ਡੇਂਗੂ ਦੀ ਲਪੇਟ ''ਚ ਆਏ ਇਕੋ ਪਰਿਵਾਰ ਦੇ 5 ਮੈਂਬਰ, ਮਾਂ-ਪੁੱਤ ਦੀ ਹਾਲਤ ਗੰਭੀਰ

11/13/2019 12:11:49 PM

ਨਵਾਂਸ਼ਹਿਰ (ਮਨੋਰੰਜਨ)— ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਗੁਰੂ ਤੇਗ ਬਹਾਦਰ ਨਗਰ ਦੀ ਰਹਿਣ ਵਾਲੀ ਡੇਂਗੂ ਪੀੜਤ ਔਰਤ ਦੀ ਮੌਤ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਅਜੇ ਗੰਭੀਰ ਨਹੀਂ ਹੋਇਆ ਹੈ। ਮੰਗਲਵਾਰ ਨੂੰ ਪ੍ਰਭਾਵਿਤ ਇਲਾਕੇ 'ਚ ਮਹਿਜ਼ ਫੌਗਿੰਗ ਕਰਵਾ ਕੇ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਦਿੱਤਾ ਹੈ। ਜਦੋਂ ਕਿ ਅਜੇ ਵੀ ਇਲਾਕੇ 'ਚ ਕਈ ਲੋਕ ਬੀਮਾਰ ਚੱਲ ਰਹੇ ਹਨ। ਇਨ੍ਹਾਂ 'ਚੋਂ ਇਕ ਹੀ ਪਰਿਵਾਰ ਦੇ 5 ਮੈਂਬਰਾਂ ਨੂੰ ਡੇਂਗੂ ਪਾਜ਼ੇਟਿਵ ਪਾਇਆ ਗਿਆ, ਜਿਨ੍ਹਾਂ 'ਚ ਮਾਂ-ਬੇਟੇ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ ਗੁਰੂ ਤੇਗ ਬਹਾਦਰ ਨਗਰ ਨਿਵਾਸੀ ਡੇਂਗੂ ਪੀੜਤ ਇਕ ਔਰਤ ਹਰਭਜਨ ਕੌਰ (65) ਦੀ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ ਸੀ। ਇਸ ਦੇ ਬਾਅਦ ਨਗਰ ਕੌਂਸਲ ਵੱਲੋਂ ਗੁਰੂ ਤੇਗ ਬਹਾਦਰ ਨਗਰ 'ਚ ਫੌਗਿੰਗ ਕਰਵਾਈ ਗਈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਦੇ ਇਲਾਵਾ ਇਲਾਕੇ 'ਚ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਕਿ ਇਲਾਕੇ 'ਚ ਬੁਖਾਰ ਦੇ ਕਾਰਨ ਬਹੁਤ ਲੋਕ ਪੀੜਤ ਹਨ। ਗੁਰੂ ਤੇਗ ਬਹਾਦਰ ਨਗਰ ਨਿਵਾਸੀ ਰੇਸ਼ਮਾ (23) ਨੇ ਦੱਸਿਆ ਕਿ ਉਸ ਨੂੰ ਕੁਝ ਦਿਨ ਪਹਿਲਾਂ ਬੁਖਾਰ ਹੋਇਆ ਸੀ। 

