ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

01/27/2020 8:52:03 PM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਬੁੱਲ੍ਹੋਵਾਲ ਅਧੀਨ ਸ਼ਾਮਚੁਰਾਸੀ ਨੇੜੇ ਐਤਵਾਰ ਸ਼ਾਮੀਂ ਬਿਜਲੀ ਦੇ ਖੰਭੇ ਨਾਲ ਟਕਰਾਉਣ 'ਤੇ ਜ਼ਖ਼ਮੀ ਹੋਏ ਫੁੱਲੂ (34) ਪੁੱਤਰ ਸੁਰਿੰਦਰ ਪਾਲ ਨਿਵਾਸੀ ਪਿੰਡ ਫਿਰੋਜ਼ ਰੌਲੀਆਂ ਦੀ ਮੌਤ ਹੋ ਗਈ। ਮ੍ਰਿਤਕ ਕਠਾਰ ਵਿਚ ਹੇਅਰ ਕਟਿੰਗ ਸੈਲੂਨ ਵਿਚ ਕੰਮ ਕਰਦਾ ਸੀ। ਆਸ-ਪਾਸ ਦੇ ਲੋਕ ਉਸ ਨੂੰ ਲੈ ਕੇ ਸਿਵਲ ਹਸਪਤਾਲ ਪੁੱਜੇ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਕਮਰੇ ਦੇ ਬਾਹਰ ਮ੍ਰਿਤਕ ਫੁੱਲੂ ਦੇ ਪਰਿਵਾਰ ਨੇ ਦੱਸਿਆ ਕਿ ਉਹ ਐਤਵਾਰ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ 'ਤੇ ਪਿੰਡ ਪਰਤ ਰਿਹਾ ਸੀ। ਜਦੋਂ ਉਹ ਸ਼ਾਮਚੁਰਾਸੀ ਨਜ਼ਦੀਕ ਪਹੁੰਚਿਆ ਤਾਂ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੌਰਾਨ ਮੋਟਰਸਾਈਕਲ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਬੱਚਿਆਂ ਨੂੰ ਰੋਂਦੇ ਵਿਲਕਦੇ ਛੱਡ ਗਿਆ ਹੈ।
ਸੋਮਵਾਰ ਦੁਪਹਿਰ ਸਮੇਂ ਸਿਵਲ ਹਸਪਤਾਲ 'ਚ ਥਾਣਾ ਬੁੱਲ੍ਹੋਵਾਲ ਅਧੀਨ ਸ਼ਾਮਚੁਰਾਸੀ ਪੁਲਸ ਚੌਕੀ ਵਿਚ ਤਾਇਨਾਤ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਫੁੱਲੂ ਦੀ ਪਤਨੀ ਦੇ ਬਿਆਨਾਂ 'ਤੇ ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।


Bharat Thapa

Content Editor

Related News