ਭਾਜਪਾ ਦੀ ਨਫਰਤ ਦੀ ਸਿਆਸਤ ਨੂੰ ਦਿੱਲੀ ਵਾਸੀਆਂ ਨੇ ਨਕਾਰਿਆ : ਭਗਵੰਤ ਮਾਨ
Thursday, Dec 08, 2022 - 01:29 PM (IST)

ਜਲੰਧਰ (ਧਵਨ): ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਦਿੱਲੀ ’ਚ ਐੱਮ.ਸੀ.ਡੀ. ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਵਾਸੀਆਂ ਨੇ ਭਾਜਪਾ ਦੀ ਨਫ਼ਰਤ ਦੀ ਸਿਆਸਤ ਨੂੰ ਨਕਾਰ ਦਿੱਤਾ ਹੈ। ਮੁੱਖ ਮੰਤਰੀ ਨੇ ਐੱਮ.ਸੀ.ਡੀ. ਦੇ ਨਤੀਜਿਆਂ ਤੋਂ ਬਾਅਦ ਕਿਹਾ ਕਿ ਭਾਜਪਾ ਹੁਣ ਤਕ ਦੇਸ਼ ’ਚ ਨਫ਼ਰਤ ਦੀ ਸਿਆਸਤ ਚਲਾਉਂਦੀ ਰਹੀ ਹੈ ਅਤੇ ਉਸ ਨੇ ਇਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਹੁਣ ਅਜਿਹੀ ਸਿਆਸਤ ਨੂੰ ਪਸੰਦ ਨਹੀਂ ਕਰਦੀ। ਲੋਕ ਹੁਣ ਦੇਸ਼ ਵਿਚ ਈਮਾਨਦਾਰੀ ਦੀ ਸਿਆਸਤ ਨੂੰ ਤਰਜੀਹ ਦਿੰਦੇ ਹਨ। ਹੁਣ ਤਕ ਰਵਾਇਤੀ ਪਾਰਟੀਆਂ ਭਾਜਪਾ ਤੇ ਕਾਂਗਰਸ ਨੇ ਆਪਸ ਵਿਚ ਲੜ ਕੇ ਆਪਣੇ ਹਿੱਤ ’ਚ ਯਤਨ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ 15 ਸਾਲਾਂ ਬਾਅਦ ਐੱਮ.ਸੀ.ਡੀ. ’ਚ ਭਾਜਪਾ ਦਾ ਗੜ੍ਹ ਟੁੱਟ ਗਿਆ ਹੈ। ਹੁਣ ਦਿੱਲੀ ’ਚ ਉਪਰਲੇ ਤੇ ਹੇਠਲੇ ਪੱਧਰ ’ਤੇ ਆਮ ਆਦਮੀ ਪਾਰਟੀ ਦੇ ਹੱਥਾਂ ’ਚ ਤਾਕਤ ਆ ਗਈ ਹੈ ਅਤੇ ਇਸ ਨਾਲ ਜ਼ਮੀਨੀ ਪੱਧਰ ’ਤੇ ਦਿੱਲੀ ਨੂੰ ਸੁਧਾਰਨ ’ਚ ਮਦਦ ਮਿਲੇਗੀ ਕਿਉਂਕਿ ਦਿੱਲੀ ਵਿਚ ਜਿੱਥੇ ਇਕ ਪਾਸੇ ਸਰਕਾਰ ਅਰਵਿੰਦ ਕੇਜਰੀਵਾਲ ਦੇ ਹੱਥਾਂ ’ਚ ਰਹੇਗੀ, ਉੱਥੇ ਹੀ ਹੇਠਲੇ ਪੱਧਰ ’ਤੇ ਐੱਮ ਸੀ.ਡੀ. ਦੀ ਵਾਗਡੋਰ ਵੀ ਆਮ ਆਦਮੀ ਪਾਰਟੀ ਦੇ ਹੱਥਾਂ ’ਚ ਰਹੇਗੀ।
ਇਹ ਵੀ ਪੜ੍ਹੋ : ਜਲਾਲਾਬਾਦ ''ਚ ਨਜ਼ਰ ਆਇਆ ਪਾਕਿ ਡਰੋਨ, BSF ਤੇ ਪੁਲਸ ਨੇ ਚਲਾਈ ਤਲਾਸ਼ੀ ਮੁਹਿੰਮ
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਗੁਜਰਾਤ ਵਿਚ ਐਗਜ਼ਿਟ ਪੋਲ ਦੇ ਨਤੀਜੇ ਭਾਜਪਾ ਦੇ ਹੱਕ ਵਿਚ ਸਰਕਾਰ ਬਣਾਉਣ ਦੀ ਗੱਲ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਇਨ੍ਹਾਂ ਨਤੀਜਿਆਂ ’ਤੇ ਭਰੋਸਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲਜ਼ ਹਮੇਸ਼ਾ ਕੇਂਦਰ ਸਰਕਾਰ ਦੇ ਦਬਾਅ ਹੇਠ ਦਿਖਾਏ ਜਾਂਦੇ ਰਹੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਵੀ ਪੰਜਾਬ ਵਿਚ ਅਜਿਹਾ ਹੀ ਹੋਇਆ ਸੀ ਪਰ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਅਤੇ ਇਸ ਨੇ ਰਿਕਾਰਡ 92 ਸੀਟਾਂ ਜਿੱਤੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ ਗੁਜਰਾਤ ਵਿਚ ਚੰਗਾ ਕੰਮ ਕੀਤਾ ਹੈ ਅਤੇ ਲੋਕਾਂ ਦਾ ਝੁਕਾਅ ਵੀ ਪਾਰਟੀ ਵੱਲ ਦੇਖਣ ਨੂੰ ਮਿਲਿਆ ਹੈ। ਗੁਜਰਾਤ ਵਿਚ ਆਮ ਆਦਮੀ ਪਾਰਟੀ ਨੂੰ ਚੰਗੀਆਂ ਸੀਟਾਂ ਮਿਲਣਗੀਆਂ ਅਤੇ ਐਗਜ਼ਿਟ ਪੋਲ ਦੇ ਨਤੀਜੇ ਗਲਤ ਸਾਬਤ ਹੋਣਗੇ।
ਇਹ ਵੀ ਪੜ੍ਹੋ : Drink and Drive ਕਰਨ ਵਾਲਿਆਂ ਨੂੰ ਲੱਗੇਗਾ ਜ਼ੁਰਮਾਨਾ ਤੇ 3 ਮਹੀਨਿਆਂ ਲਈ ਲਾਇਸੈਂਸ ਵੀ ਕੀਤਾ ਜਾਵੇਗਾ ਸਸਪੈਂਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।