ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ : ਵਿਧਾਇਕ ਇਯਾਲੀ

04/23/2021 5:20:41 PM

ਟਾਂਡਾ ਉੜਮੁੜ (ਜਸਵਿੰਦਰ)-ਗੁਰਦੁਆਰਾ ਤਪ-ਅਸਥਾਨ ਬਾਬਾ ਬਲਵੰਤ ਸਿੰਘ ਜੀ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਵੱਡੇ ਕੇਂਦਰ ਵਜੋਂ ਸਥਾਪਿਤ ਹੋਏ ਹਨ, ਉਥੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਿਹਾ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਮਨਪ੍ਰੀਤ ਸਿੰਘ ਇਯਾਲੀ ਵਿਧਾਇਕ ਅਤੇ ਸਾਬਕਾ ਚੇਅਰਮੈਨ ਨੇ ਤਪ-ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ । ਇਸ ਮੌਕੇ ਵਿਧਾਇਕ ਇਯਾਲੀ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਸਰਵਣ ਕੀਤਾ, ਉਥੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੀ ਅਗਵਾਈ ਹੇਠ ਟਾਂਡਾ ਵਿਖੇ ਚਲਾਏ ਜਾ ਰਹੇ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਦਾ ਦੌਰਾ ਵੀ ਕੀਤਾ । ਇਸ ਮੌਕੇ ਹਸਪਤਾਲ ਪ੍ਰਬੰਧਨ ਵੱਲੋਂ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੀ ਅਗਵਾਈ ਹੇਠ ਸ. ਇਯਾਲੀ ਨੂੰ ਜਿਥੇ ਸਿਰੋਪਾਓ ਭੇਟ ਕੀਤਾ, ਉਥੇ ਉਨ੍ਹਾਂ ਕਿਹਾ ਕਿ ਇਹ ਚੈਰੀਟੇਬਲ ਹਸਪਤਾਲ ਮਨੁੱਖਤਾ ਲਈ ਵਰਦਾਨ ਸਾਬਿਤ ਹੈ, ਜਿਥੋਂ ਹਰ ਰੋਜ਼ ਸੈਂਕੜੇ ਲੋਕ ਇਸ ਦਾ ਲਾਹਾ ਖੱਟ ਕੇ ਸਿਹਤ ਸਹੂਲਤਾਂ ਹਾਸਿਲ ਕਰ ਰਹੇ ਹਨ ।

ਇਸ ਮੌਕੇ ਇਯਾਲੀ ਨੇ ਹਸਪਤਾਲ ਵੱਲੋਂ ਚਲਾਏ ਜਾ ਰਹੇ ਡਾਇਲਸਿਸ, ਆਰਥੋ, ਜਨਰਲ ਸਰਜਰੀ, ਡੈਂਟਲ, ਫਿਜ਼ੀਓਥੈਰੇਪੀ ਆਦਿ ਵਿੰਗਾਂ ਦਾ ਨਿਰੀਖਣ ਵੀ ਕੀਤਾ ਅਤੇ ਹਸਪਤਾਲ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਇਲਾਵਾ ਕਿਸਾਨੀ ਅੰਦੋਲਨ ਦੌਰਾਨ ਹਸਪਤਾਲ ਵੱਲੋਂ ਸਿੰਘੁ ਅਤੇ ਟਿਕਰੀ ਬਾਰਡਰ ’ਤੇ ਜਾ ਕੇ ਸਿਹਤ ਸਹੂਲਤਾਂ ਦੀ ਲੱਖਾਂ ਦੀ ਤਾਦਾਦ ਵਿੱਚ ਵੱਡੀ ਖੇਪ ਪਹੁੰਚਾਉਣ ਲਈ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਹਸਪਤਾਲ ਮੈਨੇਜਮੈਂਟ ਦਾ ਧੰਨਵਾਦ ਕੀਤਾ । ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਸ. ਪ੍ਰਿਤਪਾਲ ਸਿੰਘ ਸੇਖੋਂ, ਰਾਜਵੰਤ ਸਿੰਘ ਸੇਖੋਂ, ਮਨਿੰਦਰ ਸਿੰਘ ਸੇਖੋਂ, ਰਾਜਸੀ ਸਲਾਹਕਾਰ ਮਨੀ, ਸਿਮਰਨ ਸਿੰਘ, ਜੋਰਾਵਰ ਸਿੰਘ ਤੇ ਹੋਰ ਹਾਜ਼ਰ ਸਨ ।


Manoj

Content Editor

Related News