਿਆਰ ਕੀਤੀ ਗਈ ਹੈ।  
ਇਸ ਮੌਕੇ ਐਸ. ਡੀ. ਐਮ ਭੁਲੱਥ ਰਣਦੀਪ ਸਿੰਘ ਹੀਰ, ਐਸ. ਡੀ. ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲਾ ਮਾਲ ਅਫ਼ਸਰ ਪਰਮਜੀਤ ਸਿੰਘ ਸਹੋਤਾ, ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ, ਡੀ. ਡੀ. ਪੀ. ਓ ਹਰਜਿੰਦਰ ਸਿੰਘ ਸੰਧੂ, ਡਰੇਨੇਜ ਵਿਭਾਗ ਦੇ ਐਕਸੀਅਨ ਅਜੀਤ ਸਿੰਘ ਤੇ ਐਸ. ਡੀ. ਓ ਸ੍ਰੀ ਕੰਵਲਜੀਤ ਤੇ ਖੁਸ਼ਮਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਨਾਜਰ ਸਿੰਘ, ਨਾਇਬ ਤਹਿਸੀਲਦਾਰ ਢਿਲਵਾਂ ਰਾਜੀਵ ਖੋਸਲਾ, ਮੇਜਰ ਐਮ. ਸਾਂਗਵਾਨ, ਮੇਜਰ ਹੇਮੰਤ ਭੰਡਾਰੀ, ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਉਨਾਂ ਦੇ ਨਾਲ ਸਨ।
 


Deepak Kumar

Content Editor

Related News