ਪੇਂਡੂ ਚੌਂਕੀਦਾਰ ਯੂਨੀਅਨ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਨੂੰ ਦਿੱਤਾ ਗਿਆ ਮੰਗ ਪੱਤਰ
Tuesday, May 26, 2020 - 12:07 PM (IST)

ਟਾਂਡਾ ਉੜਮੁੜ(ਵਰਿੰਦਰ ਪੰਡਿਤ ) - ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ ਵੱਲੋ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੂੰ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮੰਗ ਪੱਤਰ ਭੇਂਟ ਕੀਤਾ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਦੇਵੀ ਦਾਸ ਮਿਆਣੀ ਦੀ ਅਗਵਾਈ ਵਿਚ ਇਹ ਮੰਗ ਪੱਤਰ ਭੇਂਟ ਕਰਦੇ ਟਾਂਡਾ ਅਤੇ ਗੜਦੀਵਾਲਾ ਨਾਲ ਜੁੜੇ ਅਹੁਦੇਦਾਰਾਂ ਨੇ ਵਿਧਾਇਕ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦੀ ਔਖੀ ਘੜੀ ਵਿਚ ਕੰਮ ਕਰਨ ਵਾਲੇ ਸਮੂਹ ਚੋਂਕੀਦਾਰਾਂ ਨੂੰ ਵਿਸ਼ੇਸ਼ ਭੱਤਾ 10 ਹਜ਼ਾਰ ਰੁਪਏ ਦਿੱਤਾ ਜਾਵੇ, ਸੂਬਾ ਸਰਕਾਰ ਵੱਲੋਂ ਜਾਰੀ ਸਰਕਾਰੀ ਰਾਸ਼ਨ ਉਨ੍ਹਾਂ ਨੂੰ ਵੀ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਭੱਤਾ 1250 ਤੋਂ ਵਧਾ ਕੇ 4500 ਰੁਪਏ ਕੀਤਾ ਜਾਵੇ | ਉਨ੍ਹਾਂ ਚੋਂਕੀਦਾਰਾਂ ਨੂੰ ਵਰਦੀਆਂ, ਟਾਰਚ,ਸੈਨੀਟਾਈਜ਼ਰ, ਸੇਫਟੀ ਕਿੱਟਾਂ ਦਿੱਤੀਆਂ ਜਾਣ | ਵਿਧਾਇਕ ਗਿਲਜੀਆਂ ਨੇ ਯੂਨੀਅਨ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਸੁਖਦੇਵ ਸਿੰਘ ਗੜਦੀਵਾਲਾ, ਜਗਦੀਸ਼ ਸਿੰਘ ਟਾਂਡਾ,ਪੰਚ ਸਨੀ ਮਿਆਣੀ, ਬਾਲ ਕਿਸ਼ਨ, ਗੁਰਿੰਦਰ, ਰਤਨ ਸਿੰਘ, ਪਿਆਰਾ ਲਾਲ, ਮਹਿੰਦਰ ਸਿੰਘ, ਕਾਲਾ ਆਲਮਪੁਰ, ਗਗਨ ਕੋਟਲਾ, ਮਹਿੰਦਰ ਦੇਹਰੀਵਾਲ ਆਦਿ ਮੌਜੂਦ ਸਨ |