ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਟਰਾਂਸਪੋਰਟ ਮਹਿਕਮੇ ਨੇ ਅਲਰਟ ਜਾਰੀ ਕਰਕੇ ਚਲਾਈ ''ਮਾਸਕ ਡਰਾਈਵ''

12/03/2020 4:01:36 PM

ਜਲੰਧਰ (ਪੁਨੀਤ)— ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਟਰਾਂਸਪੋਰਟ ਮਹਿਕਮੇ ਵੱਲੋਂ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਇਸ ਸਿਲਸਿਲੇ 'ਚ ਮਹਿਕਮੇ ਵੱਲੋਂ 'ਮਾਸਕ ਡਰਾਈਵ' ਸ਼ੁਰੂ ਕੀਤੀ ਗਈ ਹੈ। ਬੱਸ ਅੱਡਿਆਂ 'ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਾਸਕ ਪਹਿਨਣ ਪ੍ਰਤੀ ਜਾਗਰੂਕ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ-ਨਾਲ ਪੰਜਾਬ ਰੋਡਵੇਜ਼ ਨਾਲ ਸਬੰਧਤ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਚੌਕਸੀ ਵਰਤਣ ਨੂੰ ਕਿਹਾ ਜਾ ਰਿਹਾ ਹੈ। ਬੱਸ ਅੱਡੇ 'ਚ ਵੀ ਅਨਾਊਂਸਮੈਂਟ ਕਰਵਾਉਣ ਦੇ ਹੁਕਮ ਹਨ ਤਾਂ ਕਿ ਲੋਕ ਕੋਰੋਨਾ ਨੂੰ ਲੈ ਕੇ ਅਹਿਤਿਆਤ ਅਪਣਾਉਣ।

ਮਹਿਕਮੇ ਵਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਬੱਸ ਅੱਡੇ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਬਿਨਾਂ ਮਾਸਕ ਦੇ ਦੇਖਿਆ ਜਾ ਸਕਦਾ ਹੈ। ਇਸ ਨੂੰ ਦੇਖ ਕੇ ਇਹ ਸਾਬਤ ਹੁੰਦਾ ਹੈ ਕਿ ਜਲੰਧਰ ਨਾਲ ਸਬੰਧਤ ਅਧਿਕਾਰੀਆਂ ਵਲੋਂ ਪੂਰੇ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਿਸ ਕਾਰਣ ਨਿਯਮਾਂ ਦੀ ਸਖਤੀ ਨਾਲ ਪਾਲਣਾ ਨਹੀਂ ਹੋ ਰਹੀ ਹੈ। ਚੰਡੀਗੜ੍ਹ ਤੋਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧ 'ਚ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਅਤੇ ਚਾਲਕ ਦਲਾਂ ਨੂੰ ਗੰਭੀਰਤਾ ਦਿਖਾਉਣੀ ਚਾਹੀਦੀ ਹੈ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਕਿਉਂਕਿ ਮਾਹਿਰਾਂ ਮੁਤਾਬਿਕ ਸਰਦੀ ਦੇ ਮੌਸਮ 'ਚ ਕੋਰੋਨਾ ਦੇ ਵਧਣ ਦੇ ਆਸਾਰ ਜ਼ਿਆਦਾ ਹਨ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ

PunjabKesari

ਉਥੇ ਹੀ ਜੇਕਰ ਬੱਸਾਂ ਦੀ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦਾ ਰਾਹ ਬੰਦ ਪਿਆ ਹੈ, ਜਿਸ ਕਾਰਣ ਹੋਰ ਰੂਟਾਂ 'ਤੇ ਜਾਣ ਵਾਲੀਆਂ ਬੱਸਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਪੰਜਾਬ ਰੋਡਵੇਜ਼ ਨੂੰ ਘਾਟਾ ਉਠਾਉਣਾ ਪੈ ਰਿਹਾ ਹੈ। ਇਸੇ ਦੇ ਮੱਦੇਨਜ਼ਰ ਮਹਿਕਮੇ ਵੱਲੋਂ ਬੱਸਾਂ ਦੇ ਟਾਈਮ ਟੇਬਲਾਂ ਦੇ ਮੁਕਾਬਲੇ ਰੋਜ਼ਾਨਾ ਘੱਟ ਬੱਸਾਂ ਰਵਾਨਾ ਕੀਤੀਆਂ ਜਾ ਰਹੀਆ ਹਨ। ਜਦੋਂ ਤੱਕ ਦਿੱਲੀ ਰੂਟ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਲਾਭ ਕਮਾਉਣ ਦੀ ਸੰਭਾਵਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਤੱਕ ਬੱਸਾਂ ਨੂੰ ਚਲਾਉਣਾ ਵੀ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ ਕਿਉਂਕਿ ਬੱਸਾਂ ਦੀਆਂ ਸੀਟਾਂ ਰੋਜ਼ ਖਾਲੀ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਬੁਰੀ ਫਸੀ ਅਦਾਕਾਰਾ ਕੰਗਨਾ ਰਣੌਤ, ਬੀਬੀਆਂ ਦੇ ਕਮਿਸ਼ਨ ਪੰਜਾਬ ਨੇ ਲਿਆ ਸਖ਼ਤ ਐਕਸ਼ਨ