ਉਹ ਸਰਕਾਰੀ ਹਸਪਤਾਲ 'ਚ ਇਲਾਜ ਦੇ ਲਈ ਗਈ। ਉਥੇ ਆਰਾਮ ਨਾ ਮਿਲਣ 'ਤੇ ਪਰਿਵਾਰ ਵਾਲੇ ਉਸ ਨੂੰ ਜਲੰਧਰ ਲੈ ਗਏ। ਜਿਥੇ ਉਸਦਾ ਡੇਂਗੂ ਪਾਜ਼ੇਟਿਵ ਆਇਆ। ਇਸ ਹਫਤੇ ਇਲਾਜ ਦੇ ਬਾਅਦ ਹੁਣ ਉਹ ਜਲੰਧਰ ਤੋਂ ਆਪਣੇ ਘਰ ਆਈ ਹੈ। ਘਰ ਆਉਣ 'ਤੇ ਉਸਦਾ ਪਤੀ ਅਕਬਰ 23 ਤੇ ਸੱਸ ਮਦੀਨਾ (40) ਵੀ ਤੇਜ਼ ਬੁਖਾਰ ਨਾਲ ਪੀੜਤ ਹੋ ਗਈ। ਉਨ੍ਹਾਂ ਦੀ ਵੀ ਸਰਕਾਰੀ ਹਸਪਤਾਲ ਦੇ ਨਾਲ-ਨਾਲ ਨਿੱਜੀ ਹਸਪਤਾਲ ਵਿਚ ਵੀ ਇਲਾਜ ਕਰਵਾਇਆ ਗਿਆ। ਉਨ੍ਹਾਂ ਦੀ ਤਬੀਅਤ ਵੀ ਲਗਾਤਾਰ ਵਿਗੜਦੀ ਗਈ। ਜਿਨ੍ਹਾਂ ਦਾ ਹੁਣ ਜਲੰਧਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਰੇਸ਼ਮਾ ਦੇ ਅਨੁਸਾਰ ਉਸ ਦਾ ਪਤੀ ਅਤੇ ਸੱਸ ਵੀ ਡੇਂਗੂ ਨਾਲ ਪੀੜਤ ਹਨ।

ਇਸ ਤੋਂ ਪਹਿਲਾਂ ਘਰ ਵਿਚ 9 ਸਾਲ ਦੀ ਬੇਟੀ ਪੂਜਾ ਦਾ ਵੀ ਡੇਂਗੂ ਦਾ ਇਲਾਜ ਹੋ ਚੁੱਕਾ ਹੈ। ਉਨ੍ਹਾਂ ਦੇ ਘਰ ਦੇ ਨਾਲ ਰਹਿੰਦੇ ਗੁਰਵੇਲ ਸਿੰਘ ਨੇ ਦੱਸਿਆ ਕਿ ਤੇਜ਼ ਬੁਖਾਰ ਕਰ ਕੇ ਉਨ੍ਹਾਂ ਦੇ ਪਲੇਟਲੈੱਟਸ ਬਹੁਤ ਘੱਟ ਹੋ ਗਏ। ਉਨ੍ਹਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਹੋਣਾ ਪਿਆ। ਰੇਸ਼ਮਾ, ਗੁਰਵੇਲ ਸਿੰਘ, ਪਰਮਜੀਤ, ਦਵਿੰਦਰ, ਰਮਨ, ਰੇਸ਼ਮ, ਅਲੀ ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਇਲਾਕੇ ਦੇ ਲੋਕ ਡੇਂਗੂ ਨੂੰ ਲੈ ਕੇ ਕਾਫੀ ਦਹਿਸ਼ਤ ਵਿਚ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਡੇਂਗੂ ਨੂੰ ਲੈ ਕੇ ਨਾ ਤਾਂ ਸਿਹਤ ਵਿਭਾਗ ਨਾ ਹੀ ਜ਼ਿਲਾ ਪ੍ਰਸ਼ਾਸਨ ਗੰਭੀਰ ਹੈ। ਮੌਤ ਦੀ ਸ਼ਿਕਾਰ ਹੋਈ ਡੇਂਗੂ ਪੀੜਤ ਹਰਭਜਨ ਕੌਰ ਦਾ ਮੰਗਲਵਾਰ ਨੂੰ ਉਸ ਦੇ ਬੇਟੇ ਦੇ ਵਿਦੇਸ਼ ਤੋਂ ਆਉਣ 'ਤੇ ਸਥਾਨਕ ਬੰਗਾ ਰੋਡ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


shivani attri

Content Editor

Related News