ਐੱਨ. ਐੱਚ. ਏ. ਆਈ. ਨੂੰ ਸੌਂਪੀ ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਦੀ ਜ਼ਮੀਨ, ਜਲਦ ਸ਼ੁਰੂ ਹੋਵੇਗਾ ਨਿਰਮਾਣ

Sunday, Aug 28, 2022 - 03:00 PM (IST)

ਐੱਨ. ਐੱਚ. ਏ. ਆਈ. ਨੂੰ ਸੌਂਪੀ ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਦੀ ਜ਼ਮੀਨ, ਜਲਦ ਸ਼ੁਰੂ ਹੋਵੇਗਾ ਨਿਰਮਾਣ

ਜਲੰਧਰ (ਚੋਪੜਾ)– ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਐੱਨ. ਐੱਚ. ਏ. ਆਈ. ਮੁਖੀ ਅਲਕਾ ਉਪਾਧਿਆਏ ਅਤੇ ਮੁੱਖ ਸਕੱਤਰ ਵੀ. ਕੇ. ਜੰਜੂਆ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਵੱਖ-ਵੱਖ ਹਾਈਵੇ ਪ੍ਰਾਜੈਕਟਾਂ ਦੀ ਤਰੱਕੀ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਵਿਚ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਅਧੀਨ ਜਲੰਧਰ ਜ਼ਿਲ੍ਹੇ ਵਿਚ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਨੂੰ 100 ਫ਼ੀਸਦੀ ਪੂਰਾ ਕਰ ਲਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬੰਧਤ ਜ਼ਮੀਨ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਸਪੁਰਦ ਕੀਤੀ ਜਾ ਚੁੱਕੀ ਹੈ, ਜਦੋਂ ਕਿ ਜਲੰਧਰ ਬਾਈਪਾਸ ਯੋਜਨਾ ਤਹਿਤ ਲਗਭਗ 80 ਫ਼ੀਸਦੀ ਜ਼ਮੀਨ ਦਾ ਕਬਜ਼ਾ ਲਿਆ ਜਾ ਚੁੱਕਾ ਹੈ ਤਾਂ ਕਿ ਰਾਸ਼ਟਰੀ ਮਹੱਤਵ ਵਾਲੇ ਪ੍ਰਾਜੈਕਟ ਦੇ ਜਲਦ ਨਿਰਮਾਣ ਦਾ ਰਾਹ ਸਾਫ ਹੋ ਸਕੇ।

ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਅਧੀਨ ਕਬਜ਼ੇ ਵਿਚ ਲਈ ਗਈ 100 ਫੀਸਦੀ ਜ਼ਮੀਨ ਵਿਚ ਜਲੰਧਰ-2, ਫਿਲੌਰ ਅਤੇ ਨਕੋਦਰ ਦੀ ਜ਼ਮੀਨ ਸ਼ਾਮਲ ਹੈ, ਜਦੋਂ ਕਿ ਐੱਨ. ਐੱਚ. 70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਯੋਜਨਾ ਅਧੀਨ 100 ਫ਼ੀਸਦੀ ਜ਼ਮੀਨ ਦਾ ਕਬਜ਼ਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਬਾਈਪਾਸ ਤਹਿਤ ਲਗਭਗ 80 ਫ਼ੀਸਦੀ ਜ਼ਮੀਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅੰਮ੍ਰਿਤਸਰ-ਬਠਿੰਡਾ ਗਰੀਨ-ਫੀਲਡ ਬਾਈਪਾਸ ਲਈ ਕਬਜ਼ੇ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: CM ਮਾਨ ਦੀ ਜਲੰਧਰ ਫੇਰੀ ਤੋਂ ਪਹਿਲਾਂ BMC ਚੌਂਕ ’ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਅਲਰਟ ’ਤੇ ਪੁਲਸ

ਉਨ੍ਹਾਂ ਕਿਹਾ ਕਿ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਪ੍ਰਾਜੈਕਟ ਅਧੀਨ ਮਾਲਕਾਂ ਨੂੰ 475.25 ਕਰੋੜ ਰੁਪਏ ਦੀ ਐਵਾਰਡ ਰਾਸ਼ੀ ਵੰਡੀ ਜਾ ਚੁੱਕੀ ਹੈ, ਜਿਸ ਵਿਚ ਐੱਸ. ਡੀ. ਐੱਮ.-2 ਵੱਲੋਂ 256.57 ਕਰੋੜ, ਐੱਸ. ਡੀ. ਐੱਮ. ਫਿਲੌਰ ਵੱਲੋਂ 118.19 ਅਤੇ ਐੱਸ. ਡੀ. ਐੱਮ. ਨਕੋਦਰ ਵੱਲੋਂ 100.49 ਕਰੋੜ ਦੀ ਅਦਾਇਗੀ ਸ਼ਾਮਲ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਜਲੰਧਰ ਬਾਈਪਾਸ ਤਹਿਤ 224 ਕਰੋੜ, ਐੱਨ. ਐੱਚ. 70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਯੋਜਨਾ ਤਹਿਤ 135.37 ਕਰੋੜ ਅਤੇ ਅੰਮ੍ਰਿਤਸਰ-ਬਠਿੰਡਾ ਗਰੀਨ-ਫੀਲਡ ਬਾਈਪਾਸ ਯੋਜਨਾ ਤਹਿਤ ਜ਼ਮੀਨ ਮਾਲਕਾਂ ਨੂੰ 10.5 ਕਰੋੜ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਸ ਦੌਰਾਨ ਕੰਪੀਟੈਂਟ ਅਥਾਰਿਟੀ ਆਫ਼ ਲੈਂਡ ਐਕਿਊਜ਼ੀਸ਼ਨ ਨੂੰ ਪੈਂਡਿੰਗ 3-ਜੀ ਐਵਾਰਡ ਦੀ ਸਬੰਧਤ ਵਿਅਕਤੀਆਂ ਨੂੰ ਵੰਡ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਐੱਸ. ਡੀ. ਐੱਮ. ਜਲੰਧਰ-1 ਡਾ. ਜੈਇੰਦਰ ਸਿੰਘ, ਐੱਸ. ਡੀ. ਐੱਮ. ਜਲੰਧਰ-2 ਬਲਬੀਰ ਰਾਜ ਸਿੰਘ, ਐੱਸ. ਡੀ. ਐੱਮ. ਨਕੋਦਰ ਰਣਦੀਪ ਸਿੰਘ ਹੀਰ ਅਤੇ ਜ਼ਿਲਾ ਰੈਵੇਨਿਊ ਅਧਿਕਾਰੀ ਜਸ਼ਨਜੀਤ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਕੱਲ੍ਹ ਜਲੰਧਰ ਦੇ ਇਨ੍ਹਾਂ ਰੂਟਾਂ 'ਤੇ ਰਹੇਗੀ ਆਵਾਜਾਈ ਦੀ ਪਾਬੰਦੀ, ਜਾਣੋ ਕੀ ਹੈ ਕਾਰਨ


author

shivani attri

Content Editor

Related News