ਉਥੇ ਹਿਮਾਚਲ ਅਤੇ ਰਾਜਸਥਾਨ ਦੇ ਰੂਟ ਵੀ ਬੰਦ ਦੇ ਬਰਾਬਰ ਹੀ ਹਨ ਕਿਉਂਕਿ ਇਨ੍ਹਾਂ ਰੂਟਾਂ ਲਈ ਨਾ ਤਾਂ ਬੱਸਾਂ ਦਿਖਾਈ ਦੇ ਰਹੀਆਂ ਹਨ, ਨਾ ਹੀ ਯਾਤਰੀ ਦੇਖੇ ਜਾ ਰਹੇ ਹਨ। ਇੱਕਾ-ਦੁੱਕਾ ਮੁਸਾਫਿਰ ਜੇਕਰ ਆਉਂਦੇ ਵੀ ਹਨ ਤਾਂ ਉਹ ਨਿਰਾਸ਼ ਹੋ ਕੇ ਵਾਪਸ ਪਰਤ ਜਾਂਦੇ ਹਨ। ਪੰਜਾਬ ਰੋਡਵੇਜ਼ ਦੁਆਰਾ ਜੈਪੁਰ ਦਾ ਰੂਟ ਵੀ ਬੰਦ ਕੀਤਾ ਜਾ ਚੁੱਕਿਆ ਹੈ ਜਦਕਿ ਆਉਣ ਵਾਲੇ ਸਮੇਂ 'ਚ ਵੀ ਇਸ ਨੂੰ ਚਲਾਉਣ 'ਤੇ ਸ਼ਸ਼ੋਪੰਜ ਦੀ ਸਥਿਤੀ ਬਣੀ ਰਹੇਗੀ। ਪੰਜਾਬ 'ਚ ਚੱਲਣ ਵਾਲੀਆਂ ਬੱਸਾਂ ਦੀ ਗੱਲ ਕੀਤੀ ਜਾਵੇ ਤਾਂ ਸੂਬਾ ਪੱਧਰ 'ਤੇ ਵੀ ਬੱਸਾਂ 'ਚ ਮੁਸਾਫ਼ਿਰ ਬੇਹੱਦ ਘੱਟ ਹਨ। ਦੱਸਿਆ ਜਾ ਰਿਹਾ ਹੈ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀ ਵੱਡੇ ਸ਼ਹਿਰ 'ਚ ਉਤਰ ਕੇ ਦੂਜੇ ਸ਼ਹਿਰਾਂ ਨੂੰ ਰਵਾਨਾ ਹੁੰਦੇ ਹਨ ਪਰ ਜਦੋਂ ਤੋਂ ਬਾਹਰੀ ਸੂਬਿਆਂ 'ਚ ਆਉਣ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ, ਉਦੋਂ ਤੋਂ ਪੰਜਾਬ ਦੀਆਂ ਬੱਸਾਂ 'ਚ ਉਮੀਦ ਦੇ ਮੁਤਾਬਿਕ ਯਾਤਰੀ ਨਹੀਂ ਮਿਲ ਪਾ ਰਹੇ।

ਇਹ ਵੀ ਪੜ੍ਹੋ: ਮੰਡੀਓਂ ਪਰਤ ਰਹੇ ਰੇਹੜੀ ਚਾਲਕ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ

ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਟ੍ਰੇਨਾਂ ਚੱਲ ਚੁੱਕੀਆਂ ਹਨ ਜਿਸ ਕਾਰਣ ਯਾਤਰੀ ਘੱਟ ਹੋਏ ਹਨ। ਉਨ੍ਹਾਂ ਕਿਹਾ ਕਿ ਡੇਲੀ ਪਸੰਜਰ ਵੀ ਟ੍ਰੇਨਾਂ ਨੂੰ ਮਹੱਤਵ ਦਿੰਦਾ ਹੈ ਜਿਸ ਕਾਰਣ ਬੱਸਾਂ 'ਚ ਯਾਤਰੀ ਘੱਟ ਹੋਣਾ ਸੁਭਾਵਿਕ ਹੈ। ਆਉਣ ਵਾਲੇ ਦਿਨਾਂ 'ਚ ਜੇਕਰ ਪੰਜਾਬ ਦੇ ਰੂਟਾਂ 'ਤੇ ਯਾਤਰੀਆਂ ਦੀ ਗਿਣਤੀ ਨਾ ਵਧੀ ਤਾਂ ਇਹ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਪਿਛਲੇ 1 ਮਹੀਨੇ ਤੋਂ ਬੱਸਾਂ 'ਚ ਯਾਤਰੀ ਆਮ ਦੀ ਤਰ੍ਹਾਂ ਹੋਏ ਸਨ ਪਰ ਹੁਣ ਫਿਰ ਤੋਂ ਬੱਸਾਂ ਨੂੰ ਨਜ਼ਰ ਲੱਗ ਚੁੱਕੀ ਹੈ ਜੋ ਕਿ ਸਰਕਾਰੀ ਤੇ ਪ੍ਰਾਈਵੇਟ ਟ੍ਰਾਂਸਪੋਰਟਰਜ਼ ਨੂੰ ਸੋਚਣ 'ਤੇ ਮਜਬੂਰ ਕਰ ਰਹੀ ਹੈ।
ਇਹ ਵੀ ਵੇਖਿਆ ਜਾ ਰਿਹਾ ਹੈ ਕਿ ਯਾਤਰੀ ਘੱਟ ਹੋਣ ਕਾਰਣ ਬੱਸਾਂ ਪੂਰਾ ਟਾਈਮ (ਟਾਈਮ ਟੇਬਲ ਮੁਤਾਬਿਕ) ਬੱਸ ਅੱਡੇ 'ਤੇ ਖੜ੍ਹੀਆਂ ਰਹਿੰਦੀਆਂ ਹਨ, ਜੋ ਕਿ ਇਸ ਤੋਂ ਪਹਿਲਾਂ ਯਾਤਰੀਆਂ ਦੀ ਗਿਣਤੀ ਪੂਰੀ ਹੁੰਦੇ ਹੀ ਰਵਾਨਾ ਹੋ ਰਹੀਆਂ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ

ਯੂ. ਪੀ. ਤੇ ਉੱਤਰਾਖੰਡ ਲਈ ਵੀ ਘੱਟ ਹੋਏ ਯਾਤਰੀ
ਉਥੇ ਹੀ ਅੰਬਾਲਾ ਤੋਂ ਬੱਸਾਂ ਮੁੜ ਕੇ ਯੂ. ਪੀ. ਤੇ ਉੱਤਰਾਖੰਡ ਨੂੰ ਰਵਾਨਾ ਹੁੰਦੀਆਂ ਹਨ ਪਰ ਇਨ੍ਹਾਂ 2 ਸੂਬਿਆਂ 'ਚ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਬਹੁਤ ਘੱਟ ਦੇਖੀ ਜਾ ਰਹੀ ਹੈ, ਜਿਸ ਕਾਰਨ ਮਹਿਕਮੇ ਵੱਲੋਂ ਬਹੁਤ ਘੱਟ ਬੱਸਾਂ ਇਨ੍ਹਾਂ ਰੂਟਾਂ 'ਤੇ ਭੇਜੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਹਰਿਦੁਆਰ ਲਈ ਯਾਤਰੀਆਂ ਦੀ ਗਿਣਤੀ ਵਧੀ ਸੀ ਪਰ ਹੁਣ ਫਿਰ ਤੋਂ ਯਾਤਰੀ ਬੇਹੱਦ ਘੱਟ ਹੋ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਰਫ 4-5 ਯਾਤਰੀਆਂ ਲਈ ਬੱਸ ਨਹੀਂ ਚਲਾਈ ਜਾ ਸਕਦੀ, ਇਸ ਕਾਰਨ ਕਈ ਬੱਸਾਂ ਨੂੰ ਕੈਂਸਲ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

ਨੋਟ: ਟਰਾਂਸਪੋਰਟ ਮਹਿਕਮੇ ਵੱਲੋਂ ਚਲਾਈ ਗਈ 'ਮਾਸਕ ਡਰਾਈਵ' ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News